ਬੈਂਕ ਡਕੈਤੀ ਦਾ ਮਾਮਲਾ ਹੱਲ, ਮੌਜੂਦਾ ਸਰਪੰਚ ਹੀ ਮਾਸਟਰ ਮਾਈਡ

ਐਸਐਸਪੀ ਵਰੁਣ ਸ਼ਰਮਾ ਫੜੇ ਗਏ ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ।

ਸਰਪੰਚ ਖਿਲਾਫ਼ ਵੱਖ-ਵੱਖ ਥਾਣਿਆਂ ’ਚ ਸੱਤ ਮਾਮਲੇ ਦਰਜ਼

  • ਪੁਲਿਸ ਨੇ ਸਰਪੰਚ ਸਮੇਤ ਚਾਰ ਮੁਲਜ਼ਮ ਕੀਤੇ ਕਾਬੂ, 17 ਲੱਖ ਕੈਸ, ਮਾਰੂ ਹਥਿਆਰ ਅਤੇ ਚੋਰੀ ਦੀ ਕਾਰ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਘਨੌਰ ਵਿਖੇ ਯੂਕੋ ਬੈਂਕ ਵਿੱਚੋਂ 17 ਲੱਖ ਦੀ ਡਕੈਤੀ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ਵਿੱਚ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਲੁਟੇਰਿਆਂ ਵਿੱਚ ਪਿੰਡ ਹਾਫਿਜਾਬਾਦ ਦਾ ਮੌਜੂਦਾ ਸਰਪੰਚ ਵੀ ਸ਼ਾਮਲ ਹੈ ਜੋ ਕਿ ਇਸ ਵਾਰਦਾਤ ਦਾ ਮਾਸਟਰ ਮਾਈਡ ਹੈ। ਪੁਲਿਸ ਵੱਲੋਂ ਇਨ੍ਹਾਂ ਕੋਲੋਂ ਬੈਂਕ ’ਚੋਂ ਲੁੱਟੇ 17 ਲੱਖ ਕੈਸ, ਮਾਰੂ ਹਥਿਆਰ ਅਤੇ ਚੋਰੀ ਦੀ ਸਵਿੱਫ਼ਟ ਕਾਰ ਵੀ ਬਰਾਮਦ ਕੀਤੀ ਗਈ ਹੈ।

ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਦਾਤ ਦੇ ਕੁਝ ਸਮੇਂ ਬਾਅਦ ਹੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਤਕਨੀਕੀ ਤਰੀਕੇ ਨਾਲ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਰਾਤ ਨੂੰ ਹੀ ਪੁਲਿਸ ਦੇ ਹੱਥੇ ਚੜ੍ਹ ਗਏ।

ਉਨ੍ਹਾਂ ਦੱਸਿਆ ਕਿ ਅਮਿਤ ਥੰਮਨ ਵਾਸੀ ਸੰਨੀ ਇੰਨਕਲੇਵ ਪਟਿਆਲਾ ਮੈਨੇਜਰ ਯੂ.ਕੋੋ ਬੈਂਕ ਨੇ ਪੁਲਿਸ ਨੂੰ ਦੱਸਿਆ ਕਿ ਅਣਪਛਾਤਾ ਵਿਅਕਤੀ ਜਿਸ ਨੇ ਰੁਮਾਲ ਨਾਲ ਮੂੰਹ ਬੰਨਿਆ ਹੋਇਆ ਸੀ ਬੈਂਕ ਅੰਦਰ ਆ ਕੇ ਕੈਸ਼ ਜਮ੍ਹਾ ਕਰਾਉਣ ਦਾ ਸਮਾਂ ਪੁੱਛਕੇ ਵਾਪਸ ਚਲਾ ਗਿਆ ਅਤੇ 2-3 ਮਿੰਟਾਂ ਬਾਅਦ ਉਹ ਆਪਣੇ ਨਾਲ 2 ਹੋਰ ਅਣਪਛਾਤੇ ਸਾਥੀਆਂ ਸਮੇਤ ਬੈਂਕ ਅੰਦਰ ਦਾਖਲ ਹੋਇਆ ਅਤੇ ਗੰਨ ਪੁਆਇੰਟ ’ਤੇ ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਦੇ ਹੱਥ ਖੜ੍ਹੇ ਕਰਵਾਕੇ ਕੈਸ਼ੀਅਰ ਕੋਲ ਪਈ ਕਰੀਬ 17 ਲੱਖ ਰੁਪਏ ਦੀ ਨਗਦੀ, ਸੀਸੀਟੀਵੀ ਕੈਮਰੇ ਦਾ ਡੀ.ਵੀ.ਆਰ ਅਤੇ ਬੈਕ ਵਿੱਚ ਆਏ ਗਾਹਕ ਨਰੇਸ਼ ਕੁਮਾਰ ਦਾ ਬੈਂਕ ਦੇ ਬਾਹਰ ਖੜ੍ਹਾ ਬੁਲਟ ਮੋਟਰਸਾਇਲ ਲੈ ਕੇ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਮੁਲਜ਼ਮਾਂ ਦੀ ਪੈੜ ਨੱਪਦਿਆਂ ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਜ਼ਿਲ੍ਹਾ ਰੂਪਨਗਰ, ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਜ਼ਿਲ੍ਹਾ ਰੂਪਨਗਰ, ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀ ਬਾਲਸੰਡਾ ਜ਼ਿਲ੍ਹਾ ਰੂਪਨਗਰ ਅਤੇ ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਬਲਰਾਮਪੁਰ ਜ਼ਿਲ੍ਹਾ ਰੂਪਨਗਰ ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋਂ ਗ੍ਰਿਫਤਾਰ ਕੀਤਾ ਹੈ।

