ਘਨੌਰ ਦੇ ਪਿੰਡ ਰਾਮਨਗਰ ਸੈਣੀਆਂ ਦਾ ਨੌਜਵਾਨ ਕੋਰੋਨਾ ਪਾਜ਼ਿਟਿਵ, ਪਿੰਡ ਚਾਰੇ ਪਾਸਿਓਂ ਸੀਲ

ਡਿਪਟੀ ਕਮਿਸ਼ਨਰ, ਐਸ.ਐਸ.ਪੀ. ਤੇ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਦਾ ਦੌਰਾ , ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਹਦਾਇਤ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਹਲਕਾ ਘਨੌਰ ਦੇ ਪਿੰਡ ਰਾਮਨਗਰ ਸੈਣੀਆਂ ਦਾ 21 ਸਾਲਾ ਨੌਜਵਾਨ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਭਾਜੜ ਮੱਚ ਗਈ। ਪਟਿਆਲਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਿੰਡ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਅੰਦਰ ਪਾਜਿਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਵੀ ਡਰ ਦਾ ਮਹੌਲ ਬਣ ਗਿਆ ਹੈ।

ਜਾਣਕਾਰੀ ਮੁਤਾਬਿਕ ਰਾਮਨਗਰ ਸੈਣੀਆਂ ਘਨੌਰ ਹਲਕੇ ਦਾ ਹਰਿਆਣਾ ਦੇ ਅੰਬਾਲਾ ਨੇੜਲਾ ਪਿੰਡ ਹੈ। ਇੱਥੋਂ ਦਾ 21 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ 19 ਮਾਰਚ ਨੂੰ ਨੇਪਾਲ ਤੋਂ ਪਰਤਿਆ ਸੀ। ਇਸ ਤੋਂ ਬਾਅਦ ਇਸ ਨੂੰ ਖੰਘ, ਬੁਖਾਰ ਆਦਿ ਦੀ ਸ਼ਿਕਾਇਤ ਹੋਈ ਅਤੇ ਪਰਿਵਾਰਕ ਮੈਂਬਰਾਂ ਵੱਲੋਂ 26 ਮਾਰਚ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।  ਜਿੱਥੇ ਇਸ ਦਾ ਕੋਰੋਨਾ ਵਾਇਰਸ ਸਬੰਧੀ ਕੀਤਾ ਗਿਆ ਟੈਸਟ ਪਾਜ਼ਿਟਿਵ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰਾ ਪ੍ਰਸ਼ਾਸਨ ਇਸ ਪਿੰਡ ਵੱਲ ਦੌੜ ਗਿਆ ਅਤੇ ਪਿੰਡ ਨੂੰ ਹਰ ਪਾਸੇ ਤੋਂ ਸੀਲ ਕਰ ਦਿੱਤਾ ਗਿਆ।

ਸਿਹਤ ਵਿਭਾਗ ਨੇ ਇਸ ਨੌਵਜਾਨ ਦੇ 14 ਪਰਿਵਾਰਕ ਮੈਂਬਰਾਂ ਨੂੰ ਇਹਤਿਆਤ ਵਜੋਂ ਆਈਸੋਲੇਟ ਕਰਨ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਇਸ ਤੋਂ ਇਲਾਵਾ ਇਸ ਨੌਜਵਾਨ ਦੇ ਸੰਪਰਕ ਵਿੱਚ ਆਏ ਪਿੰਡ ਦੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਲਈ ਪ੍ਰਸ਼ਾਸਨ ਵੱਲੋਂ ਅਨਾਊਸਮੈਂਟ ਕਰਵਾਈ ਗਈ ਹੈ।

ਜ਼ਿਲ੍ਹੇ ਦਾ ਇਹ ਪਹਿਲਾ ਪਾਜ਼ਿਟਿਵ ਕੇਸ਼ ਆਉਣ ਕਾਰਨ ਪਿੰਡ ਸਮੇਤ ਆਲੇ ਦੁਆਲੇ ਦੇ ਇਲਾਕੇ ਵਿੱਚ ਵੀ ਡਰ ਫੈਲ ਗਿਆ ਹੈ।
ਇੱਧਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਤੇ ਐਸ.ਡੀ.ਐਮ. ਰਾਜਪੁਰਾ ਟੀ. ਬੈਨਿਥ ਨੇ ਸਿਹਤ ਵਿਭਾਗ ਦੀ ਟੀਮ ਨਾਲ ਇਸ ਪਿੰਡ ਦਾ ਦੌਰਾ ਕੀਤਾ ਅਤੇ ਇੱਥੇ ਸਥਿਤੀ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਕਿਹਾ ਕਿ ਪਿੰਡ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੇ ਸੰਪਰਕ ਵਿੱਚ ਆਏ ਸਾਰੇ ਪਿੰਡ ਵਾਸੀ ਤੇ ਹੋਰ ਰਿਸ਼ਤੇਦਾਰ, ਖੁੱਲ੍ਹਕੇ ਸਾਹਮਣੇ ਆਉਣ ਅਤੇ ਸਿਹਤ ਵਿਭਾਗ ਨੂੰ ਬੇਝਿੱਜਕ  ਜਾਣਕਾਰੀ ਦੇਣ ਤਾਂ ਕਿ ਕੋਰੋਨਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਪਿੰਡ ਅੰਦਰ ਪੁਲਿਸ ਟੀਮਾਂ ਤਾਇਨਾਤ ਕਰਦਿਆਂ ਪਿੰਡ ਦੀ ਨਾਕਾਬੰਦੀ ਕਰਕੇ ਪਿੰਡ ਵਿੱਚੋਂ ਕਿਸੇ ਨੂੰ ਬਾਹਰ ਨਾ ਜਾਣ ਅਤੇ ਕਿਸੇ ਨੂੰ ਵੀ ਪਿੰਡ ਵਿੱਚ ਨਾ ਆਉਣ ਦੇਣ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ।

ਪਿੰਡ ‘ਚ ਸਿਹਤ ਵਿਭਾਗ ਦੀਆਂ 5 ਸਰਵੇ ਟੀਮਾਂ ਤੈਨਾਤ

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਵਿੱਚ ਸਿਹਤ ਵਿਭਾਗ ਦੀਆਂ 5 ਸਰਵੇ ਟੀਮਾਂ ਨੇ ਇਕੱਲੇ-ਇਕੱਲੇ ਪਿੰਡ ਵਾਸੀ ਦੀ ਸਿਹਤ ਸਬੰਧੀ ਅੰਕੜੇ ਇਕੱਤਰ ਕੀਤੇ ਹਨ। ਪਿੰਡ ‘ਚ ਦੋ ਮੈਡੀਕਲ ਟੀਮਾਂ ਤਾਇਨਾਤ ਕਰਨ ਸਮੇਤ ਸਰਵੇਲੈਂਸ ਟੀਮਾਂ ਵੀ ਲਗਾਈਆਂ ਹਨ ਅਤੇ ਪਿੰਡ ਵਿੱਚ ਰੋਗਾਣੂ ਨਾਸ਼ਕ ਸਪਰੇਅ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।