ਪਰਾਲੀ ਸਾੜੇ ਬਿਨਾਂ ਬੀਜੀ ਕਣਕ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ

Sunam-News-New
ਸੁਨਾਮ: ਸੁੰਡੀ ਨਾਲ ਬਰਬਾਦ ਹੋਈ ਕਣਕ ਦੀ ਫ਼ਸਲ ਅਤੇ ਕਿਸਾਨ ਆਗੂ ਰਣ ਸਿੰਘ ਚੱਠਾ।

ਸੁੰਡੀ ਨਾਲ ਤਬਾਹ ਹੋਈ ਕਣਕ ਦਾ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਮੰਗ | Burning

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਰਾਲੀ ਨੂੰ ਬਿਨਾਂ ਅੱਗ ਲਾਏ ਸੁਪਰ ਸੀਡਰ ਨਾਲ ਬੀਜੀ ਗਈ ਕਣਕ ਦੀ ਫਸਲ ਉੱਪਰ ਸੁੰਡੀ ਨੇ ਜ਼ੋਰਦਾਰ ਹਮਲਾ ਕਰ ਦਿੱਤਾ ਹੈ। ਸੁੰਡੀ ਦਾ ਇਹ ਹਮਲਾ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਸੈਂਕੜੇ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪਰ ਅਫਸੋਸ ਦੀ ਗੱਲ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਖਬਰਾਂ ਆਉਣ ਤੋਂ ਬਾਅਦ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਕਿਸਾਨ ਚਿੰਤਾ ‘ਚ ਡੁੱਬੇ ਹੋਏ ਹਨ।

ਇੰਨਾ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਗੱਲਬਾਤ ਕਰਦਿਆਂ ਕੀਤਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜਿੰਨਾ ਕਿਸਾਨਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਈ ਸੀ,ਉਨ੍ਹਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਪੀਲੀ ਪੈਣੀ ਸ਼ੁਰੂ ਹੋ ਗਈ।

ਨੌਜਵਾਨ ਕਿਸਾਨ ਚੱਠਾ ਨੇ ਕਿਹਾ ਕਿ ਜਦੋਂ ਕਿਸਾਨਾਂ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਸੁਪਰ ਸੀਡਰ ਨਾਲ ਕੁਤਰੀ ਗਈ ਪਰਾਲੀ ਵਿਚ ਸੁੰਡੀ ਪੈਦਾ ਹੋ ਗਈ ਹੈ। ਸੁੰਡੀ ਲਗਾਤਾਰ ਕਣਕ ਦੀ ਉੱਗ ਰਹੀ ਫਸਲ ਨੂੰ ਖਾ ਰਹੀ ਹੈ, ਜਿਸ ਕਾਰਨ ਕਣਕ ਦੀ ਫਸਲ ਤਬਾਹ ਹੋਣੀ ਸ਼ੁਰੂ ਹੋ ਗਈ ਹੈ। ਚੱਠਾ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਕਣਕ ਦੀ ਫਸਲ ਸੁੰਡੀ ਨੇ ਤਬਾਹ ਕਰ ਦਿੱਤੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸੁੰਡੀ ਨਾਲ ਬਰਬਾਦ ਹੋਈ ਕਣਕ ਦਾ ਤੁਰੰਤ ਮੁਆਵਜ਼ਾ ਦੇਵੇ ਸਰਕਾਰ : ਚੱਠਾ

