ਬਾਲ ਕਹਾਣੀ : ਗਲਤੀ ਦੀ ਸਜ਼ਾ

story, Sentence of Error

ਬਾਲ ਕਹਾਣੀ : ਗਲਤੀ ਦੀ ਸਜ਼ਾ (Sentence of Error)

ਰਾਮੂ ਅਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ-ਦੂਜੇ ਦੇ ਘਰ ਜਾਂਦੇ ਰਹਿੰਦੇ। ਇਸ ਵਾਰ ਸਕੂਲ ਵਿੱਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ ਰਾਜੂ ਨੂੰ ਹੱਥ ਵਿੱਚ ਗੁਲੇਲ ਫੜ ਕੇ ਪੰਛੀਆਂ ’ਤੇ ਨਿਸ਼ਾਨੇ ਲਾਉਂਦਿਆਂ ਵੇਖਿਆ। ਰਾਜੂ ਦੀ ਗੁਲੇਲ ਵਿੱਚੋਂ ਨਿੱਕਲੀ ਇੱਕ ਗੋਲੀ ਰੁੱਖ ’ਤੇ ਬੈਠੀ ਮੈਨਾ ਦੇ ਜਾ ਲੱਗੀ। ਮੈਨਾ ਤੜਫ਼ਦੀ ਹੋਈ ਧਰਤੀ ਉੱਪਰ ਆ ਡਿੱਗੀ ਤੇ ਕੁਝ ਦੇਰ ਬਾਅਦ ਹੀ ਉਹ ਮਰ ਗਈ। (Sentence of Error )

ਉਸਨੂੰ ਵੇਖ ਕੇ ਰਾਜੂ ਹੱਸਿਆ ਤੇ ਬੋਲਿਆ, ‘‘ਵੇਖਿਆ ਮੇਰਾ ਨਿਸ਼ਾਨਾ’’ ਰਾਮੂ ਨੇ ਇਹ ਸਾਰਾ ਦਿ੍ਰਸ਼ ਆਪਣੀਆਂ ਅੱਖਾਂ ਨਾਲ ਵੇਖ ਲਿਆ ਸੀ। ਉਹ ਰਾਜੂ ਦੇ ਕੋਲ ਆ ਕੇ ਬੋਲਿਆ, ‘‘ਦੋਸਤ ਇਹ ਤੂੰ ਕੀ ਕੀਤਾ, ਤੂੰ ਇਨ੍ਹਾਂ ਬੇਕਸੂਰ ਪੰਛੀਆਂ ਨੂੰ ਕਿਉਂ ਮਾਰ ਰਿਹੈਂ, ਇਨ੍ਹਾਂ ਨੇ ਤੇਰਾ ਕੀ ਵਿਗਾੜਿਆ ਹੈ, ਆ ਵੇਖ ਜਿਹੜੀ ਮੈਨਾ ਨੂੰ ਤੂੰ ਹੁਣੇ-ਹੁਣੇ ਮਾਰਿਆ ਹੈ ਇਸ ਵਿਚਾਰੀ ਦੇ ਛੋਟੇ-ਛੋਟੇ ਬੱਚੇ ਇਸਨੂੰ ਘਰ ਉਡੀਕਦੇ ਹੋਣਗੇ।’’ ਰਾਮੂ ਦੀ ਗੱਲ ਸੁਣ ਕੇ ਰਾਜੂ ਉੱਪਰ ਕੋਈ ਅਸਰ ਨਹੀਂ ਹੋਇਆ ਅਤੇ ਉਹ ਚਿੜੀਆਂ ਉੱਪਰ ਨਿਸ਼ਾਨੇ ਲਾਉਣ ਲੱਗ ਪਿਆ।

ਰਾਮੂ ਨੇ ਉਸਨੂੰ ਸਮਝਾਉਂਦਿਆਂ ਆਖਿਆ, ‘‘ਰਾਜੂ ਪੰਛੀ ਸਾਡੇ ਮਿੱਤਰ ਹਨ, ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ, ਤੂੰ ਪੰਛੀਆਂ ਨੂੰ ਐਨਾ ਤੰਗ ਨਾ ਕਰਿਆ ਕਰ ਨਹੀਂ ਤਾਂ ਤੇਰੇ ਅਜਿਹੇ ਬੁਰੇ ਕਰਮਾਂ ਦਾ ਫ਼ਲ ਤੈਨੂੰ ਇੱਕ ਦਿਨ ਜ਼ਰੂਰ ਮਿਲੇਗਾ।’’ ਪਰ ਰਾਜੂ ਸਮਝਣ ਵਾਲਾ ਨਹੀਂ ਸੀ ਉਹ ਪੰਛੀਆਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਉਂਦਾ ਰਿਹਾ। ਰਾਮੂ ਉਸਨੂੰ ਸਮਝਾਉਣ ਤੋਂ ਬਾਅਦ ਆਪਣੇ ਘਰ ਆ ਗਿਆ।

