ਟੈੱਟ ਪਾਸ ਬੇਰੁਜ਼ਗਾਰਾਂ ਘੇਰੀ ਵਿਜੈਇੰਦਰ ਸਿੰਗਲਾ ਦੀ ਕੋਠੀ

Tattooed, Passage, Unemployed, People, Vijayinder Singh, Kothi

ਕੈਬਨਿਟ ਮੰਤਰੀ ਦੀ ਕੋਠੀ ਮੂਹਰੇ ਕੀਤਾ ਰੋਸ ਪ੍ਰਦਰਸ਼ਨ | Vijayinder Singh

ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਵੱਲੋਂ ਅੱਜ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਪਹੁੰਚੇ ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਸੰਦੀਪ ਕੁਮਾਰ ਅਤੇ ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਉਹਨਾਂ ਦੀਆਂ ਮੰਗਾਂ ਕੈਬਨਿਟ ਮੰਤਰੀ ਰਾਹੀਂ ਪੰਜਾਬ ਸਰਕਾਰ ਤੱਕ ਜ਼ੋਰ ਨਾਲ ਰੱਖਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਭਾਰੀ ਮੀਂਹ ਦੇ ਬਾਵਜੂਦ ਸੁਤੰਤਰ ਭਵਨ ਵਿਖੇ ਇਕੱਠੇ ਹੋਣ ਉਪਰੰਤ ਸੰਗਰੂਰ, ਬਰਨਾਲਾ ਅਤੇ ਮਾਨਸਾ ਜਿਲ੍ਹਿਆਂ ਦੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੈਂਟੀਲੇਟਰ ‘ਤੇ, ਹਾਲਤ ਸਥਿਰ

ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਨੌਜਵਾਨ ਸਮਾਜ ਦਾ ਗਤੀਸ਼ੀਲ ਹਿੱਸਾ ਹੁੰਦੇ ਹਨ, ਸਮਾਜ ਦੀ ਤਰੱਕੀ ਨੌਜਵਾਨ ਸ਼ਕਤੀ ‘ਤੇ ਨਿਰਭਰ ਕਰਦੀ ਹੈ, ਪ੍ਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਯੋਗਤਾ ਮੁਤਾਬਿਕ ਹਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀਆਂ ਸਿੱਖਿਆ ਦੇ ਵਪਾਰੀਕਰਨ ਦੀਆਂ ਨੀਤੀਆਂ ਦੀ ਬਦੌਲਤ ਅੱਜ ਪੰਜਾਬ ‘ਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਅਮਰਵੇਲ੍ਹ ਦੀ ਤਰ੍ਹਾਂ ਵਧਦੀ ਹੀ ਜਾ ਰਹੀ। ਉਨ੍ਹਾਂ ਕਿਹਾ ਕਿ ਅੱਜ ਬੀਐੱਡ ਟੈੱਟ ਪਾਸ 50,000 ਬੇਰੁਜ਼ਗਾਰ ਅਧਿਆਪਕਾਂ ਦੀ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ, ਸਗੋਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਂਕਿਆ ਜਾ ਰਿਹਾ ਹੈ।

ਕਿਹਾ, ਚੋਣਾਂ ਵੇਲੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਕੈਪਟਨ ਸਰਕਾਰ

ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਨੌਜਵਾਨ ਨੂੰ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇਗੀ, ਪਰ ਅੱਜ ਸਰਕਾਰ ਆਪਣੇ ਵਾਅਦੇ ਭੱਜ ਚੁੱਕੀ ਹੈ। ਸੂਬਾ ਸੀਨੀਅਰ ਉਪ ਪ੍ਰਧਾਨ ਨਿੱਕਾ ਸਿੰਘ ਸਮਾਉਂ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਨੇ ਜੋ ਪਬਲਿਕ ਸੈਕਟਰ ਦਾ ਭੋਗ ਪਾਉਣ ਦੀਆਂ ਨੀਤੀਆਂ 1991 ਵਿੱਚ ਅਪਣਾਈਆਂ ਹਨ, ਉਨ੍ਹਾਂ ਨੀਤੀਆਂ ਦੀ ਬਦੌਲਤ ਅੱਜ ਪੰਜਾਬ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿੱਚ ਬੇਚੈਨੀ ਦਾ ਸ਼ਿਕਾਰ ਹੋ ਰਹੇ ਹਨ।

ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਆਉਣਾ ਚਾਹੀਦਾ ਹੈ

ਸੂਬਾ ਸਕੱਤਰ ਚੰਦਰ ਗੁਪਤ ਪਟਿਆਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਆਉਣਾ ਚਾਹੀਦਾ ਹੈ। ਟਰੇਡ ਯੂਨੀਅਨ ਆਗੂ ਹਰਭਗਵਾਨ ਭੀਖੀ ਅਤੇ ਗੁਰਪ੍ਰੀਤ ਖੇੜੀ ਨੇ ਕਿਹਾ ਕਿ ਭਰਾਤਰੀ ਜਥੇਬੰਦੀਆਂ ਬੇਰੁਜ਼ਗਾਰ ਅਧਿਆਪਕਾਂ ਦੇ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਇਸ ਘੋਲ ਨੂੰ ਹੋਰ ਵਿਸ਼ਾਲ ਕਰਨਗੀਆਂ। ਇਸ ਮੌਕੇ ਸੂਬਾ ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ, ਗੋਰਖਾ ਸਿੰਘ ਕੋਟੜਾ, ਸੁਖਦੀਪ ਬਠਿੰਡਾ, ਨਵਜੀਵਨ ਸਿੰਘ, ਗੁਰਜੀਤ ਨਾਭਾ, ਹਰਵਿੰਦਰ ਹੋਡਲਾ, ਸੁਖਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

ਇਹ ਨੇ ਮੰਗਾਂ

  • ਸਰਕਾਰੀ ਸਕੂਲਾਂ ‘ਚ ਖਾਲੀ ਅਧਿਆਪਕ ਅਸਾਮੀਆਂ ਰੈਗੂਲਰ ਅਧਾਰ ‘ਤੇ ਭਰੀਆਂ ਜਾਣ
  • ਵੱਖ-ਵੱਖ ਪੋਸਟਾਂ ਲਈ ਫਾਰਮ ਫੀਸ ਘੱਟ ਕੀਤੀ ਜਾਵੇ
  • ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਦਿਨਾਂ ਵਿੱਚ ਪੂਰਾ ਕੀਤਾ ਜਾਵੇ
  • ਨਿੱਜੀਕਰਨ ਦੀ ਨੀਤੀ ਬੰਦ ਕਰਕੇ ਅਧਿਆਪਕਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ
  • ਇੱਕ ਅਧਿਆਪਕ ਤੋ ਸਿਰਫ ਉਸ ਦੇ ਸਬੰਧਿਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, ਤਾਂ ਕਿ ਦੂਸਰੇ ਵਿਸੇ ਦੇ ਅਧਿਆਪਕ ਦਾ ਰੁਜ਼ਗਾਰ ਨਾ ਮਾਰਿਆ ਜਾਵੇ
  • ਅਧਿਆਪਕ ਯੋਗਤਾ ਪ੍ਰੀਖਿਆ ਪਾਸ ਸਾਰੇ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ।