ਖ਼ਤਮ ਹੋਣ ਕਿਨਾਰੇ ਪਹੁੰਚਿਆ ਟਰੱਕਾਂ ਵਾਲਿਆਂ ਦਾ ਧੰਦਾ

ਖ਼ਤਮ ਹੋਣ ਕਿਨਾਰੇ ਪਹੁੰਚਿਆ ਟਰੱਕਾਂ ਵਾਲਿਆਂ ਦਾ ਧੰਦਾ

‘‘ਜੀ. ਟੀ. ਰੋਡ ’ਤੇ ਦੁਹਾਈਆਂ ਪਾਵੇ, ਯਾਰਾਂ ਦਾ ਟਰੱਕ…’’ ਕਦੇ ਸਮਾਂ ਸੀ ਜਦੋਂ ਆਹ ਗੀਤ ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਵੱਲੋਂ ਗਾਇਆ ਗਿਆ ਅਤੇ ਇਹ ਹਰ ਟਰੱਕ ਵਿੱਚ ਵੱਜਣ ਲੱਗਾ ਤੇ ਬਣਦਾ ਵੀ ਸੀ ਕਿਉਂਕਿ ਉਸ ਸਮੇਂ ਸੱਚਮੁੱਚ ਹੀ ਟਰੱਕ ਜੀ. ਟੀ. ਰੋਡ ’ਤੇ ਦੁਹਾਈਆਂ ਪਾਉਂਦੇ ਸਨ ਪਰ ਸਮੇਂ ਦੇ ਨਾਲ-ਨਾਲ ਸਭ ਕੁੱਝ ਬਦਲ ਗਿਆ ਅੱਜ ਸਮਾਂ ਇਹ ਹੈ ਕਿ ਟਰੱਕ ਓਪਰੇਟਰ ਦੁਹਾਈਆਂ ਪਾਉਣ ਲਈ ਮਜ਼ਬੂਰ ਹਨ, ਕਿਉਂਕਿ ਕੁੱਝ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਕੁਝ ਵਧਦੀ ਮਹਿੰਗਾਈ ਕਾਰਨ ਟਰੱਕ ਟ੍ਰਾਂਸਪੋਰਟ ਦਾ ਧੰਦਾ ਖਤਮ ਹੋਣ ਕਿਨਾਰੇ ਆ ਗਿਆ ਹੈ ਇੱਕ ਇਹੀ ਅਜਿਹਾ ਧੰਦਾ ਹੈ ਜਿਸ ਨਾਲ ਪਤਾ ਨਹੀਂ ਕਿੰਨੇ ਕੁ ਪਰਿਵਾਰ ਜੁੜੇ ਹੁੰਦੇ ਹਨ ਕਿਉਂਕਿ ਟਰੱਕ ਮਾਲਕ, ਡਰਾਈਵਰ, ਲੇਬਰ, ਆੜ੍ਹਤੀਆ, ਮਜ਼ਦੂਰ ਅਤੇ ਪਤਾ ਨਹੀਂ ਹੋਰ ਕਿੰਨੇ ਕੁ ਪਰਿਵਾਰਾਂ ਦਾ ਚੁੱਲ੍ਹਾ ਟਰੱਕਾਂ ਤੋਂ ਚੱਲਦਾ ਹੈ ਪਰ ਇੱਕ ਟਰੱਕ ਵਾਲਾ ਹੀ ਹੈ ਜੋ ਸਭ ਤੋਂ ਵੱਧ ਜ਼ਲੀਲ ਤੇ ਬੇਇੱਜ਼ਤ ਕੀਤਾ ਜਾਂਦਾ ਹੈ