ਗਲਤੀ ਦੀ ਸਜ਼ਾ

ਕਈ ਦਿਨ ਬੀਤ ਗਏ, ਛੁੱਟੀਆਂ ਖਤਮ ਹੋ ਚੁੱਕੀਆਂ ਸਨ ਪਰ ਰਾਜੂ ਨੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ। ਇੱਕ ਦਿਨ ਜਦੋਂ ਰਾਮੂ ਨੇ ਫ਼ੋਨ ਕਰਕੇ ਰਾਜੂ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਰਾਜੂ ਹਸਪਤਾਲ ਵਿੱਚ ਹੈ। ਰਾਮੂ ਰਾਜੂ ਦਾ ਪਤਾ ਲੈਣ ਲਈ ਹਸਪਤਾਲ ਗਿਆ। ਰਾਮੂ ਹਸਪਤਾਲ ਪਹੁੰਚਿਆ ਤਾਂ ਵੇਖਿਆ ਕਿ ਰਾਜੂ ਦਾ ਸਾਰਾ ਸਰੀਰ ਸੁੱਜਿਆ ਹੋਇਆ ਸੀ। ‘‘ਇਹ ਕੀ ਹੋਇਆ?’’ ਰਾਮੂ ਨੇ ਰਾਜੂ ਨੂੰ ਪੁੱਛਿਆ। ਰਾਮੂ ਨੂੰ ਵੇਖਦਿਆਂ ਹੀ ਰਾਜੂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਹ ਕਮਜ਼ੋਰ ਜਿਹੀ ਅਵਾਜ਼ ਨਾਲ ਬੋਲਿਆ, ‘‘ਸੱਚਮੁੱਚ ਰਾਮੂ ਹਰ ਗਲਤੀ ਦੀ ਸਜ਼ਾ ਜਰੂਰ ਮਿਲਦੀ ਹੈ, ਜੇ ਮੈਂ ਤੇਰਾ ਕਹਿਣਾ ਉਸੇ ਦਿਨ ਮੰਨ ਲੈਂਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ।’’ ‘‘ਆਖਿਰ ਹੋਇਆ ਕੀ?’’ ਰਾਮੂ ਨੇ ਪੁੱਛਿਆ।

‘‘ਪਰਸੋ ਮੈਂ ਆਪਣੀ ਗੁਲੇਲ ਨਾਲ ਰੁੱਖ ਉੱਪਰ ਬੈਠੇ ਤੋਤੇ ’ਤੇ ਨਿਸ਼ਾਨਾ ਲਾ ਰਿਹਾ ਸੀ, ਤੋਤਾ ਤਾਂ ਉੱਡ ਗਿਆ ਪਰ ਮੇਰੀ ਗੁਲੇਲ ਦੀ ਗੋਲੀ ਪਿੱਛੇ ਲੱਗੇ ਮਧੂ ਮੱਖੀਆਂ ਦੇ ਛੱਤੇ ਵਿੱਚ ਜਾ ਲੱਗੀ ਅਤੇ ਸਾਰੀਆਂ ਮਧੂ ਮੱਖੀਆਂ ਨੇ ਮੇਰੇ ਉੱਪਰ ਹਮਲਾ ਬੋਲ ਦਿੱਤਾ, ਜਿਸ ਕਾਰਨ ਮੇਰੀ ਇਹ ਹਾਲਤ ਬਣ ਗਈ।’’ ‘‘ਇਹ ਤਾਂ ਬਹੁਤ ਮਾੜਾ ਹੋਇਆ ਪਰ ਤੂੰ ਹੌਂਸਲਾ ਰੱਖ ਸਭ ਠੀਕ ਹੋ ਜਾਵੇਗਾ, ਪਰ ਤੂੰ ਅੱਜ ਤੋਂ ਬਾਅਦ ਆਪਣੀ ਗੁਲੇਲ ਨਾਲ ਪੰਛੀਆਂ ਦਾ ਸ਼ਿਕਾਰ ਕਰੇਂਗਾ?’’ ਰਾਮੂ ਨੇ ਰਾਜੂ ਨੂੰ ਪੁੱਛਿਆ।

‘‘ਨਹੀਂ ਦੋਸਤ! ਮੈਨੂੰ ਮੇਰੀ ਗਲਤੀ ਦੀ ਸਜ਼ਾ ਮਿਲ ਗਈ ਹੈ ਹਸਪਤਾਲੋਂ ਘਰ ਜਾ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਗੁਲੇਲ ਹੀ ਤੋੜਾਂਗਾ, ਅੱਜ ਤੋਂ ਬਾਅਦ ਮੈਂ ਕਦੇ ਵੀ ਬੇਕਸੂਰ ਪੰਛੀਆਂ ਨੂੰ ਨਹੀਂ ਮਾਰਾਂਗਾ।’ ਰਾਜੂ ਆਪਣੀ ਗਲਤੀ ’ਤੇ ਪਛਤਾਵਾ ਕਰਦਾ ਹੋਇਆ ਬੋਲਿਆ। ‘‘ਓ ਮੇਰੇ ਚੰਗੇ ਦੋਸਤ!’’ ਰਾਮੂ ਨੇ ਰਾਜੂ ਨੂੰ ਆਪਣੇ ਗਲ ਨਾਲ ਲਾ ਲਿਆ। ਠੀਕ ਹੋਣ ਤੋਂ ਬਾਅਦ ਘਰ ਜਾਂਦਿਆਂ ਹੀ ਰਾਜੂ ਨੇ ਆਪਣੀ ਗੁਲੇਲ ਤੋੜ ਦਿੱਤੀ। ਹੁਣ ਉਹ ਪੰਛੀਆਂ ਦੀ ਮੱਦਦ ਕਰਨ ਲੱਗ ਪਿਆ ਸੀ।
ਜਗਤਾਰ ਸਮਾਲਸਰ,
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