ਜ਼ੇਲ੍ਹ ’ਚ ਮਨਾਈ ਬਰਥਡੇ ਪਾਰਟੀ, 15 ਦਿਨਾਂ ਬਾਅਦ ਹਰਕਤ ’ਚ ਆਇਆ ਜ਼ੇਲ੍ਹ ਪ੍ਰਸ਼ਾਸਨ

Ludhiana Central Jail
ਸੋਸਲ ਮੀਡੀਆ ’ਤੇ ਵਾਇਰਲ ਵੀਡੀਓ ’ਚੋਂ ਲਈ ਗਈ ਤਸਵੀਰ।

ਜ਼ੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਕਮਿਸ਼ਨਰ ਪੁਲਿਸ ਵੱਲੋਂ ਸ਼ੋਸਲ ਮੀਡੀਆ ’ਤੇ ਵਾਇਰਲ ਵੀਡੀਓ ਦੇ ਅਧਾਰ ’ਤੇ 11 ਹਵਾਲਾਤੀਆਂ ’ਤੇ ਕੇਸ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸੈਂਟਰਲ ਜ਼ੇਲ੍ਹ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਜ਼ੇਲ੍ਹ ਅੰਦਰ ਬੰਦ 11 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਵਾਲਾਤੀਆਂ ’ਤੇ ਦੋਸ਼ ਹੈ ਕਿ ਇੰਨਾਂ ਨੇ ਲੰਘੇ ਦਿਨੀਂ ਇੱਕ ਹਵਾਲਾਤੀ ਦੀ ਬਰਥਡੇ ਪਾਰਟੀ ਮਨਾ ਕੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। (Ludhiana Central Jail)

ਜਾਣਕਾਰੀ ਅਨੁਸਾਰ ਹਵਾਲਾਤੀ ਅਰੁਨ ਕੁਮਾਰ ਊਰਫ਼ ਅਨਿੱਲ ਕੁਮਾਰ ਉਰਫ਼ ਮਨੀ ਵਾਸੀ ਪਿੰਡ ਬੱਠੂ (ਹਿਮਾਚਲ ਪ੍ਰਦੇਸ਼) ਜੋ ਇਸ ਸਮੇਂ ਸੈਂਟਰਲ ਜ਼ੇਲ੍ਹ ’ਚ ਬੰਦ ਹੈ, ਦਾ ਜਨਮ ਦਿਨ ਸੀ। ਇਸ ਸਬੰਧੀ ਅਰੁਨ ਕੁਮਾਰ ਸਮੇਤ ਦਰਜ਼ਨ ਦੇ ਕਰੀਬ ਹਵਾਲਾਤੀਆਂ ਵੱਲੋਂ ਜ਼ੇਲ੍ਹ ਅੰਦਰ ਤਕਰੀਬਨ 15 ਦਿਨ ਪਹਿਲਾਂ ਗ੍ਰੈਂਡ ਬਰਥਡੇ ਪਾਰਟੀ ਕੀਤੀ ਗਈ ਸੀ ਜਿਸ ਦੀ ਹਵਾਲਾਤੀਆਂ ਵੱਲੋਂ ਇੱਕ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਵਾਇਰਲ ਕੀਤੀ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ ਹਰਕਤ ’ਚ ਆਏ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਵੱਲੋਂ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਕੋਲ ਮੁਕੱਦਮਾ ਦਰਜ਼ ਕਰਕੇ ਊਸਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ: ਮੋਹਾਲੀ ’ਚ ਹੋਇਆ ਵੱਡਾ ਐਨਕਾਊਂਟਰ

