Sirsa News: ਤਾੜੀਆਂ ਤੇ ਹਾਸਿਆਂ ਦੀ ਅਵਾਜ਼ ’ਚ ਗੂੰਜਿਆ ਅਸਮਾਨ
Sirsa News: ਸਰਸਾ (ਮਹਿੰਦਰ ਪਾਲ)। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦਾ ਸਥਾਪਨਾ ਦਿਵਸ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਭਾਰਤੀਆ ਖੇਲ ਗਾਓਂ ਵਿਖੇੇ ਧੂਮ-ਧਾਮ ਨਾਲ ਮਨਾਇਆ। ਸਥਾਪਨਾ ਦਿਵਸ ਪ੍ਰੋਗਰਾਮ ’ਚ ਦੇਸ਼-ਵਿਦੇਸ਼ ਤੋਂ ਪੁੱਜੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਪੂਜਨੀਕ ਗੁਰੂ ਜੀ ਪਵਿੱਤਰ ਪ੍ਰੇਰਨਾ ਨਾਲ ਅਲੋਪ ਹੋ ਰਹੀਆਂ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦਰਮਿਆਨ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ।
ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨਾਂ ਹੇਠ, ਬਾਂਦਰ ਕਿੱਲਾ, ਪਿੱਠੂ, ਨੀਲੀ ਘੋੜੀ, ਰੁਮਾਲ ਛੂਹ, ਦੌੜ ਵਰਗੀਆਂ ਨਵੇਂ ਰੂਪ ’ਚ ਪੇਂਡੂ ਖੇਡਾਂ ਦੇ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਵਿਚਕਾਰ ਮੁਕਾਬਲੇ ਕਰਵਾਏ ਗਏ। ਸਥਾਪਨਾ ਦਿਵਸ ਮੌਕੇ ਹੋਈਆਂ ਖੇਡਾਂ ’ਚ ਸਭ ਤੋਂ ਰੌਚਕ ਖੇਡਾਂ ’ਚ ਬਾਂਦਰ ਕਿੱਲਾ, ਰੁਮਾਲ ਛੂਹ, ਤੇ ਨੀਲੀ ਘੋੜੀ ਦੇ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਗੱਲ ਰੁਮਾਲ ਛੂਹ ਦੀ ਕਰੀਏ ਤਾਂ ਇਹ ਮੁਕਾਬਲਾ ਪੰਜਾਬ-ਹਰਿਆਣਾ ਵਿਕਚਾਰ ਹੋਇਆ, ਜਿਸ ’ਚ ਪੰਜਾਬ ਦੇ ਜ਼ਰਵਾਨੇ ਖਿਡਾਰੀਆਂ ਨੇ ਪਹਿਲੇ ਹਾਫ਼ ਤੋਂ ਪਹਿਲਾਂ ਹੀ ਲਗਭਗ ਤਿੰਨ ਗੁਣਾ ਅੰਕਾਂ ਦਾ ਫ਼ਰਕ ਪਾ ਦਿੱਤਾ।