Sunam-News-New

ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਅਜੇ ਤਕ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਕੋਲ ਨਹੀਂ ਪੁੱਜਾ। ਜਿੰਨਾ ਕਿਸਾਨਾਂ ਨੇ ਖੇਤ ‘ਚ ਝੋਨੇ ਦੀ ਰਹਿੰਦ ਖੂਹੰਦ ਪਰਾਲੀ ਨੂੰ ਅੱਗ ਲਗਾ ਕੇ ਕਣਕਾਂ ਦੀ ਬਿਜਾਈ ਕੀਤੀ ਸੀ ਉਨ੍ਹਾਂ ਕਿਸਾਨਾਂ ਦੀਆਂ ਕਣਕਾਂ ਬਹੁਤ ਵਧੀਆ ਖੜ੍ਹੀਆਂ ਹਨ। ਚੱਠਾ ਨੇ ਕਿਹਾ ਕਿ ਜਿੰਨਾ ਕਿਸਾਨਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੁਪਰ ਸੀਡਰ ਨਾਲ 2500 ਰੁਪਏ ਪ੍ਰਤੀ ਏਕੜ ਕਿਰਾਇਆ ਦੇ ਕੇ ਕਣਕ ਦੀ ਬਿਜਾਈ ਕਰਵਾਈ ਸੀ ਉਨ੍ਹਾਂ ਕਿਸਾਨਾਂ ਦੀ ਕਣਕ ਦੀ ਫਸਲ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਇਹ ਹਮਲਾ ਉਨ੍ਹਾਂ ਖੇਤਾਂ ਉੱਪਰ ਹੀ ਹੋਇਆ ਹੈ, ਜਿੱਥੇ ਬਗੈਰ ਪਰਾਲੀ ਸਾੜੇ ਕਣਕ ਬੀਜੀ ਸੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਜਥੇਬੰਦੀਆਂ ਵਿੱਚ ਗੁੱਸਾ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਅਫਸਰ ਛਾਪੇ ਮਾਰ ਰਹੇ ਸੀ ਪਰ ਹੁਣ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ । ਪੰਜਾਬ ਦਾ ਕਿਸਾਨ ਅਕਸਰ ਹੀ ਮੁਸੀਬਤਾਂ ਨਾਲ ਘਿਰਿਆ ਰਹਿੰਦਾ ਹੈ। ਪਹਿਲਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਿਹਾ ਸੀ। ਜਿਸ ਤੋਂ ਡਰਦਿਆਂ ਕਿਸਾਨਾਂ ਨੇ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਦੀ ਫਸਲ ਦੀ ਬਿਜਾਈ ਕੀਤੀ। ਹੁਣ ਉਨ੍ਹਾਂ ਕਿਸਾਨਾਂ ਦੀ ਕਣਕ ਸੂੰਡੀ ਨੇ ਬਿਲਕੁੱਲ ਬਰਬਾਦ ਕਰ ਦਿੱਤੀ ਹੈ। ਪਹਿਲਾਂ ਤਾਂ ਖੇਤਾਂ ਵਿੱਚ ਵੱਡੇ ਅਧਿਕਾਰੀ ਆ ਰਹੇ ਸੀ।

Also Read : ਨਵੇਂ ਸਾਲ ’ਤੇ ਇਹ ਸਰਕਾਰ ਦੇਣ ਜਾ ਰਹੀ ਐ ਬਜ਼ੁਰਗਾਂ ਨੂੰ ਤੋਹਫ਼ਾ

ਜਮੀਨਾਂ ਦੇ ਰਿਕਾਰਡ ਵਿੱਚ ਰੈੱਡ ਐਂਟਰੀ ਕਰਨ ਤੇ ਜੁਰਮਾਨੇ ਦੀਆਂ ਗੱਲਾਂ ਹੋ ਰਹੀਆਂ ਸੀ। ਚੱਠਾ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਮਜਬੂਤ ਕਰ ਰਹੀਆਂ ਹਨ ਅਤੇ ਕਿਸਾਨੀ ਨੁੰ ਬਰਬਾਦ ਕਰ ਰਹੀਆਂ ਹਨ। ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਅਤੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਲਈ ਬੇਤੁਕੇ ਫੈਸਲੇ ਕਿਸਾਨਾਂ ਤੇ ਥੋਪੇ ਜਾ ਰਹੇ ਹਨ। ਪਹਿਲਾਂ ਤਾਂ ਜਦੋਂ ਕਿਸੇ ਖੇਤ ਵਿੱਚੋਂ ਧੂਆਂ ਨਿਕਲਦਾ ਸੀ ਤਾਂ ਪੁਲਿਸ, ਪ੍ਰਸ਼ਾਸਨਿਕ ਤੇ ਖੇਤੀਬਾੜੀ ਅਧਿਕਾਰੀ ਖੇਤਾਂ ਵਿੱਚ ਪਹੁੰਚ ਜਾਂਦੇ ਸੀ। ਕਿਸਾਨਾਂ ਨੂੰ ਜੁਰਮਾਨੇ ਤੇ ਰੈੱਡ ਐਂਟਰੀਆਂ ਹੁੰਦੀਆਂ ਸੀ ਪਰ ਜਦੋਂ ਹੁਣ ਖੇਤਾਂ ਵਿੱਚ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਤਾਂ ਕੋਈ ਨਹੀਂ ਆ ਰਿਹਾ। ਕਿਸਾਨ ਆਗੂ ਚੱਠਾ ਨੇ ਕਿਹਾ ਪੰਜਾਬ ਸਰਕਾਰ ਕਿਸਾਨਾਂ ਦੀ ਸੁੰਡੀ ਨਾਲ ਤਬਾਹ ਹੋਈ ਕਣਕ ਦਾ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਜਾਰੀ ਕਰੇ।