ਸਰਕਾਰ ਨੇ ਤੈਅ ਕੀਤੀ ਆਖ਼ਰੀ ਤਾਰੀਖ਼, 30 ਨਵੰਬਰ ਤੱਕ ਹੀ ਪੱਕੇ ਹੋ ਸਕਣਗੇ ਅਧਿਆਪਕ

Teachers, Confirmed, Final Date, Fixed Till, November 30

ਪਹਿਲੀ ਦਸੰਬਰ ਚੜ੍ਹਦੇ ਸਾਰ ਹੀ ਕਲਿੱਕ ਨਾ ਕਰਨ ਵਾਲੇ ਅਧਿਆਪਕ ਰਹਿਣਗੇ ਕੱਚੇ

ਅਧਿਆਪਕਾਂ ਦੇ ਧਰਨੇ ਦੇ 49ਵੇਂ ਦਿਨ ਵੀ ਸਰਕਾਰ ਨਹੀਂ ਪਈ ਨਰਮ

ਅਧਿਆਪਕਾਂ ਨੇ ਦਿੱਤੀ 2 ਦਸੰਬਰ ਨੂੰ ਚੱਕਾ ਜਾਮ ਕਰਨ ਧਮਕੀ ਤਾਂ ਸਿੱਖਿਆ ਵਿਭਾਗ ਨੇ ਤੈਅ ਕੀਤੀ ਤਾਰੀਖ

ਅਸ਼ਵਨੀ ਚਾਵਲਾ, ਚੰਡੀਗੜ੍ਹ

ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਨੂੰ ਪੱਕਾ ਕਰਨ ਵਾਲੀ ਸਰਕਾਰ ਨੇ ਹੁਣ ਆਖ਼ਰੀ ਤਾਰੀਕ ਤੈਅ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕੋਈ ਵੀ ਰਮਸਾਂ ਜਾਂ ਫਿਰ ਐਸ.ਐਸ.ਏ. ਦਾ ਅਧਿਆਪਕ ਕਦੇ ਵੀ ਪੱਕਾ ਨਹੀਂ ਹੋ ਸਕੇਗਾ। ਸਿੱਖਿਆ ਵਿਭਾਗ ਨੇ ਇਹਨਾਂ ਅਧਿਆਪਕਾਂ ਨੂੰ ਹੁਣ ਆਖ਼ਰੀ ਮੌਕਾ ਦਿੰਦੇ ਹੋਏ 30 ਨਵੰਬਰ ਰਾਤ 12 ਵਜੇ ਤੱਕ ਦਾ ਸਮਾਂ ਦੇ ਦਿੱਤਾ ਹੈ। ਇਸ ਨਾਲ ਹੀ ਅਪੀਲ ਵੀ ਕੀਤੀ ਹੈ ਕਿ ਜਿਹੜੇ ਅਧਿਆਪਕਾਂ ਨੇ ਹੁਣ ਤੱਕ ਕਲਿੱਕ ਕਰਦੇ ਹੋਏ ਪੱਕੇ ਹੋਣ ਲਈ ਸਹਿਮਤੀ ਨਹੀਂ ਦਿੱਤੀ ਹੈ, ਉਹ ਇਸ ਨੂੰ ਆਖਰੀ ਮੌਕਾ ਸਮਝਦੇ ਹੋਏ ਕਲਿਕ ਕਰਕੇ ਸਿੱਖਿਆ ਵਿਭਾਗ ਵਿੱਚ ਪੱਕੇ ਹੋ ਸਕਦੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੁਝ ਸਾਲਾਂ ਪਹਿਲਾਂ ਰਮਸਾ ਅਤੇ ਐਸ.ਐਸ.ਏ. ਸੁਸਾਇਟੀ ਤਹਿਤ ਲਗਭਗ 14 ਹਜ਼ਾਰ ਤੋਂ ਜਿਆਦਾ ਅਧਿਆਪਕਾਂ ਦੀ ਭਰਤੀ ਕੀਤੀ ਸੀ, ਜਿਨਾਂ ਵਿੱਚੋਂ 6 ਹਜ਼ਾਰ ਤੋਂ ਜਿਆਦਾ ਅਧਿਆਪਕ ਟੈਟ ਪਾਸ ਕਰਦੇ ਹੋਏ ਪਹਿਲਾਂ ਹੀ ਸਿੱਖਿਆ ਵਿਭਾਗ ਵਿੱਚ ਜਾ ਕੇ ਪੱਕੇ ਹੋ ਗਏ ਸਨ ਪਰ ਜਿਹੜੇ ਅਧਿਆਪਕ ਟੈਟ ਦੀ ਪਾਸ ਕਰਨ ਵਿੱਚ ਨਾਕਾਮ ਰਹੇ ਸਨ ਜਾਂ ਫਿਰ ਟੈਸਟ ਦਿੱਤਾ ਹੀ ਨਹੀਂ ਸੀ, ਉਨਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਪੱਕਾ ਕਰਨ ਦਾ ਫੈਸਲਾ ਕਰਦੇ ਹੋਏ 3 ਸਾਲ ਦਾ ਪਰਖ ਕਾਲ ਵੀ ਤੈਅ ਕਰ ਦਿੱਤਾ ਸੀ। ਜਿਸ ਰਾਹੀਂ ਅਗਲੇ 3 ਸਾਲ ਅਧਿਆਪਕਾਂ ਨੂੰ 15 ਹਜ਼ਾਰ 300 ਹੀ ਤਨਖ਼ਾਹ ਮਿਲਣੀ ਸੀ ਪਰ ਅਧਿਆਪਕ 15 ਹਜ਼ਾਰ 300 ਤਨਖ਼ਾਹ ਨਾ ਲੈਣ ‘ਤੇ ਅੜ ਗਏ ਅਤੇ ਪਟਿਆਲਾ ਵਿਖੇ ਪੱਕਾ ਧਰਨਾ ਲਗਾ ਦਿੱਤਾ। ਧਰਨੇ ਦੇ 49 ਦਿਨਾਂ ਬਾਦ ਵੀ ਸਰਕਾਰ ਨਰਮ ਨਹੀਂ ਪਈ