ਇਸ ਤੋਂ ਇਲਾਵਾ ਬਾਂਦਰ ਕਿੱਲ੍ਹੇ ਦਾ ਮੁਕਾਬਲਾ ਵੀ ਬਹੁਤ ਹੀ ਮਨੋਰੰਜਨ ਭਰਿਆ ਰਿਹਾ। ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਖੇਡ ਦਰਮਿਆਨ ਜਦੋਂ ਬਾਂਦਰ ਦੇ ਪੋਲੀਆਂ-ਪੋਲੀਆਂ ਚੱਪਲਾਂ ਪੈਂਦੀਆਂ ਸਨ ਤਾਂ ਦਰਸ਼ਕ ਤਾੜੀਆਂ ਦੇ ਨਾਲ-ਨਾਲ ਹੱਸ-ਹੱਸ ਕੇ ਦੂਹਰੇ ਹੋ ਜਾਂਦੇ ਸਨ।
ਜ਼ੋਰ-ਅਜ਼ਮਾਇਸ਼ ਭਰਿਆ ‘ਰੁਮਾਲ ਛੂਹ’ ਮੁਕਾਬਲਾ
‘ਰੁਮਾਲ ਛੂਹ’ ਖੇਡ ਇੱਕ ਪੇਂਡੂ ਵਿਰਸੇ ਨਾਲ ਸਬੰਧਿਤ ਖੇਡ ਹੈ। ਇਸ ’ਚ ਦੋ ਟੀਮਾਂ ਦੇ 10-10 ਖਿਡਾਰੀ ਖੇਡਦੇ ਹਨ ਤੇ ਦੋ-ਦੋ ਖਿਡਾਰੀ ਸਪੇਅਰ ਰੱਖੇ ਜਾਂਦੇ ਹਨ। ਦੋਵੇਂ ਟੀਮਾਂ ਦੇ ਵੱਖ-ਵੱਖ ਪਾਲੇ ਹੁੰਦੇ ਹਨ। ਦੋਵਾਂ ਪਾਲਿਆਂ ਦੇ ਵਿਚਕਾਰਲੇ (ਸੈਂਟਰ ’ਚ) ਇੱਕ ਰੁਮਾਲ ਰੱਖਿਆ ਹੁੰਦਾ ਹੈ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਪੰਚ (ਕੋਚ) ਵੱਲੋਂ ਕਮਾਂਡ ਦਿੱਤੀ ਜਾਂਦੀ ਹੈ ਤਾਂ ਦੋਵਾਂ ਟੀਮਾਂ ਦਾ ਇੱਕ-ਇੱਕ ਖਿਡਾਰੀ ਅੱਗੇ ਵਧਦਾ ਹੈ।
ਜਿਸ ’ਚ ਜਿਸ ਖਿਡਾਰੀ ਨੇ ਰੁਮਾਲ ਛੂਹ ਲਿਆ, ਉਸ ਨੇ ਚੁੱਕ ’ਚ ਆਪਣੇ ਪਾਲੇ ’ਚ ਲਿਜਾਣਾ ਹੁੰਦਾ ਹੈ ਅਤੇ ਦੂਜੇ ਨੇ ਉਸ ਨੂੰ ਪਾਲੇ ਤੱਕ ਜਾਣ ਤੋਂ ਰੋਕਣਾ ਹੁੰਦਾ ਹੈ। ਇਹ ਖੇਡ ਇੰਟਰਟੇਨਮੈਂਟ ਦੇ ਨਾਲ-ਨਾਲ ਹਾਸਿਆਂ ਦਾ ਪਿਟਾਰਾ ਵੀ ਬਣੀ ਰਹੀ। ਮੈਚ ’ਚ ਪੰਜਾਬ ਦੇ ਖਿਡਾਰੀ ਜ਼ਰਵਾਨੇ ਸਨ ਤੇ ਹਰਿਆਣਾ ਟੀਮ ਦੇ ਖਿਡਾਰੀ ਨੂੰ ਚੁੱਕ ਹੀ ਆਪਣੇ ਪਾਲੇ ’ਚ ਲੈ ਜਾਂਦੇ ਸਨ। ਮੁਕਾਬਲੇ ਦੌਰਾਨ ਖਾਸ ਚੀਜ਼ ਵੇਖਣ ਨੂੰ ਮਿਲੀ ਕਿ ਪੰਜਾਬ ਦੇ ਖਿਡਾਰੀ ਰੁਮਾਲ ਚੁੱਕ ਕੇ ਆਪਣੀ ਸ਼ਰਟ ਅੰਦਰ ਪਾ ਲੈਂਦੇ, ਜਾਂ ਦੰਦਾਂ ਹੇਠ ਦੱਬ ਲੈਂਦੇ ਸਨ ਤਾਂ ਕਿ ਉਹ ਵਿਰੋਧੀ ਖਿਡਾਰੀ ਦਾ ਮੁਕਾਬਲਾ ਕਰ ਸਕਣ।
