ਛੱਪੜਾਂ ਦੀ ਗੰਦਗੀ ਨੇ ਦੂਰ ਕੀਤੇ ਪ੍ਰਵਾਸੀ ਪੰਛੀ

bird forest

ਹੁਣ ਨ੍ਹੀਂ ਦਿਸਦੇ ਛੱਪੜਾਂ ‘ਚ ਟਹਿਲਦੇ ਪੰਛੀ, ਕਰ ਲਿਆ ਝੀਲਾਂ ਵੱਲ ਵਾਸ

ਬਦਬੂ ਨਾਲ ਫੈਲ ਰਹੀਆਂ ਬਿਮਾਰੀਆਂ, ਨਹੀਂ ਹੋ ਰਹੀ ਛੱਪੜਾਂ ਦੀ ਸਫਾਈ

ਫਿਰੋਜ਼ਪੁਰ, (ਸਤਪਾਲ ਥਿੰਦ)। ਪਿੰਡਾਂ ਦੇ ਛੱਪੜਾਂ ‘ਤੇ ਟਹਿਲਦੇ ਵੱਖ-ਵੱਖ ਤਰ੍ਹਾਂ ਦੇ ਪੰਛੀ ਸਵੇਰ ਦੇ ਸਮੇਂ ਇੱਕ ਵੱਖਰਾ ਕੁਦਰਤੀ ਨਜ਼ਾਰਾ ਪੇਸ਼ ਕਰਦੇ (migratory birds) ਪਰ ਬੀਤਦੇ ਸਮੇਂ ਨਾਲ ਇਸ ਕੁਦਤਰੀ ਨਜ਼ਾਰੇ ਦੀਆਂ ਤਸਵੀਰਾਂ ਵੀ ਬਦਲ ਰਹੀਆਂ ਹਨ ਅਤੇ ਹੁਣ ਇਹਨਾਂ ਛੱਪੜਾਂ ਦੁਆਲੇ ਕੂੜੇ ਦੇ ਢੇਰਾਂ ਅਤੇ ਕਲਾਲ ਬੂਟੀ ਦੇ ਬਿਨਾਂ ਦੇਖਣ ਨੂੰ ਕੁਝ ਨਹੀਂ ਮਿਲਦਾ । ਬੀਤਦੇ ਸਮੇਂ ਨਾਲ ਆ ਰਹੇ ਬਦਲਾਵਾਂ ਨੇ ਲੋਕਾਂ ਦੇ ਜੀਵਨ ‘ਚੋਂ ਕਾਫੀ ਕੁਝ ਖੋਹ ਲਿਆ

ਉੱਥੇ ਹੀ ਕਈ ਤਰ੍ਹਾਂ ਦੇ ਪ੍ਰਵਾਸੀ ਪੰਛੀ ਜੋ ਇਹਨਾਂ ਛੱਪੜਾਂ ‘ਚ ਟੁੱਬਕੀਆਂ ਮਾਰਦੇ ਦਿਖਦੇ ਸਨ ਉਹ ਹੀ ਕਿਤੇ ਦੂਰ ਝੀਲ ਕਿਨਾਰਿਆਂ ਵੱਲ ਵਾਸ ਕਰ ਗਏ ਹਨ। ਅਜੇ ਵੀ ਕਈ ਬਰਫੀਲੇ ਦੇਸ਼ਾਂ ‘ਚੋਂ ਹਰ ਸਾਲ Àੁੱਡ ਕੇ ਆਉਂਦੇ ਕਈ ਤਰ੍ਹਾਂ ਦੇ ਪ੍ਰਵਾਸੀ ਪੰਛੀ ਜੋ ਹੁਣ ਝੀਲਾਂ ਦੇ ਸ਼ਿੰਗਾਰ ਬਣਦੇ ਹਨ ਉਹਨਾਂ ‘ਚੋਂ ਕਈ ਜਲ ਪੰਛੀ ਕੁਝ ਵਰ੍ਹੇ ਪਹਿਲਾਂ ਪਿੰਡਾਂ ਦੇ ਛੱਪੜਾਂ ਨੂੰ ਟਿਕਾਣਾ ਬਣਾਉਂਦੇ ਅਤੇ ਇੱਥੇ ਹੀ ਟਹਿਲਦਿਆਂ ਵਾਪਸ ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਸਨ।

ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਡ ਸੁਸਾਇਟੀ ਬੀੜ ਤੋਂ ਗੁਰਪ੍ਰੀਤ ਸਿੰਘ ਸਰਾਂ ਦੇ ਦੱਸਣ ਅਨੁਸਾਰ ਮੱਗ, ਮਰਗਈਆਂ, ਕੁੰਝਾਂ, ਸਰਖਾਬ, ਨਕਟਾ, ਕਰਵਾਕ, ਬਿੰਦੀ ਚੁੰਝ. ਸਪੂਨ ਬਿੱਲ, ਸਾਵੇ ਮੱਗ, ਭੂਰੇ ਮੱਗ, ਨਰੜੀਆਂ, ਸਾਰਸ, ਬੁੱਝ ਆਦਿ ਕਈ ਕਿਸਮਾਂ ਦੇ ਜਲ ਪੰਛੀ ਅਕਤੂਬਰ-ਸਤੰਬਰ ਮਹੀਨੇ ‘ਚ ਪਿੰਡਾਂ ਦੇ ਸਾਫ ਛੱਪੜਾਂ ਨੂੰ ਦੇਖਦਿਆਂ ਆਉਂਦੇ ਅਤੇ ਕੁਝ ਮਹੀਨੇ ਇੱਥੇ ਬਤੀਤ ਕਰਕੇ ਵਾਪਸ Àੁੱਡ ਜਾਂਦੇ ਸਨ ਪਰ ਹੁਣ ਤਾਂ ਪਿੰਡਾਂ ਦੇ ਛੱਪੜਾਂ ਦੇ ਗੰਦ ਭਰੇ ਹਾਲਾਤ ਨੂੰ ਦੇਖ ਲੋਕ ਹੀ ਆਪਣਾ ਘਰ ਦੂਰ ਪਾਉਣ ਦੀ ਸੋਚਦੇ ਹਨ ਤਾਂ ਪੰਛੀਆਂ ਨੇ ਇੱਥੇ ਕੀ ਟਿਕਾਣਾ ਬਣਾਉਣਾ ਹੈ।

ਦੇਖਣ ‘ਚ ਆਇਆ ਕਿ ਅਜੇ ਵੀ ਕਈ ਵਿਰਲੇ ਪਿੰਡ ਹਨ ਜਿਹਨਾਂ ਦੇ ਛੱਪੜਾਂ ‘ਚ ਸਫਾਈ ਦੇਖ ਕੇ ਕਈ ਪ੍ਰਵਾਸੀ ਪੰਛੀ ਉੱਤਰ ਆਉਂਦੇ ਹਨ, ਤਾਰੀਆਂ ਵੀ ਲਗਾਉਂਦੇ ਹਨ ਪਰ ਜ਼ਿਆਦਾਤਰ ਪਿੰਡ ਦੇ ਛੱਪੜ ਕਈ ਸਾਲਾਂ ਤੋਂ ਸਫਾਈ ਲਈ ਤਰਸਦੇ ਹਨ ਅਤੇ ਛੱਪੜਾਂ ਦੀ ਸਫਾਈ ਖੁਣੋਂ ਪਿੰਡਾਂ ਦੀਆਂ ਗਲੀਆਂ ‘ਚ ਪਾਣੀ ਖੜਿਆ ਰਹਿੰਦਾ ਹੈ।

ਸਾਫ ਸੁਥਰਾ ਛੱਪੜ ਰੱਖਦਾ ਸੀ ਪਿੰਡ ਨੂੰ ਵੀ ਤੰਦਰੁਸਤ

ਸਾਫ ਸੁਥਰੇ ਛੱਪੜ ਜਿੱਥੇ ਪਿੰਡ ਦੇ ਤਾਪਮਾਨ ਨੂੰ ਅਨੁਕੂਲ ਰੱਖਣ ਲਈ ਸਹਾਈ ਹੁੰਦੇ ਸਨ ਉੱਥੇ ਕੁਦਰਤੀ ਨਜ਼ਾਰਾ ਦੇਖ ਲੋਕਾਂ ਦੇ ਮਨ ਖੁਸ਼ ਹੋ ਜਾਂਦੇ ਸਨ ਅਤੇ ਲੋਕਾਂ ਦੀ ਸਿਹਤ ਵੀ ਤੰਦਰੁਸਤ ਰਹਿੰਦੀ ਪਰ ਹੁਣ ਪਿੰਡਾਂ ਦੇ ਛੱਪੜਾਂ ਵੱਲੋਂ ਪੰਚਾਇਤਾਂ ਵੱਲੋਂ ਸਾਫ ਸਫਾਈ ਦਾ ਕੋਈ ਧਿਆਨ ਨਾ ਦੇਣ ਕਾਰਨ ਛੱਪੜ ਖੁਦ ਹੀ ਬਿਮਾਰੀ ਦਾ ਘਰ ਬਣਦੇ ਜਾ ਰਹੇ ਹਨ, ਜਿਹਨਾਂ ਤੋਂ ਪਿੰਡ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ।

ਕਈ ਪਿੰਡਾਂ ‘ਚ ਕਰਵਾਇਆ ਗਿਆ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸਿਲਟਿੰਗ ਦਾ ਕੰਮ : ਪੰਚਾਇਤ ਅਫਸਰ

ਪਿੰਡਾਂ ਦੇ ਛੱਪੜਾਂ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੀਤੇ ਸਾਲ ਸਰਕਾਰ ਵੱਲੋਂ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸਿਲਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਜੋ ਕਈ ਪਿੰਡਾਂ ‘ਚ ਕਰਵਾਇਆ ਗਿਆ ਹੈ। ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਸਾਫ ਸਫਾਈ ‘ਚ ਕੋਈ ਜ਼ਿਆਦਾ ਫਰਕ ਨਹੀਂ ਪਿਆ ਤਾਂ ਉਹਨਾਂ ਦੱਸਿਆ ਕਿ ਜੇਕਰ ਪੰਚਾਇਤ ਮਤਾ ਪਾਸ ਕਰਕੇ ਭੇਜੇ ਤਾਂ ਨਰੇਗਾ ਸਕੀਮ ਰਾਹੀਂ ਛੱਪੜ ਸਾਫ ਕਰਵਾ ਦਿੱਤੇ ਜਾਂਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।