17 ਲੱਖ ਦੀ ਰਕਮ ਵੀ ਬਰਾਮਦ

ਜਿੰਨ੍ਹਾਂ ਦੇ ਕਬਜ਼ੇ ਵਿੱਚੋਂ ਯੂ.ਕੋ. ਬੈਂਕ ਘਨੌਰ ਤੋਂ ਲੁੱਟੀ ਹੋਈ 17 ਲੱਖ ਦੀ ਰਕਮ ਅਤੇ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਅਤੇ ਇੱਕ ਰਾਈਫਲ 12 ਬੋਰ 2 ਰੌਂਦ, 2 ਖਪਰੇ ਅਤੇ 1 ਕਿਰਚ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮਾਸਟਰ ਮਾਈਡ ਹਾਫਿਜਾਬਾਦ ਪਿੰਡ ਦਾ ਸਰਪੰਚ ਅਮਨਦੀਪ ਹੈ ਜਿਸ ’ਤੇ ਪਹਿਲਾਂ ਹੀ ਅੱਧੀ ਦਰਜ਼ਨ ਮਾਮਲੇ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਈ ਹੋਰ ਘੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸਰਪੰਚ ਨੇ ਭਾਨਾ ਨਾਲ ਮਿਲਕੇ ਨਵਾਂ ਗੈਂਗ ਕੀਤਾ ਸੀ ਤਿਆਰ

ਪਿੰਡ ਹਾਫਿਜਾਬਾਦ ਦੇ ਮੌਜੂਦਾ ਸਰਪੰਚ ਅਮਨਦੀਪ ਸਿੰਘ ’ਤੇ ਵੱਖ-ਵੱਖ ਥਾਣਿਆਂ ਵਿੱਚ 7 ਮਾਮਲੇ ਦਰਜ਼ ਹਨ। ਦਿਲਪ੍ਰੀਤ ਸਿੰਘ ਭਾਨਾ ਖਿਲਾਫ 3 ਮਾਮਲੇ ਦਰਜ਼ ਹਨ ਜੋ ਕਿ ਸਾਲ 2017-18 ਵਿੱਚ ਰੋਪੜ ਜ਼ੇਲ੍ਹ ਵਿੱਚ ਰਿਹਾ ਅਤੇ ਨਰਿੰਦਰ ਸਿੰਘ ਖਿਲਾਫ ਇੱਕ ਮੁਕੱਦਮਾ ਦਰਜ ਹੈ। ਅਮਨਦੀਪ ਸਿੰਘ ਸਰਪੰਚ ਜੋ ਕਿ ਸੰਘੋਲ ਅਤੇ ਘਨੌਰ ਬੈਂਕ ਡਕੈਤੀ ਦਾ ਮਾਸਟਰ ਮਾਈਡ ਹੈ ਇਸਦੇ 2 ਸਾਥੀਆਂ ਨੂੰ ਕੁਝ ਸਮਾਂ ਪਹਿਲਾਂ ਪੁਲਿਸ ਨੇ ਗਿ੍ਰਫਤਾਰ ਕੀਤਾ ਸੀ ਜਿਸ ਤੋਂ ਬਾਅਦ ਇਸਨੇ ਦਿਲਪ੍ਰੀਤ ਸਿੰਘ ਭਾਨਾ ਨਾਲ ਮਿਲਕੇ ਆਪਣਾ ਨਵਾਂ ਗੈਂਗ ਲੁੱਟਖੋਹ ਕਰਨ ਲਈ ਤਿਆਰ ਕਰ ਲਿਆ ਸੀ।

ਐੱਸਐੱਸਪੀ ਨੇ ਬੈਂਕਾਂ ਨੂੰ ਸਕਿਊਰਟੀ ਗਾਰਡ ਰੱਖਣ ਦੀ ਕੀਤੀ ਅਪੀਲ

ਐੱਸਐੱਸਪੀ ਵਰੁਣ ਸ਼ਰਮਾ ਨੇ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੈਂਕਾਂ ਅੰਦਰ ਪੁਖਤਾ ਤੌਰ ’ਤੇ ਸਕਿਊਰਟੀ ਗਾਰਡਾਂ ਦਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਯੂਕੋ ਬੈਂਕ ਜਿਸ ਵਿੱਚ ਇਹ ਘਟਨਾ ਵਾਪਰੀ ਕੋਈ ਵੀ ਸਕਿਊਰਟੀ ਮੁਲਾਜ਼ਮ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬੈਕਾਂ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਪੱਤਰ ਵੀ ਭੇਜਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