ਨੀਲੀ ਘੋੜੀ ਮੁਕਾਬਲੇ ਨੇ ਲੁੱਟੀ ਦਰਸ਼ਕਾਂ ਦੀ ਵਾਹ-ਵਾਹ
ਪ੍ਰੋਗਰਾਮ ਦਰਮਿਆਨ ਨੀਲੀ ਘੋੜੀ ਦਾ ਮੁਕਾਬਲਾ ਵੀ ਪੰਜਾਬ-ਹਰਿਆਣਾ ਵਿਚਕਾਰ ਹੋਇਆ। ਨੀਲੀ ਘੋੜੀ ਖੇਡ ਵੀ ਪੁਰਾਤਨ ਸਮੇਂ ਦੀ ਰੋਚਕ ਖੇਡ ਹੈ। ਇਸ ’ਚ ਇੱਕ ਟੀਮ ਦੇ ਸੱਤ ਖਿਡਾਰੀ ਹੁੰਦੇ ਹਨ ਤੇ ਟਾਸ ਕੀਤਾ ਜਾਂਦਾ ਹੈ ਤੇ ਆਪਣੇ ਅਨੁਸਾਰ ਖੇਡ ਨੂੰ ਚੁਣਿਆ ਜਾਂਦਾ ਹੈ। ਪਹਿਲੀ ਟੀਮ ਦੇ ਸੱਤ ਖਿਡਾਰੀ ਕਤਾਰ ਬਣਾ ਕੇ ਇੱਕ-ਦੂਜੇ ਦਾ ਸਹਾਰਾ ਬਣ ਕੇ ਅੱਗੇ ਝੁਕਦੇ ਹਨ ਤੇ ਦੂਜੇ ਵਿਰੋਧੀ ਟੀਮ ਦੇ ਸੱਤ ਖਿਡਾਰੀ ਉਨ੍ਹਾਂ ਉੱਪਰ ਛਾਲ ਮਾਰ ਕੇ ਚੜ੍ਹਦੇ ਹਨ ਤੇ ਦੇਖਿਆ ਜਾਂਦਾ ਹੈ ਕਿ ਕੌਣ ਕਿੰਨਾ ਸਮਾਂ ਭਾਰ ਲੈ ਕੇ ਟਿਕਦਾ ਹੈ।
ਹਾਸੇ ਨਾਲ ਭਰੀ ਖੇਡ ’ਚ ਜਦੋਂ ਇੱਕ ਟੀਮ ਦੇ ਮੈਂਬਰ ਅੱਗੇ ਨੂੰ ਝੁਕ ਕੇ ਘੋੜੀ ਦੇ ਅੰਦਾਜ ’ਚ ਖੜ੍ਹੇ ਹੋ ਜਾਂਦੇ ਤਾਂ ਦੂਜੀ ਵਿਰੋਧੀ ਟੀਮ ਦੇ ਮੈਂਬਰ ਉਨ੍ਹਾਂ ’ਤੇ ਬੈਠਣ ਦੀ ਕੋਸ਼ਿਸ਼ ਕਰਦੇ ਤਾਂ ਦਰਸ਼ਕਾਂ ਦੀਆਂ ਤਾੜੀਆਂ ਨਾਲ ਅਸਮਾਨ ਗੂੰਜ ਉੱਠਿਆ, ਕਿਉਂਕਿ ਜਦੋਂ ਇੱਕ ਜ਼ਰਵਾਨਾ ਨੌਜਵਾਨ ਉਨ੍ਹਾਂ ’ਤੇ ਛਾਲ ਮਾਰ ਕੇ ਬੈਠਦਾ ਤਾਂ ਇੰਜ ਜਾਪਦਾ ਜਿਵੇਂ ਇਹ ਸਾਰਿਆਂ ਨੂੰ ਹੀ ਹੇਠਾਂ ਸੁੱਟ ਦੇਵੇਗਾ ਤਾਂ ਦਰਸ਼ਕ ਮਨੋਰੰਜਨ ਦੇ ਨਾਲ-ਨਾਲ ਹੱਸ-ਹੱਸ ਕੇ ਵੀ ਦੂਹਰੇ ਹੁੰਦੇ ਵੇਖੇ ਗਏ ਤੇ ਪੰਜਾਬ ਦੇ ਨੌਜਵਾਨ ਹੂਟਿੰਗ ਕਰਦੇ ਨਜ਼ਰ ਆਏ। ਨੀਲੀ ਘੋੜੀ ਪੇਂਡੂ ਖੇਡ ’ਚ ਵੀ ਹਰਿਆਣਾ ਦੀ ਟੀਮ ਨੇ ਪੰਜਾਬ ਨੂੰ ਪਛਾੜ ਦਿੱਤਾ।