ਅਧਿਆਪਕਾਂ ਦੀ ਇਸ ਮੰਗ ਨੂੰ ਸਰਕਾਰ ਨੇ ਨਾਜਾਇਜ਼ ਕਰਾਰ ਦਿੰਦੇ ਹੋਏ ਇੱਕ ਵਾਰ ਵੀ ਮੀਟਿੰਗ ਤੱਕ ਨਹੀਂ ਕੀਤੀ ਹਾਲਾਂਕਿ 2-3 ਵਾਰ ਮੀਟਿੰਗ ਜਰੂਰ ਤੈਅ ਹੋਈ ਸੀ ਪਰ ਸਰਕਾਰ ਨੇ ਮੌਕੇ ‘ਤੇ ਹੀ ਮੀਟਿੰਗ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਇਨਾਂ ਅਧਿਆਪਕਾਂ ਨੇ ਧਮਕੀ ਦਿੰਦੇ ਹੋਏ 2 ਦਸੰਬਰ ਨੂੰ ਚੱਕਾ ਜਾਮ ਕਰਨ ਦਾ ਸੱਦਾ ਦੇ ਦਿੱਤਾ। ਇਸ ਚੱਕੇ ਜਾਮ ਦੇ ਸੱਦੇ ਤੋਂ ਬਾਅਦ ਸਰਕਾਰ ਨੇ ਸਖ਼ਤ ਰੁਖ ਅਪਣਾਉਂਦਿਆਂ ਹੁਣ 2 ਦਸੰਬਰ ਤੋਂ ਪਹਿਲਾਂ 30 ਨਵੰਬਰ ਰਾਤ 12 ਵਜੇ ਤੱਕ ਦਾ ਸਮਾ ਤੈਅ ਕਰ ਦਿੱਤਾ ਹੈ, ਇਸ ਦੌਰਾਨ ਕਲਿਕ ਕਰਕੇ ਸਹਿਮਤੀ ਦੇਣ ਵਾਲੇ ਅਧਿਆਪਕ ਹੀ ਪੱਕੇ ਹੋਣਗੇ, ਜਦੋਂ ਕਿ ਬਾਕੀ ਕੋਈ ਵੀ ਅਧਿਆਪਕ ਪੱਕਾ ਨਹੀਂ ਹੋ ਪਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।