ਟ੍ਰਾਂਸਪੋਰਟ ਤੋਂ ਟਰੱਕ ਭਰਨ ਤੋਂ ਲੈ ਕੇ ਟਰੱਕ ਖਾਲੀ ਹੋਣ ਤੱਕ ਡਰਾਈਵਰ ਆਪਣੇ ਪਰਿਵਾਰ ਨੂੰ ਘਰ ਇਕੱਲਾ ਛੱਡ ਕੇ ਜਾਂਦਾ ਹੈ ਤਾਂ ਪੂਰੇ ਰਸਤੇ ਦੌਰਾਨ ਪਹਿਲਾਂ ਗੱਡੀ ਭਰਨ ਲਈ ਵਪਾਰੀਆਂ ਦੀਆਂ ਮਿੰਨਤਾਂ-ਤਰਲੇ ਕਰਨੇ ਪੈਂਦੇ, ਫਿਰ ਰਸਤੇ ਵਿੱਚ ਖੜ੍ਹੇ ਪੁਲਿਸ ਮੁਲਾਜ਼ਮਾਂ ਅਤੇ ਆਰ. ਟੀ. ਓ. ਅਤੇ ਹੋਰ ਪਤਾ ਨਹੀਂ ਕਿਸ-ਕਿਸ ਦੀਆਂ ਮਿੰਨਤਾਂ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ ਇੱਥੇ ਹੀ ਉਸਦੀ ਪਰੇਸ਼ਾਨੀ ਖਤਮ ਨਹੀਂ ਹੁੰਦੀ, ਟਰੱਕ ਖਾਲੀ ਕਰਨ ਸਮੇਂ ਵੀ ਵਪਾਰੀਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਜੇ ਕਦੇ ਕਿਸੇ ਮਜ਼ਬੂਰੀ ਕਾਰਨ ਟਰੱਕ ਸਮੇਂ ਤੋਂ ਲੇਟ ਹੋ ਜਾਵੇ ਤਾਂ ਕਿਰਾਇਆ ਕੱਟਣ ਦਾ ਡਰ ਜਾਂ ਮਾਲ ਦਾ ਵਜ਼ਨ ਘਟਣ ਦਾ ਕਹਿ ਕੇ ਕਿਰਾਇਆ ਕੱਟਿਆ ਜਾਂਦਾ ਹੈ ਇੱਕ ਟਰੱਕ ਓਪਰੇਟਰ ਨੂੰ ਆਪਣੀ ਹੀ ਮਿਹਨਤ ਦਾ ਕਿਰਾਇਆ ਲੈਣ ਲਈ ਉਸ ਨੂੰ ਭਿਖਾਰੀ ਵਾਂਗ ਦਫਤਰ ਦੇ ਬਾਹਰ ਬਿਠਾਇਆ ਜਾਂਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਕਾਲ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਲਈ ਰਾਸ਼ਨ ਪਹੁੰਚਾਉਣ ਲਈ ਟਰੱਕ ਓਪਰੇਟਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਟਰੱਕ ਚਲਾਇਆ ਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਰਾਸ਼ਨ ਪਹੁੰਚਦਾ ਕੀਤਾ ਪਰ ਅੱਜ ਤੱਕ ਕਿਸੇ ਵੀ ਮਹਿਕਮੇ ਵੱਲੋਂ ਕਿਸੇ ਵੀ ਟਰੱਕ ਓਪਰੇਟਰ ਜਾਂ ਡਰਾਈਵਰ ਨੂੰ ਸਨਮਾਨਿਤ ਨਹੀਂ ਕੀਤਾ ਗਿਆ।

ਦੂਜੇ ਪਾਸੇ ਜੇ ਕੋਰੋਨਾ ਦੌਰਾਨ ਕਿਸੇ ਸਰਕਾਰੀ ਮੁਲਾਜ਼ਮ ਨੇ ਆਪਣੀ ਡਿਊਟੀ ਕੀਤੀ ਤਾਂ ਉਸ ਨੂੰ ਤਨਖਾਹ ਦੇ ਨਾਲ-ਨਾਲ ਸਨਮਾਨ ਤੇ ਤਰੱਕੀ ਵੀ ਦਿੱਤੀ ਗਈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਟਰੱਕਾਂ ਵਾਲਿਆਂ ਵੱਲ ਕੋਈ ਰਹਿਮ ਵਾਲੀ ਨਿਗ੍ਹਾ ਨਹੀਂ ਮਾਰੀ, ਹਾਂ, ਲੁੱਟਣ ਵਾਲੀ ਕੋਈ ਕਸਰ ਨਹੀਂ ਛੱਡੀ ਜੇ ਗੱਲ ਕਰੀਏ ਟਰੱਕਾਂ ਦੇ ਕਾਗਜ਼ਾਂ ਦੀ ਤਾਂ ਉਸਦਾ ਖਰਚਾ ਇੰਨਾ ਜ਼ਿਆਦਾ ਵਧਾ ਦਿੱਤਾ ਹੈ ਕਿ ਛੋਟਾ ਟਰੱਕ ਓਪਰੇਟਰ ਭਰਨ ਤੋਂ ਅਸਮਰੱਥ ਹੈ, ਕਿਉਂਕਿ ਛੋਟਾ ਟਰੱਕ ਓਪਰੇਟਰ ਟਰੱਕ ਨਾਲ ਆਪਣੇ ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਕਰਦਾ ਹੈ

