ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹਾ ਵਿੱਚ ਸਰੋਂ ਦੀ ਕਟਾਈ ਕਰਨ ਲਈ ਢਿੱਲ ਦਿੱਤੀ

ਸਮੂਹ ਜਿੰਮੀਦਾਰ ਸਰੋਂ ਦੀ ਫਸਲ ਦੀ ਕਟਾਈ ਪਿੰਡ ਦੇ ਖੇਤ ਮਜ਼ਦੂਰਾਂ ਕੋਲੋ ਕਰਵਾਉਣਾ ਯਕੀਨੀ ਬਣਾਉਣਗੇ-ਅਰਵਿੰਦ ਪਾਲ ਸਿੰਘ ਸੰਧੂ

ਫਾਜ਼ਿਲਕਾ, (ਰਜਨੀਸ਼ ਰਵੀ) ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ 19 (ਕੋਰੋਨਾ ਵਾਇਰਸ) ਦੀ ਰੋਕਥਾਮ ਲਈ 31 ਮਾਰਚ 2020 ਤੱਕ ਕਰਫਿਊ ਦੇ ਦਿੱਤੇ ਆਦੇਸ਼ਾਂ ਤਹਿਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਫ਼ਾਜਿਲਕਾ ਜਿਲੇ੍ਹ ਵਿੱਚ ਇਸ ਸਮੇਂ ਸਰੋਂ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਜਿਸ ਦੀ ਕਟਾਈ ਹੋਣੀ ਬਾਕੀ ਹੈ, ਅਗਰ ਇਸ ਸਮੇਂ ਸਰੋਂ ਦੀ ਕਟਾਈ ਨਹੀਂ ਹੁੰਦੀ ਤਾਂ ਸਰੋਂ ਦੀ ਫਸਲ ਖਰਾਬ ਹੋ ਸਕਦੀ ਹੈ। ਜਿਸ ਨਾਲ ਜਿੰਮੀਦਾਰਾਂ ਦਾ ਵਿੱਤੀ ਨੁਕਸਾਨ ਹੋਵੇਗਾ। ਉਨ੍ਹਾਂ ਸਰੋਂ ਦੀ ਫਸਲ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਫ਼ਾਜ਼ਿਲਕਾ ਜ਼ਿਲੇ੍ਹ ਵਿੱਚ ਸਰੋਂ ਦੀ ਕਟਾਈ ਕਰਨ ਲਈ ਢਿੱਲ ਦਿੱਤੀ ਹੈ ਤਾਂ ਜੋ ਸਰੋਂ ਦੀ ਫਸਲ ਦੀ ਸਾਂਭ-ਸੰਭਾਲ ਹੋ ਸਕੇ।

ਉਨ੍ਹਾਂ ਹੁਕਮ ’ਚ ਫ਼ਾਜ਼ਿਲਕਾ ਜ਼ਿਲੇ੍ਹ ਦੇ ਸਮੂਹ ਜਿੰਮੀਦਾਰਾਂ ਨੂੰ ਹਦਾਇਤ ਕੀਤੀ ਕਿ ਸਰੋਂ ਦੀ ਫਸਲ ਦੀ ਕਟਾਈ ਪਿੰਡ ਦੇ ਖੇਤ ਮਜ਼ਦੂਰਾਂ ਕੋਲੋ ਹੀ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸਮੂਹ ਜਿੰਮੀਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਸਰੋਂ ਦੀ ਕਟਾਈ ਸਮੇਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰੇਕ ਖੇਤ ਮਜਦੂਰ ਆਪਸ ਵਿੱਚ ਸਮਾਜਿਕ ਦੂਰੀ ਬਣਾਈ ਰੱਖੇਗਾ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿਸੇ ਵੀ ਜਿੰਮੀਦਾਰ/ਖੇਤ ਮਜਦੂਰ ਵੱਲੋਂ ਆਦੇਸ਼ਾਂ ਦੀ ਉਲੰਘਣਾ ਨਾ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।