ਚੰਡੀਗੜ ਵਿਖੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ, ਹਾਈ ਕੋਰਟ ਵੱਲੋਂ ਪਟੀਸ਼ਨ ਖ਼ਾਰਜ

ਇੱਕ ਘੰਟਾ ਚੱਲੀ ਸੁਣਵਾਈ, ਸ਼ਾਮ 4 ਵਜੇ ਸੁਣਾਇਆ ਗਿਆ ਹਾਈ ਕੋਰਟ ਵੱਲੋਂ ਫੈਸਲਾ

ਚੰਡੀਗੜ, (ਅਸ਼ਵਨੀ ਚਾਵਲਾ) ਚੰਡੀਗੜ ਵਿਖੇ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜਰੂਰੀ ਸਾਮਾਨ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ ਅਤੇ ਕਰਫਿਊ ਦੌਰਾਨ ਇਹ ਢਿੱਲ ਅਗਲੇ ਦਿਨਾਂ ਦੌਰਾਨ ਵੀ ਲਗਾਤਾਰ ਜਾਰੀ ਰਹੇਗੀ। ਇਸ ਢਿੱਲ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੁੱਜੀ ਪਟੀਸ਼ਨ ਨੂੰ ਹੀ ਖ਼ਾਰਜ ਕਰ ਦਿੱਤਾ ਗਿਆ ਹੈ, ਕਿਉਂਕਿ ਹਾਈ ਕੋਰਟ, ਚੰਡੀਗੜ ਪ੍ਰਸ਼ਾਸਨ ਦੇ ਤਰਕ ਨਾਲ ਸਹਿਮਤ ਸੀ ਕਿ ਆਮ ਲੋਕਾਂ ਨੂੰ ਸਾਮਾਨ ਪਹੁੰਚਾਉਣਾ ਜਰੂਰੀ ਹੈ ਪਰ ਹਾਈ ਕੋਰਟ ਵੱਲੋਂ ਚੰਡੀਗੜ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਜਰੂਰੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਲਈ ਵੀ ਕਿਹਾ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੀਨੀਅਰ ਵਕੀਲ ਡੀ.ਐਸ. ਪਟਵਾਲੀਆ ਵੱਲੋਂ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕਰਦੇ ਹੋਏ ਚੰਡੀਗੜ ਪ੍ਰਸ਼ਾਸਨ ਦੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਕੋਰੋਨਾ ਵਾਇਰਸ ਦੇ ਚਲਦੇ ਲਾਕ ਡਾਊਨ ਅਤੇ ਕਰਫਿਊ ਲਗਾਇਆ ਗਿਆ ਹੈ ਪਰ ਕੋਰੋਨਾ ਵਾਇਰਸ ਨੂੰ ਰੋਕਣ ਲਈ ਜਿਹੜੇ ਨਿਯਮਾਂ ਦਾ ਪਾਲਣ ਹੋਣਾ ਚਾਹੀਦਾ ਹੈ, ਪ੍ਰਸ਼ਾਸਨ ਦੀ ਇਸ ਰਾਹਤ ਨਾਲ ਉਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਹੋ ਸਕਦੀ ਹੈ ਅਤੇ ਲੋਕ ਬਹੁਤ ਹੀ ਘੱਟ ਦੂਰੀ ‘ਤੇ ਰਹਿੰਦੇ ਹੋਏ ਭੀੜ ਵਾਂਗ ਸਾਮਾਨ ਲੈ ਰਹੇ ਹਨ।

ਹਾਈ ਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਦੀ ਅਗਵਾਈ ਵਾਲੀ ਬੈਂਚ ਨੇ 1 ਘੰਟੇ ਤੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਫੈਸਲੇ ਨੂੰ ਰਿਜ਼ਰਵ ਰੱਖ ਲਿਆ ਸੀ। ਇਸ ਦੌਰਾਨ ਚੰਡੀਗੜ ਪ੍ਰਸ਼ਾਸਨ ਦੇ ਵਕੀਲ ਪੰਕਜ ਜੈਨ ਨੇ ਕਿਹਾ ਕਿ ਚੰਡੀਗੜ ‘ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਦਿੱਕਤ ਆ ਰਹੀ ਸੀ। ਆਮ ਲੋਕਾਂ ਤੱਕ ਬੱਸਾਂ ਰਾਹੀਂ ਸਾਮਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਪ੍ਰਸ਼ਾਸਨ ਇਸ ਵਿੱਚ ਕਾਮਯਾਬ ਨਹੀਂ ਹੋਇਆ।

ਇਸ ਦੇ ਨਾਲ ਹੀ ਬਹੁ ਗਿਣਤੀ ਲੋਕਾਂ ਤੱਕ ਜਰੂਰੀ ਸਾਮਾਨ ਪਹੁੰਚ ਹੀ ਨਹੀਂ ਪਾ ਰਿਹਾ ਸੀ। ਜਿਸ ਕਾਰਨ ਹੀ ਕਰਫਿਊ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ। ਇਸ ਨਾਲ ਜਰੂਰੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਸ਼ਾਸਨ ਕਾਰਵਾਈ ਵੀ ਕਰ ਰਿਹਾ ਹੈ ਅਤੇ ਤੈਅ ਦੂਰੀ ਬਣਾ ਕੇ ਹੀ ਸਾਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਸ਼ਾਮ 4 ਵਜੇ ਹਾਈ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਉਂਦੇ ਹੋਏ ਜਨ ਹਿੱਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ ਅਤੇ ਇੱਥੇ ਹੀ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਤੈਅ ਦੂਰੀ ਦੇ ਫ਼ਾਰਮੂਲੇ ਨੂੰ ਲਾਗੂ ਕਰਵਾਉਣ ਲਈ ਕਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।