ਮਹਿੰਗਾਈ ਕਾਰਨ ਬੱਚਿਆਂ ਦੀ ਪੜ੍ਹਾਈ, ਘਰ ਦਾ ਰਾਸ਼ਨ, ਘਰ ਜੇ ਕੋਈ ਬਿਮਾਰ ਹੈ ਤਾਂ ਦਵਾਈ-ਬੂਟੀ ਵੀ ਲੈਣੀ ਔਖੀ ਹੋ ਜਾਂਦੀ ਹੈ ਪਿਛਲੇ ਲੰਮੇ ਸਮੇਂ ਤੋਂ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਪਰ ਟਰੱਕਾਂ ਦੇ ਕਿਰਾਏ-ਭਾੜੇ ਨਹੀਂ ਵਧਾਏ ਗਏ। ਮੇਰੀ ਅੱਖੀਂ ਦੇਖਣ ਦੀ ਗੱਲ ਹੈ ਕਿ ਸਾਡੇ ਮਲੋਟ ਦੇ ਪਿਓ-ਪੁੱਤ, ਜੋ ਕਿਸੇ ਟਰੱਕ ਦੇ ਡਰਾਈਵਰ ਸਨ, ਉਨ੍ਹਾਂ ਦੀ ਯੂ. ਪੀ. (ਬਿਹਾਰ) ਦੇ ਕਿਸੇ ਏਰੀਏ ਵਿੱਚ ਮੌਤ ਹੋ ਗਈ, ਤਾਂ ਪਰਿਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਮੰਗਵਾਉਣ ਲਈ ਵੀ ਪੈਸੇ ਲੋਕਾਂ ਤੋਂ ਇਕੱਠੇ ਕਰਨੇ ਪਏ ਤਾਂ ਜਾ ਕੇ ਉਨ੍ਹਾਂ ਨੂੰ ਮਿੱਟੀ ਨਸੀਬ ਹੋਈ ਕੁੱਝ ਵਿਚਾਰਿਆਂ ਨੂੰ ਤਾਂ ਉਹ ਵੀ ਨਸੀਬ ਨਹੀਂ ਹੁੰਦੀ।

