ਕਾਰ ਸਵਾਰਾਂ ਨੇ ਨਾਕੇ ‘ਤੇ ਡਿਊਟੀ ‘ਤੇ ਤਾਇਨਾਤ ਏਐੱਸਆਈ ਨੂੰ ਕੁਚਲਿਆ

ਕਾਰ ਸਵਾਰਾਂ ਨੇ ਨਾਕੇ ‘ਤੇ ਡਿਊਟੀ ‘ਤੇ ਤਾਇਨਾਤ ਏਐੱਸਆਈ ਨੂੰ ਕੁਚਲਿਆ

ਮੋਗਾ (ਵਿੱਕੀ ਕੁਮਾਰ/ ਭੁਪਿੰਦਰ ਸਿੰਘ) ਕਸਬਾ ਕੋਟ ਈਸੇ ਖਾਂ ਅਧੀਨ ਪੈਂਦੇ ਥਾਣਾ ਫਤਹਿਗੜ੍ਹ ਪੰਚਤੂਰ ਦੇ ਪੁਲਿਸ ਮੁਲਾਜ਼ਮਾਂ ‘ਤੇ ਮੱਖੂ ਰੋਡ ‘ਤੇ ਪਿੰਡ ਕੜਾਹੇ ਆਲਾ ਕੋਲ ਲਾਏ ਨਾਕੇ ਦੌਰਾਨ ਇੱਕ ਤੇਜ ਰਫਤਾਰ ਕਾਰ ਸਵਾਰ ਵਿਅਕਤੀਆਂ ਵੱਲੋਂ ਕਾਰ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਵਿੱਚ ਇੱਕ ਏਐਸਆਈ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜਿਸ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ

ਜਾਣਕਾਰੀ ਅਨੁਸਾਰ ਥਾਣਾ ਫਤਹਿਗੜ੍ਹ ਪੰਚਤੂਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਮੱਖੂ ਰੋਡ ‘ਤੇ ਪਿੰਡ ਕੜਾਹੇ ਆਲਾ ਕੋਲ ਪੁਲਿਸ ਨਾਕਾ ਲਾਇਆ ਹੋਇਆ ਸੀ ਜਿਸਦੀ ਅਗਵਾਈ ਏ.ਐੱਸ.ਆਈ ਸ਼੍ਰੀ ਰਾਮ ਕਰ ਰਹੇ ਸਨ ਇਸ ਦੌਰਾਨ ਮੱਖੂ ਵਾਲੇ ਪਾਸਿਓਂ ਇੱਕ ਤੇਜ ਰਫ਼ਤਾਰ ਸਵਿਫਟ ਡਿਜ਼ਾਇਰ ਗੱਡੀ ਆਈ, ਜਿਸ ਨੂੰ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਪੁੱਛ ਗਿੱਛ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ਗੱਡੀ ਪੁਲਿਸ ਮੁਲਾਜਮਾਂ ‘ਤੇ ਚੜ੍ਹਾ ਦਿੱਤੀ ਤੇ ਗੱਡੀ ਸਵਾਰ ਏ.ਐੱਸ.ਆਈ ਸ਼੍ਰੀ ਰਾਮ ਨੂੰ ਅੱਧਾ ਕਿਲੋਮੀਟਰ ਤੱਕ ਘੜ੍ਹੀਸਦੇ ਹੋਏ ਲੈ ਗਏ ਤੇ ਉਸਤੋਂ ਬਾਅਦ ਫਰਾਰ ਹੋ ਗਏ

ਇਸ ਦੌਰਾਨ  ਪੁਲਿਸ ਮੁਲਾਜ਼ਮਾਂ ਨੇ ਗੱਡੀ ਦਾ ਕੁੱਝ ਦੂਰੀ ਤੱਕ ਪਿੱਛਾ ਵੀ ਕੀਤਾ ਪਰ ਗੱਡੀ ਦਾ ਨੰਬਰ ਕਿਸੇ ਨੇ ਵੀ ਨੋਟ ਨਹੀਂ ਕੀਤਾ ਇਸ ਘਟਨਾ ‘ਚ ਏਐਸਆਈ ਸ਼੍ਰੀ ਰਾਮ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਿਹਨਾਂ ਨੂੰ ਮੋਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ  ਅੱਜ ਇਸ ਸਬੰਧੀ ਡੀ ਐੱਸ ਪੀ ਸੁਬੇਸ਼ ਸਿੰਘ ਨੇ ਕਿਹਾ ਕਿ ਅਸੀਂ ਅਣਪਛਾਤੇ ਨੌਜਵਾਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉੱਥੇ ਨੇੜਲੇ ਸੀ.ਸੀ.ਟੀ.ਵੀ ਕੈਮਰੇ ਦੇਖੇ ਜਾ ਰਹੇ ਹਨ ਅਤੇ ਮੁਲਜਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.