ਜ਼ੇਲ੍ਹ ਅਧਿਕਾਰੀਆਂ ਮੁਤਾਬਕ ਅਰੁਨ ਕੁਮਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗਣ ’ਤੇ ਆਪਣਾ ਟੱਚ ਮੋਬਾਇਲ ਕੰਧ ਵਿੱਚ ਮਾਰ ਕੇ ਤੋੜ ਦਿੱਤਾ ਸੀ। ਜਿਸਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਵਾਇਰਲ ਵੀਡੀਓ ਦੀ ਤਫ਼ਤੀਸ ਦੌਰਾਨ ਜ਼ੇਲ੍ਹ ਅਧਿਕਾਰੀਆਂ ਪਾਸੋਂ ਰਿਪੋਰਟ ਕਰਕੇ ਇਸ ਕੇਸ ਵਿੱਚ ਅਰੁਨ ਕੁਮਾਰ ਤੋਂ ਇਲਾਵਾ ਗੁਰਜੰਟ ਸਿੰਘ ਉਰਫ਼ ਜੰਟਾਂ ਵਾਸੀ ਗੋਬਿੰਦਪੁਰ (ਜਲੰਧਰ), ਕਰਨਜੋਤ ਸਿੰਘ ਉਰਫ਼ ਨੋਨਾ ਵਾਸੀ ਸੁਲਤਾਨਵਿੰਡ (ਅੰਮ੍ਰਿਤਸਰ), ਸਰਬਜੀਤ ਸਿੰਘ ਉਰਫ਼ ਸਾਬੀ ਵਾਸੀ ਮੀਰਪੁਰ ਜੱਟਾਂ (ਐਸਬੀਐਸ ਨਗਰ),

ਸਤਕਾਰ ਸਿੰਘ ਵਾਸੀ ਕੋਟਲਾ ਰਾਏਕੇ (ਮੋਗਾ), ਸੌਰਵ ਕੱਟੂ ਵਾਸੀ ਈਸਾ ਨਗਰੀ ਲੁਧਿਆਣਾ, ਹਰਮਨਦੀਪ ਸਿੰਘ ਊਰਫ਼ ਮਨੀ ਵਾਸੀ ਬੁਆਣੀ (ਲੁਧਿਆਣਾ), ਹਰਵਿੰਦਰ ਸਿੰਘ ਉਰਫ਼ ਭਿੰਦਾ ਵਾਸੀ ਜਲੀਲਪੁਰ (ਫਾਜ਼ਿਲਿਕਾ), ਦੀਦਾਰ ਸਿੰਘ ਉਰਫ਼ ਗੱਗੀ ਵਾਸੀ ਖੇੜਾ (ਹੁਸਿਆਰਪੁਰ), ਸਾਜਨਪ੍ਰੀਤ ਸਿੰਘ ਉਰਫ਼ ਸਾਜਨ ਵਾਸੀ ਪੱਟੀ (ਅੰਮ੍ਰਿਤਸਰ) ਹਵਾਲਾਤੀਆਂ ਤੋਂ ਇਲਾਵਾ ਕੈਦੀ ਸਿਵਮ ਉਰਫ਼ ਮਾਣੀ ਵਾਸੀ ਮਾਡਲ ਟਾਊਨ ਜਲੰਧਰ ਨੂੰ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ। (Ludhiana Central Jail)

ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਵੱਲੋਂ ਮਾਮਲੇ ’ਚ ਹਵਾਲਾਤੀਆਂ/ ਕੈਦੀਆਂ ਖਿਲਾਫ਼ ਤਫ਼ਤੀਸ ਕੀਤੀ ਜਾਵੇਗੀ।ਉਕਤਾਨ ਤੋਂ ਇਲਾਵਾ ਜੇਕਰ ਕਿਸੇ ਹੋਰ ਦਾ ਵੀ ਮਾਮਲੇ ’ਚ ਰੋਲ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜੇਲ੍ਹ ਸੁਪਰਡੈਂਟ ਸ਼ਿਵਰਾਜ ਨੰਦਗੜ ਮੁਤਾਬਕ ਇਹ ਵੀਡੀਓ 15 ਦਿਨ ਪੁਰਾਣੀ

ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਦਰਜ਼ਨ ਤੋਂ ਵੱਧ ਹਵਾਲਾਤੀ ਜਨਮ ਦਿਨ ਦੀ ਪਾਰਟੀ ਮਨਾਉਂਦੇ ਨਜ਼ਰ ਆ ਰਹੇ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਨੰਦਗੜ ਮੁਤਾਬਕ ਇਹ ਵੀਡੀਓ 15 ਦਿਨ ਪੁਰਾਣੀ ਹੈ। ਜਿਸ ਦੇ ਸਬੰਧ ’ਚ ਹਵਾਲਾਤੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।