ਆਹੀ ਜੇਕਰ ਕਿਸੇ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਦੀ ਮੌਤ ਘਰ ਬੈਠੇ ਵੀ ਹੋ ਜਾਵੇ ਤਾਂ ਵੀ ਉਸਦੇ ਪਰਿਵਾਰ ਨੂੰ ਮੁਆਵਜ਼ਾ, ਘਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਹੋਰ ਪਤਾ ਨਹੀਂ ਕੀ ਕੁਝ ਮਿਲ ਜਾਂਦਾ ਹੈ ਪਰ ਟਰੱਕਾਂ ਵਾਲਿਆਂ ਨਾਲ ਵਿਤਕਰਾ ਹੁੰਦਾ ਹੈ ਕਾਂਗਰਸ ਸਰਕਾਰ ਦੌਰਾਨ ਟਰੱਕ ਯੂਨੀਅਨਾਂ ਭੰਗ ਕਰਕੇ ਛੋਟੇ ਓਪਰੇਟਰਾਂ ਦੀ ਇੱਕ ਤਰ੍ਹਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ। ਵੋਟਾਂ ਦੌਰਾਨ ਟਰੱਕ ਓਪਰੇਟਰਾਂ ਨੂੰ ਇੱਕ ਆਸ ਦੀ ਕਿਰਨ ਦਿਖਾਈ ਕਿ ਨਵੀਂ ਬਦਲਾਅ ਵਾਲੀ ਸਰਕਾਰ ਇਨ੍ਹਾਂ ਦਾ ਹੱਥ ਫੜੇਗੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਪਵਾਂਗੇ ਪਰ ਬੀਤੇ ਦਿਨੀਂ ਬਦਲਾਅ ਲਿਆਉਣ ਵਾਲੀ ਸਰਕਾਰ ਨੇ ਵੀ ਟਰੱਕਾਂ ਵਾਲਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਤੇ ਆਪਣਾ ਫੈਸਲਾ ਵਪਾਰੀ ਵਰਗ ਦੇ ਹੱਕ ਵਿੱਚ ਦੇ ਕੇ 2017 ਵਿੱਚ ਭੰਗ ਹੋਈ ਯੂਨੀਅਨ ਵਾਲਾ ਕਾਨੂੰਨ ਲਾਗੂ ਹੋਣ ਦਾ ਆਦੇਸ਼ ਦੇ ਕੇ ਓਪਰੇਟਰਾਂ ਦੇ ਜ਼ਖ਼ਮਾਂ ’ਤੇ ਲੂਣ ਲਾਉਣ ਵਾਲਾ ਕੰਮ ਕੀਤਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਟਰੱਕਾਂ ਵਾਲਿਆਂ ਦੇ ਹੱਕਾਂ ਵਿੱਚ ਨਾਅਰਾ ਨਹੀਂ ਮਾਰਿਆ ਬਹੁਤੇ ਗਰੀਬ ਓਪਰੇਟਰ ਇਹ ਧੰਦਾ ਬੰਦ ਕਰਕੇ ਭੁੱਖੇ ਮਰਨ ਕਿਨਾਰੇ ਆ ਗਏ ਹਨ। ਸਾਡੇ ਮੌਜ਼ੂਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਹਨ ਕਿ ਨੌਜਵਾਨਾਂ ਦੇ ਹੱਥਾਂ ’ਚੋਂ ਟੀਕੇ ਛੁਡਾ ਕੇ ਰੋਟੀ ਦੇ ਡੱਬੇ ਦੇਵਾਂਗੇ ਪਰ ਹੁਣ ਟਰੱਕ ਯੂਨੀਅਨਾਂ ਭੰਗ ਕਰਕੇ ਪਤਾ ਨਹੀਂ ਕਿੰਨੇ ਟਰੱਕ ਓਪਰੇਟਰ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਸੰਗਰੂਰ ਟਰੱਕ ਯੂਨੀਅਨ ਦੇ ਧਰਨੇ ਦੌਰਾਨ ਕੀਤੇ ਆਪਣੇ ਵਾਦਿਆਂ ਨੂੰ ਯਾਦ ਕਰਦੇ ਹੋਏ ਆਪਣਾ ਯੂਨੀਅਨ ਭੰਗ ਕਰਨ ਦਾ ਆਦੇਸ਼ ਵਾਪਸ ਲੈ ਲਓ ਅਤੇ ਸਮੂਹ ਓਪਰੇਟਰਾਂ ਦੀਆਂ ਅਸੀਸਾਂ ਆਪਣੀ ਝੋਲੀ ਪਾਓ।

ਅੰਤ ਵਿੱਚ ਇੱਕ ਅਪੀਲ ਹੋਰ ਕਰਨੀ ਚਾਹੁੰਦੇ ਹਾਂ ਕਿ ਜਿਵੇਂ ਤੁਸੀਂ ਦੂਜੇ ਲੋਕਾਂ ਦੇ ਕਰਜ਼ੇ ਮੁਆਫ ਜਾਂ ਬਿੱਲ ਮੁਆਫ ਕਰਦੇ ਹੋ, ਉਸੇ ਤਰ੍ਹਾਂ ਜੋ ਗਰੀਬ ਓਪਰੇਟਰ ਹਨ ਇਨ੍ਹਾਂ ਦਾ ਪਿਛਲਾ ਕਾਗਜ਼ਾਂ ਦਾ ਖਰਚਾ ਮੁਆਫ ਕਰਕੇ ਨਵੇਂ ਸਿਰੇ ਤੋਂ ਕਾਗਜ਼ ਬਣਾਉਣ ਵਿੱਚ ਵੀ ਕੋਈ ਰਿਆਇਤ ਕਰੋ ਤਾਂ ਜੋ ਹਰ ਕੋਈ ਆਪਣੀ ਗੱਡੀ ਦੇ ਕਾਗਜ਼ ਪੂਰੇ ਕਰ ਲਵੇ ਇਸ ਨਾਲ ਸਰਕਾਰ ਨੂੰ ਵੀ ਆਮਦਨ ਹੋਵੇਗੀ ਅਤੇ ਗਰੀਬ ਟਰੱਕ ਓਪਰੇਟਰ ਵੀ ਰੋਜ਼ੀ-ਰੋਟੀ ਕਮਾਉਣ ਜੋਗਾ ਹੋ ਜਾਵੇਗਾ।
ਮਲੋਟ
ਮੋ. 80540-49043
ਗੁਰਪਿਆਰ ਸਿੰਘ ਚੌਹਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