ਜਲੰਧਰ। ਆਏ ਦਿਨ ਫਿਲਮੀ ਸਿਤਾਰਿਆਂ ਤੇ ਗਾਇਕਾਂ ਨੂੰ ਧਮਕੀਆਂ ਭਰੇ ਫੋਨ ਤੇ ਮੈਸੇਜ਼ ਆਉਣ ਦਾ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ। ਹੁਣ ਇਸੇ ਤਰ੍ਹਾਂ ਦੀ ਖ਼ਬਰ ਪੰਜਾਬੀ ਸੰਗੀਤ ਇੰਡਸਟਰੀ ਵਿੱਚੋਂ ਨਿੱਕਲ ਕੇ ਸਾਹਮਣੇ ਆ ਰਹੀ ਹੈ। ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ (Sultana Nooran) ਨੂੰ ਸਬੰਧੀ ਖ਼ਬਰ ਖੂਬ ਵਾਇਰਲ ਹੋ ਰਹੀ ਹੈ। ਖ਼ਬਰ ਨੂੰ ਪੜ੍ਹਦਿਆਂ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਇੱਕ ਭਾਜੜ ਜਿਹੀ ਪੈ ਗਈ ਹੈ ਤੇ ਚਿੰਤਾ ਵਧ ਗਈ ਹੈ। ਜਾਣਕਾਰੀ ਅਨੁਸਾਰ ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਨਾਂਅ ’ਤੇ ਸੁਲਤਾਨਾ ਨੂਰਾਂ ਤੋਂ ਫਿਰੌਤੀ ਮੰਗੀ ਗਈ ਹੈ।
ਦੱਸ ਦਈਏ ਕਿ ਸੁਲਤਾਨਾ ਨੂਰਾਂ (Sultana Nooran) ਦੇ ਮੈਨੇਜ਼ਰ ਨੂੰ ਇੱਕ ਧਮਕੀ ਭਰਿਆ ਮੈਸੇਜ਼ ਆਇਆ ਹੈ। ਜਿਸ ਵਿੱਚ ਆਖਿਆ ਗਿਆ ਹੈ ਕਿ ਸਾਨੂੰ ਪੈਸੇ ਦਿਓ ਨਹੀਂ ਤਾਂ ਸੁਲਾਤਨਾ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉੱਥੇ ਹੀ ਸੁਲਤਾਨਾ ਨੂਰਾਂ ਦੇ ਪਤੀ ਵੱਲੋਂ ਪੁਲਿਸ ਕੋਲ ਮਾਮਲਾ ਦਰਜ਼ ਕਰਵਾ ਦਿੱਤਾ ਗਿਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਨੇ ਵੀ ਅੱਗੇ ਦੀ ਕਾਰਵਾਈ ਵਿੱਢ ਦਿੱਤੀ ਹੈ। ਇਹ ਮੈਸੇਜ਼ ਕਿਸ ਵੱਲੋਂ ਭੇਜਿਆ ਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।