ਸੂਚਨਾ ਨਾ ਦੇਣ ‘ਤੇ ਸੀਨੀਅਰ ਮੈਡੀਕਲ ਅਫ਼ਸਰ ‘ਤੇ ਤਾਣੀ ਰਿਵਾਲਵਰ

 Allegations, Threatening, SMO, Information

ਪਿਉ-ਪੁੱਤ ਸਮੇਤ ਤਿੰਨ ਨਾਮਜ਼ਦ

ਸੰਗਤ ਮੰਡੀ (ਮਨਜੀਤ ਨਰੂਆਣਾ)। ਸਥਾਨਕ ਮੰਡੀ ਸਥਿਤ ਸਿਵਲ ਹਸਪਤਾਲ ‘ਚ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਨਾ ਦੇਣ ‘ਤੇ ਹਸਪਤਾਲ ਦੇ ਹੀ ਇੱਕ ਫੀਲਡ ਵਰਕਰ ਵੱਲੋਂ ਹਸਪਤਾਲ ‘ਚ ਦਾਖਲ ਹੋ ਕੇ ਸੀਨੀਅਰ ਮੈਡੀਕਲ ਅਫ਼ਸਰ ਤੇ ਅਸਿਸਟੈਟ ਕਲਰਕ ‘ਤੇ ਕਥਿਤ ਤੌਰ ‘ਤੇ ਰਿਵਾਲਵਰ ਤਾਣ ਕੇ ਜਿਥੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਉਥੇ ਸਰਕਾਰੀ ਡਿਊਟੀ ‘ਚ ਵੀ ਵਿਘਨ ਪਾਇਆ। ਹਸਪਤਾਲ ਦੇ ਅਸਿਸਟੈਟ ਕਲਰਕ ਵਿਨੋਦ ਕੁਮਾਰ ਨੇ ਦੱਸਿਆ ਕਿ ਮੱਖਣ ਸਿੰਘ ਪੁੱਤਰ ਜੰਗ ਸਿੰਘ ਵਾਸੀ ਮਛਾਣਾ ਵੱਲੋਂ ਬਠਿੰਡਾ ਹਸਪਤਾਲ ‘ਚ ਫੀਲਡ ਵਰਕਰ ਦਰਜ਼ਾ ਚਾਰ ਲੱਗਿਆ ਹੋਇਆ ਹੈ। ਮੱਖਣ ਸਿੰਘ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਡੇਢ ਸਾਲ ਪਹਿਲਾ ਜਾਣਕਾਰੀ ਮੰਗੀ ਗਈ ਸੀ ਪ੍ਰੰਤੂ ਉਸ ਵੱਲੋਂ ਫੀਸ ਨਾ ਭਰਨ ਕਾਰਨ ਜਾਣਕਾਰੀ ਨਹੀਂ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਮੱਖਣ ਸਿੰਘ ਵੱਲੋਂ ਕਮਿਸ਼ਨਰ ਕੋਲ ਸ਼ਕਾਇਤ ਕਰ ਦਿੱਤੀ, ਕਮਿਸ਼ਨਰ ਵੱਲੋਂ ਵੀ ਮੱਖਣ ਸਿੰਘ ਨੂੰ ਫੀਸ ਭਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੱਖਣ ਸਿੰਘ ਆਪਣੇ ਪੁੱਤਰ ਤੇ ਇਕ ਸਟੈਨੋ ਸੁਰਜੀਤ ਸਿੰਘ ਨਾਲ ਹਸਪਤਾਲ ਦੇ ਦਫ਼ਤਰ ‘ਚ ਦਾਖਲ ਹੋ ਗਿਆ ਜਿਥੇ ਪਹਿਲਾਂ ਤੋਂ ਹੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ, ਦਰਜ਼ਾ ਚਾਰ ਕਰਮਚਾਰੀ ਨਵਜੋਤ ਸਿੰਘ ਤੇ ਅਸਿਸਟੈਟ ਕਲਰਕ ਵਿਨੋਦ ਕੁਮਾਰ ਮੌਜੂਦ ਸਨ।

ਮੱਖਣ ਸਿੰਘ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਮੰਗੀ ਪ੍ਰੰਤੂ ਹਸਪਤਾਲ ਪ੍ਰਸਾਸ਼ਨ ਵੱਲੋਂ ਜਾਣਕਾਰੀ ਦੀ ਫੀਸ ਭਰਨ ਲਈ ਕਿਹਾ ਗਿਆ ਪ੍ਰੰਤੂ ਮੱਖਣ ਸਿੰਘ ਤੈਸ਼ ‘ਚ ਆ ਗਿਆ ਤੇ ਉਸ ਨੇ ਰਿਵਾਲਵਰ ਕੱਢ ਕੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਹਸਪਤਾਲ ‘ਚ ਹਫੜਾ-ਤਫ਼ੜੀ ਵਾਲਾ ਮਹੌਲ ਬਣ ਗਿਆ। ਹਸਪਤਾਲ ‘ਚ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਪੁਲਿਸ ਨੂੰ ਸੂਚਨਾ ਮਿਲਣ ‘ਤੇ ਮੱਖਣ ਸਿੰਘ ਤੋਂ ਰਿਵਾਲਵਰ ਖੋਹੀ। ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਦੇ ਬਿਆਨਾਂ ‘ਤੇ ਮੱਖਣ ਸਿੰਘ ਪੁੱਤਰ ਜੰਗ ਸਿੰਘ, ਉਸ ਦੇ ਪੁੱਤਰ ਲਖਵੀਰ ਸਿੰਘ ਵਾਸੀਆਨ ਮਛਾਣਾ ਤੇ ਸਟੈਨੋ ਸੁਰਜੀਤ ਸਿੰਘ ਪੁੱਤਰ ਨਿਧਾਨ ਸਿੰਘ ਵਾਸੀ ਪਾਤੜਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।