Punjab University Chandigarh ਨੇ ਇਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਰਾਹਤ
ਐਨਆਰਆਈ ਵਿਦਿਆਰਥੀਆਂ ਦੀ ਫੀਸ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ
ਚੰਡੀਗੜ੍ਹ (ਹਿੰ.ਸ.)। ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਅਤੇ ਅੰਤਰਰਾਸ਼ਟਰੀ ਦਾਖਲਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਨੇ ਇਸ ਸਾਲ ਵੀ ਵਿਦੇਸ਼ੀ ਅਤੇ ਐਨਆਰਆਈ ਵਿਦਿਆਰਥੀਆਂ ਦੀ ਫੀਸ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ ਸਥਿਰ ਰੱਖੀ ਜਾ ਰਹੀ ਹੈ।
ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਹਰ ਸਾਲ ਆਈਸੀਸੀਆਰ, ਸਾਰਕ ਅਤੇ ਘੱਟ ਵਿਕਸਤ ਦੇਸ਼ਾਂ ਤੋਂ ਵਿਦਿਆਰਥੀ ਪੜ੍ਹਾਈ ਲਈ ਆਉਂਦੇ ਹਨ। ਆਈਸੀਸੀਆਰ ਤਹਿਤ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਜਦਕਿ ਸਾਰਕ ਅਤੇ ਘੱਟ ਵਿਕਸਤ ਦੇਸ਼ਾਂ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਨੇ ਫੀਸ ਵਿੱਚ 50 ਫੀਸਦੀ ਤੱਕ ਛੂਟ ਦਿੱਤੀ ਹੋਈ ਹੈ।
Read Also : ਗੈਂਗਸਟਰਾਂ ‘ਤੇ ਵਾਰ: ਪੰਜਾਬ ਪੁਲਿਸ ਵੱਲੋਂ 469 ਥਾਈਂ ਛਾਪੇਮਾਰੀ, 263 ਗ੍ਰਿਫ਼ਤਾਰ
ਪੰਜਾਬ ਯੂਨੀਵਰਸਿਟੀ ਵਿੱਚ ਵਿਦੇਸ਼ੀ ਅਤੇ ਐਨਆਰਆਈ ਵਿਦਿਆਰਥੀਆਂ ਲਈ ਕੁੱਲ 1135 ਸੀਟਾਂ ਰਾਖਵੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਸੈਸ਼ਨ 2024-25 ਲਈ ਜੋ ਫੀਸ ਢਾਂਚਾ ਤੈਅ ਕੀਤਾ ਗਿਆ ਸੀ, ਉਸੇ ਅਧਾਰ 'ਤੇ ਇਸ ਸਾਲ ਵੀ ਦਾਖਲੇ ਕੀਤੇ ਜਾਣਗੇ। ਡੀਂਨ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਫੈਸਰ ਕ੍ਰਿਸ਼ਨ ਮੋਹਨ ਨੇ ਦੱਸਿਆ ਕਿ ਵਿਦੇਸ਼ੀ ਅਤੇ ਐਨਆਰਆਈ ਵਿਦਿਆਰਥੀਆਂ ਲਈ ਇਸ ਵਾਰ ਵੀ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਦਾਖਲਾ ਪ੍ਰਕਿਰਿਆ 2024-25 ਦੀਆਂ ਗਾਈਡਲਾਈਨਾਂ ਅਤੇ ਪ੍ਰਸਤਾਵਾਂ ਅਨੁਸਾਰ ਹੀ ਚਲਾਈ ਜਾਵੇਗੀ।
ਗੌਰਤਲਬ ਹੈ ਕਿ ਸਾਲ 2024 ਤੋਂ ਪੰਜਾਬ ਯੂਨੀਵਰਸਿਟੀ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਦਾਖਲਾ ਪ੍ਰੀਖਿਆ ਤੋਂ ਛੂਟ ਦੇਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਸਾਰਕ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਫੀਸ ਵਿੱਚ ਵੀ ਕਮੀ ਕੀਤੀ ਗਈ ਸੀ। ਇਹ ਸਹੂਲਤਾਂ ਇਸ ਸਾਲ ਵੀ ਜਾਰੀ ਰਹਿਣਗੀਆਂ।
ਸੈਸ਼ਨ 2024 ਦੌਰਾਨ ਯੂਨੀਵਰਸਿਟੀ ਨੂੰ ਕਰੀਬ 700 ਵਿਦੇਸ਼ੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚ ਅਮਰੀਕਾ, ਕੈਨੇਡਾ, ਨੇਪਾਲ, ਈਰਾਨ, ਬੋਤਸਵਾਨਾ, ਕੀਨੀਆ, ਮਲਾਵੀ, ਜ਼ਿੰਬਾਬਵੇ, ਨਾਈਜੀਰੀਆ ਅਤੇ ਥਾਈਲੈਂਡ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਸਨ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਫੀਸ ਵਿੱਚ ਕੋਈ ਵਾਧਾ ਨਾ ਕਰਨ ਦੇ ਫੈਸਲੇ ਨਾਲ ਇਸ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ।