ਸਿਹਤ ਵਿਭਾਗ ਦੀ ਧੱਕੇਸ਼ਾਹੀ ਵਿਰੁੱਧ ਪੰਚਾਇਤਾਂ ਨੇ ਪਾਏ ਮਤੇ

ਧੱਕੇ ਨਾਲ ਕਿਸੇ ਦਾ ਕੋਰੋਨਾ ਟੈਸਟ ਨਹੀਂ ਹੋਣ ਦਵਾਂਗੇ : ਨੁਮਾਇੰਦੇ

ਸ਼ੇਰਪੁਰ (ਰਵੀ ਗੁਰਮਾ) ਕੋਰੋਨਾ ਮਹਾਂਮਾਰੀ ਜਿਸਨੇ ਹਰ ਇੱਕ ਵਿਅਕਤੀ ਦੇ ਮਨ ਵਿੱਚ ਖੌਫ ਪੈਦਾ ਕਰਕੇ ਰੱਖ ਦਿੱਤਾ ਹੈ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਸਿਹਤ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਦੀਆਂ ਨਿੱਤ ਵਾਇਰਲ ਹੋ ਰਹੀਆਂ ਖ਼ਬਰਾਂ ਨੇ ਹਰ ਇੱਕ ਦੇ ਮਨ ਵਿੱਚ ਸਰਕਾਰਾਂ ਦੀ ਨੀਤੀ ਦਾ ਖੁਲਾਸਾ ਉਜਾਗਰ ਕੀਤਾ ਹੈ। ਜਿਸ ਤੋਂ ਬਾਅਦ ਬਲਾਕ ਸ਼ੇਰਪੁਰ ਦੇ ਅਧੀਨ ਪੈਂਦੇ ਬਹੁਗਿਣਤੀ ਪਿੰਡਾਂ ਦੇ ਨੁਮਾਇੰਦਿਆ ਨੇ ਸਿਹਤ ਵਿਭਾਗ ਖ਼ਿਲਾਫ਼ ਡੱਟਦੇ ਹੋਏ ਕੋਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਪਾਏ ਹਨ। ਅੱਜ ਪਿੰਡ ਪੱਤੀ ਖਲੀਲ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ,ਵੱਖ ਵੱਖ ਕਲੱਬਾਂ, ਧਾਰਮਿਕ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਦੀ ਇਕ ਇਕੱਤਰਤਾ ਹੋਈ।

ਜਿਸ ਵਿੱਚ ਵੱਖ ਵੱਖ ਆਗੂਆਂ ਨੇ ਕਰੋਨਾ ਮਾਹਾਮਾਰੀ ਦੇ ਸਬੰਧ ਵਿਚ ਆਪਣੇ – ਆਪਣੇ ਵਿਚਾਰ ਰੱਖੇ। ਜਿਸ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕੋਰੋਨਾ ਸਬੰਧ ਵਿੱਚ ਸਿਹਤ ਵਿਭਾਗ ਦੀ ਕੋਈ ਵੀ ਟੀਮ ਨਗਰ ਵਿੱਚ ਕਿਸੇ ਵੀ ਵਸਨੀਕ ਦੀ ਸਹਿਮਤੀ ਤੋਂ ਬਿਨਾਂ ਟੈਸਟ ਜਾਂ ਇਲਾਜ ਲਈ ਕਹਿੰਦੀ ਹੈ ਤਾਂ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਉਸ ਦਾ ਟੈਸਟ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਪਿੰਡ ਵਿੱਚ ਕੋਈ ਵੀ ਮਰੀਜ਼ ਕੋਰੋਨਾ ਪਾਜ਼ਟਿਵ ਪਾਇਆ ਜਾਂਦਾ ਹੈ ਤਾਂ ਨਗਰ ਵੱਲੋਂ ਉਸ ਨੂੰ ਸਾਂਝੀ ਜਗ੍ਹਾ ਜਾਂ ਉਸ ਦੇ ਘਰ ਵਿੱਚ ਹੀ ਆਪਣੀ ਨਿਗਰਾਨੀ ਹੇਠ ਇਕਾਂਤਵਾਸ ਕੀਤਾ ਜਾਵੇਗਾ।

ਕੋਈ ਵੀ ਵਿਅਕਤੀ ਇਲਾਜ ਕਰਾਉਣ ਤੋਂ ਜੇਕਰ ਅਸਮਰੱਥ ਹੈ ਤਾਂ ਨਗਰ ਵੱਲੋਂ ਸਹਾਇਤਾ ਦੇ ਕੇ ਉਸ ਦਾ ਇਲਾਜ ਆਪਣੇ ਖ਼ਰਚੇ ਉੱਪਰ ਕਰਵਾਇਆ ਜਾਵੇਗਾ। ਇਸ ਮਤੇ ਅਨੁਸਾਰ ਲੋਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਖੁੱਲ੍ਹਾ ਘੁੰਮਣ ਦੀ ਮਨਾਹੀ ਹੋਵੇਗੀ। ਜੇਕਰ ਪਰਿਵਾਰ ਮਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਸਰਕਾਰੀ ਕੋਵਿਡ ਸੈਂਟਰ ਵਿੱਚ ਭੇਜਿਆ ਜਾਵੇਗਾ ਅਤੇ ਨਗਰ ਵੱਲੋਂ ਉਸ ਦਾ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਪਿੰਡ ਰਾਮਨਗਰ ਛੰਨਾ,ਪਿੰਡ ਦੀਦਾਰਗੜ ਵਿਖੇ ਕਰੋਨਾ ਦੇ ਟੈਸਟ ਨਾ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ।

ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਿਸੇ ਵੀ ਪਿੰਡ ਵਾਸੀ ਦਾ ਕਰੋਨਾ ਟੈਸਟ ਨਹੀਂ ਕਰਵਾਇਆਂ ਜਾਵੇਗਾ। ਅਗਰ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਇਲਾਜ ਪਿੰਡ ਵਿੱਚ ਹੀ ਕਰਾਇਆ ਜਾਵੇਗਾ। ਪਿੰਡ ਵਾਸੀਆਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਬੇਨਤੀ ਹੈ ਕਿ ਉਹ ਪਿੰਡ ਵਿੱਚ ਆਉਣ ਦੀ ਖੇਚਲ ਨਾ ਕਰਨ। ਇਸ ਮੌਕੇ ਪੱਤੀ ਖਲੀਲ ਦੇ ਸਰਪੰਚ ਰਣਜੀਤ ਸਿੰਘ ਬਿੱਲੂ, ਚਰਨਜੀਤ ਸਿੰਘ ਗਰੇਵਾਲ, ਅਮਰੀਕ ਸਿੰਘ ਚੀਮਾ, ਭਾਗ ਸਿੰਘ ਜੇ.ਈ, ਤੇਜਿੰਦਰ ਸਿੰਘ ,ਜਸਵਿੰਦਰ ਸਿੰਘ ,ਪਰਮਜੀਤ ਸਿੰਘ, ਪ੍ਰੇਮ ਕੁਮਾਰ ਘਨੌਰੀ ,ਮਨੀਸ਼ ਐੱਲ.ਆਈ.ਸੀ ,ਦਰਸੀ ਗੰਡੇਵਾਲ, ਨਿਰਮਲ ਸਿੰਘ ਔਲਖ, ਸੁਖਦੇਵ ਸਿੰਘ ਔਲਖ , ਦਰਸ਼ਨ ਸਿੰਘ ਧਾਲੀਵਾਲ ,ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.