Punjabi Story: ਸੱਜਣ ਸਿੰਘ ਦੀ ਉਮਰ ਲਗਭਗ ਚੁਰਾਸੀ ਪਾਰ ਹੋ ਚੁੱਕੀ ਸੀ। ਉਸ ਦਾ ਮੰਜਾ ਕੋਠੀ ਦੇ ਇੱਕ ਸਿਰੇ ’ਤੇ ਬਣੇ ਕਮਰੇ ਵਿੱਚ ਸੀ, ਜਿੱਥੇ ਉਹ ਬੈਠ ਕੇ ਦਿਨ-ਰਾਤ ਸੋਚਦਾ ਰਹਿੰਦਾ। ਸਵੇਰੇ ਨਹਾਉਣ ਤੋਂ ਬਾਅਦ ਉਹ ਰੱਬ ਦਾ ਨਾਮ ਵੀ ਲੈਂਦਾ ਪਰ ਕਈ ਵਾਰ ਉਸਦਾ ਮਨ ਬਹੁਤ ਬੇਚੈਨ ਹੋ ਜਾਂਦਾ।
ਉਹ ਆਪਣੇ ਛੋਟੇ ਪੁੱਤਰ ਨਾਲ ਰਹਿੰਦਾ ਸੀ। ਘਰ ਵਾਲੀ ਦੇ ਹੁੰਦੇ ਉਸਦਾ ਵਧੀਆ ਸਮਾਂ ਲੰਘਦਾ ਰਿਹਾ ਪਰ ਉਹ ਵੀ ਪਿਛਲੇ ਸਾਲ ਸਾਥ ਛੱਡ ਗਈ। ਉਹ ਜ਼ਿੰਦਗੀ ’ਤੇ ਝੂਰਦਾ ਕਿ ਕਿਹੋ-ਜਿਹਾ ਸਮਾਂ ਆ ਗਿਆ ਹੈ, ਕਿਸੇ ਕੋਲ ਗੱਲ ਕਰਨ ਦੀ ਵਿਹਲ ਨਹੀਂ। ਕਦੇ ਉਸਦੇ ਦਿਮਾਗ ਵਿੱਚ ਪੱਛਮ ਦੇ ਦੇਸ਼ਾਂ ਦੀ ਗੱਲ ਆ ਵੜਦੀ, ਜਿੱਥੇ ਕਈ-ਕਈ ਦਿਨ ਇੱਕ-ਦੂਜੇ ਨਾਲ ਮਿਲਾਪ ਹੀ ਨਹੀਂ ਹੁੰਦਾ। ਕਈ ਵਾਰ ਉਹ ਸੰਚਾਰ ਮਾਧਿਅਮਾਂ ਨੂੰ ਵੀ ਦੋਸ਼ ਦਿੰਦਾ, ਜਿੰਨ੍ਹਾਂ ਸਦਕਾ ਰਿਸ਼ਤੇ ਖਤਮ ਹੋ ਰਹੇ ਹਨ।
ਦੋ ਪੁੱਤਰਾਂ ਦਾ ਬਾਪ ਸੋਚਦਾ ਜਦੋਂ ਕਿਸੇ ਨੇ ਚੱਜ ਨਾਲ ਬੁਲਾਉਣਾ ਹੀ ਨਹੀਂ, ਫਿਰ ਜੰਮਣ ਦਾ ਕੀ ਫਾਇਦਾ? ਕਦੇ ਉਹ ਸੋਚਦਾ, ਆਪਾਂ ਵੀ ਤਾਂ ਕਿਸੇ ਦੇ ਜੰਮੇ ਹਾਂ ਪਰ ਆਪਾਂ ਤਾਂ ਫਰਜ਼ ਨਿਭਾਏ ਹਨ। ਜਦੋਂ ਉਹ ਆਉਣ ਵਾਲੇ ਸਮੇਂ ਬਾਰੇ ਸੋਚਦਾ ਤਾਂ ਜ਼ਰੂਰ ਹੱਸਦਾ, ਬਈ ਸਾਨੂੰ ਤਾਂ ਚਾਰ ਭਾਈ ਲੈ ਹੀ ਜਾਣਗੇ ਪਰ ਸਾਡੇ ਅਗਲਿਆਂ ਨੂੰ ਕਿਸੇ ਨੇ ਮੋਢਾ ਹੀ ਨਹੀਂ ਦੇਣਾ।
Read Also : ਵਾਹ! ਡਾਕਟਰਾਂ ਦੀ ਹਿੰਮਤ, ਸੜਕ ਕਿਨਾਰੇ ਆਪ੍ਰੇਸ਼ਨ, ਇਸ ਤਰ੍ਹਾਂ ਬਚੀ ਸੜਕ ਹਾਦਸੇ ’ਚ ਜਖਮੀ ਹੋਏ ਦੀ ਜਾਨ
ਇੱਕ ਦਿਨ ਉਹ ਆਪਣੀ ਬੈਠਕ ਦੇ ਗਲੀ ਵਾਲੇ ਦਰਵਾਜੇ ਅੱਗੇ ਕੁਰਸੀ ਡਾਹ ਕੇ ਬੈਠ ਗਿਆ ਕਿ ਚਲੋ ਕਿਸੇ ਦਾ ਮੂੰਹ-ਮੱਥਾ ਦੇਖਦੇ ਹਾਂ। ਬਹੁਤ ਸਾਰੇ ਵਾਹਨ ਉਸ ਗਲੀ ਵਿੱਚੋਂ ਵਾਰ-ਵਾਰ ਲੰਘੇ ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹ ਦੇਖਦਾ ਹੀ ਰਿਹਾ। ਗਲੀ ਵਿੱਚੋਂ ਪੈਦਲ ਵੀ ਲੰਘੇ ਪਰ ਉਨ੍ਹਾਂ ਦੇ ਹੱਥਾਂ ਵਿੱਚ ਵੀ ਮੋਬਾਇਲ ਹੀ ਸਨ। ਇੰਨੇ ਨੂੰ ਅਚਾਨਕ ਉਸ ਗਲੀ ਵਿੱਚੋਂ ਇੱਕ ਮੌਲਾ ਬਲਦ ਲੰਘਣ ਲੱਗਾ ਤਾਂ ਉਸ ਦੀ ਨਜ਼ਰ ਬਲਦ ’ਤੇ ਪਈ ਤਾਂ ਸੱਜਣ ਸਿੰਘ ਸੋਚਣ ਲੱਗਾ, ਕਿੱਡਾ ਕੱਦ-ਕਾਠ ਹੈ।
ਉਸ ਦੀ ਸੁੰਦਰਤਾ ਦੇਖ ਕੇ ਉਸਨੇ ਆਪਣੀ ਤੁਲਨਾ ਬਲਦ ਨਾਲ ਕੀਤੀ ਕਿਉਂਕਿ ਬਲਦ ਦਾ ਵੀ ਕਿਸੇ ਨੇ ਕੰਮ ਲੈ ਕੇ ਰੱਸਾ ਲਾਹ ਦਿੱਤਾ ਸੀ ਉਸਨੂੰ ਲੱਗਾ ਜਿਵੇਂ ਉਸ ਦਾ ਵੀ ਰੱਸਾ ਲਾਹਿਆ ਹੋਵੇ। ਉਸ ਨੂੰ ਪੁਰਾਣੇ ਦਿਨ ਯਾਦ ਆ ਗਏ ਜਦੋਂ ਉਸ ਦੀ ਆਂਢ-ਗੁਆਂਢ ਵਿੱਚ ਪੂਰੀ ਪੁੱਛਗਿੱਛ ਹੁੰਦੀ ਸੀ, ਜਿਵੇਂ ਹੋ ਸਕਦੈ ਬਲਦ ਦੀ ਵੀ ਹੋਵੇ। ਉਹ ਉੱਚੀ-ਉੱਚੀ ਹੱਸਿਆ। ਉਸ ਨੂੰ ਪਿੱਛੇ ਖੜ੍ਹੇ ਬਲਦੇਵ ਦੇ ਆਉਣ ਦਾ ਪਤਾ ਹੀ ਨਾ ਲੱਗਾ, ਜੋ ਉਸ ਲਈ ਚਾਹ ਲੈ ਕੇ ਆਇਆ ਸੀ।
‘‘ਬਾਪੂ ਜੀ ਅੱਜ ਤਾਂ ਬੜੇ ਖੁਸ਼ ਹੋ?’’ ‘‘ਹੈਂ?’’ ਪਿੱਛੇ ਖੜ੍ਹੇ ਆਪਣੇ ਬੇਟੇ ਬਲਦੇਵ ਨੂੰ ਸੱਜਣ ਸਿੰਘ ਨੇ ਹੈਰਾਨੀ ਨਾਲ ਦੇਖਿਆ ਤੇ ਦੁਬਾਰਾ ਹੱਸਿਆ।
‘‘ਕੀ ਮਿਲ ਗਿਆ ਬਾਪੂ ਜੀ?’’
‘‘ਮਿਲਣਾ ਕੀ ਹੈ ਬਲਦੇਵ, ਮੈਂ ਤੇ ਤਾਂ ਹੱਸਦਾਂ ਬਈ ਕਿੱਡਾ ਸੋਹਣਾ ਬਲਦ ਹੋਵੇਗਾ ਜਵਾਨੀ ’ਚ। ਅੱਜ ਰੁਲਦਾ ਫਿਰਦਾ ਜਿਵੇਂ…।’’
ਬਲਦੇਵ ਸਮਝ ਗਿਆ ਕਿ ਉਸ ਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ। ਇੱਕ ਵਾਰ ਤਾਂ ਉਸ ਨੇ ਆਪਣੀ ਤੁਲਨਾ ਵੀ ਬਾਪੂ ਤੇ ਬਲਦ ਨਾਲ ਕੀਤੀ ਤੇ ਸੋਚਿਆ ਇਹ ਵੇਲਾ ਉਸ ’ਤੇ ਵੀ ਆਵੇਗਾ। ਉਸਨੇ ਮਨ ਹੀ ਮਨ ਧਾਰ ਲਈ ਕਿ ਉਹ ਆਪਣੇ ਬਾਪੂ ਲਈ ਜ਼ਰੂਰ ਸਮਾਂ ਕੱਢਿਆ ਕਰੇਗਾ। ਬਾਪੂ ਨੇ ਕਿਹੜਾ ਵਾਰ-ਵਾਰ ਮਿਲਣੈ। ਕੀ ਪਤਾ ਕਿੰਨੇ ਕੁ ਸਮੇਂ ਦਾ ਮਿਲਾਪ ਹੈ ਸਾਡਾ?
ਬਲਦ ਦੂਰ ਚਲਾ ਗਿਆ। ਸੱਜਣ ਸਿੰਘ ਚਾਹ ਪੀਣ ਲੱਗਾ ਤੇ ਬਲਦੇਵ ਗੜਵੀ ਵਿੱਚੋਂ ਥੋੜ੍ਹੀ-ਥੋੜ੍ਹੀ ਕਰਕੇ ਚਾਹ ਉਸ ਦੀ ਬਾਟੀ ਵਿੱਚ ਪਾ ਰਿਹਾ ਸੀ। ਦੋਵੇਂ ਹੱਸ ਰਹੇ ਸਨ।
ਜਤਿੰਦਰ ਮੋਹਨ, ਮੱਤੜ, ਸਰਸਾ














