Punjab
Sangrur Election Ticket News: ਹਲਕਾ ਸੰਗਰੂਰ : ਟਿਕਟ ਦੀ ਦੌੜ ਹੋਈ ਤੇਜ਼, ਕਈ ਆਗੂ ਮੈਦਾਨ ’ਚ ਸਰਗਰਮ
‘ਆਪ’, ਕਾਂਗਰਸ, ਭਾਜਪਾ ਤੇ ਅਕਾਲੀ ਦਲ ’ਚ ਦਾਅਵੇਦਾਰੀ ਲਈ ਸਰਗਰਮੀਆਂ ਵਧੀਆਂ , ਹਾਈਕਮਾਨ ਦੇ ਫੈਸਲੇ ’ਤੇ ਟਿਕੀਆਂ ਨਜ਼ਰਾਂ
Sangrur Election Ticket News: (ਨਰੇਸ਼ ਕੁਮਾਰ) ਸੰਗਰੂਰ। ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਰਾਜਸੀ ਸਰਗਰਮੀਆਂ ਸਿਖ਼ਰ ’ਤੇ ਹੋ ਗਈਆਂ ਹਨ ਬਾਕੀ ਹਲਕਿਆਂ ਦੇ ਨਾਲ ਨਾਲ ਪੰਜਾਬ ਦੇ ਅਹਿਮ ਮੰਨੇ ਜਾਂਦੇ ਹਲਕੇ ਸੰਗਰੂਰ ’ਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਟਿਕਟਾਂ ਦੇ ਦਾਅਵੇਦਾਰਾਂ ਵੱਲੋਂ ਹਾਈਕਮਾਂਡ ਤੱਕ ਆਪਣਾ ਪ੍ਰਭਾਵ ਦਰਸਾਉਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵੱਲੋਂ ਅਸਿੱਧੇ ਤੌਰ ’ਤੇ ਆਪਣੇ ਦਾਅਵੇ ਪੇਸ਼ ਕੀਤੇ ਜਾਣ ਲੱਗੇ ਹਨ।
‘ਆਪ’ ’ਚ ਮੌਜ਼ੂਦਾ ਵਿਧਾਇਕ ਸਮੇਤ ਕਈ ਨਾਂਅ ਚਰਚਾ ’ਚ
ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੋਂ ਮੌਜ਼ੂਦਾ ਵਿਧਾਇਕ ਨਰਿੰਦਰ ਕੌਰ ਭਾਰਜ ਦਾ ਨਾਂਅ ਸੁਭਾਵਿਕ ਤੌਰ ’ਤੇ ਚਰਚਾ ’ਚ ਹੈ। ਇਸ ਦੇ ਨਾਲ ਹੀ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਜਿਹੜੇ ਪਾਰਟੀ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਤੇ ਭਾਈ ਗੁਰਦਾਸ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਦੇ ਨਾਲ-ਨਾਲ ਇੱਕ ਜਪਹਰ ਸੋਸ਼ਲ ਸੁਸਾਇਟੀ ਰਾਹੀਂ ਲੋਕਾਂ ਦੀ ਸੇਵਾ ਕਰਨ ’ਚ ਲੱਗੇ ਹੋਏ ਹਨ। ਗੁਰਮੇਲ ਘਰਾਚੋਂ ਵੀ ਦਾਅਵੇਦਾਰਾਂ ’ਚ ਸ਼ਾਮਲ ਹਨ। ਗੁਰਮੇਲ ਘਰਾਚੋਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਤੇ ਬਹੁਤ ਥੋੜ੍ਹੇ ਫਰਕ ਨਾਲ ਹਾਰ ਗਏ ਸਨ। ਉਹ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਹਨ ਇਸ ਤੋਂ ਇਲਾਵਾ ਅਵਤਾਰ ਸਿੰਘ ਈਲਵਾਲ ਜਿਹੜੇ ਮੌਜ਼ੂਦਾ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਹਨ ਤੇ ਉਨ੍ਹਾਂ ਦਾ ਰਾਬਤਾ ਹਲਕਾ ਸੰਗਰੂਰ ਦੇ ਨਾਲ ਲੋਕਾਂ ਨਾਲ ਨਿੱਜੀ ਤੌਰ ’ਤੇ ਕਾਫ਼ੀ ਜ਼ਿਆਦਾ ਹੈ, ਉਹ ਸਥਾਨਕ ਪੱਧਰ ’ਤੇ ਟਿਕਟ ਦੇ ਸੰਭਾਵੀ ਦਾਅਵੇਦਾਰਾਂ ਵਜੋਂ ਚਰਚਾ ਵਿੱਚ ਦੱਸੇ ਜਾ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਨਰਿੰਦਰ ਕੌਰ ਭਾਰਜ ਨੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਸੀ। ਹੁਣ ਆਉਂਦੀਆਂ ਚੋਣਾਂ ’ਚ ਪਾਰਟੀ ਵੱਲੋਂ ਇਸ ਹਲਕੇ ਤੋਂ ਕਿਹੜੇ ਚਿਹਰੇ ’ਤੇ ਭਰੋਸਾ ਕੀਤਾ ਜਾਂਦਾ ਹੈ, ਇਸ ’ਤੇ ਸਥਾਨਕ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਕਾਂਗਰਸ ’ਚ ਵੀ ਕਈ ਚਿਹਰੇ ਟਿਕਟ ਦੀ ਦੌੜ ’ਚ
ਕਾਂਗਰਸ ਪਾਰਟੀ ’ਚ ਵੀ ਸੰਗਰੂਰ ਸੀਟ ਲਈ ਕਈ ਨਾਂਅ ਚਰਚਾ ’ਚ ਹਨ। ਵਿਜੈਇੰਦਰ ਸਿੰਗਲਾ ਜਿਹੜੇ ਸੰਗਰੂਰ ਤੋਂ ਸੰਸਦ ਮੈਂਬਰ ਤੇ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਵੀ ਰਹੇ ਹਨ ਦਾ ਨਾਂਅ ਮੋਹਰੀ ਸਫ਼ਾ ’ਚ ਆਉਂਦਾ ਹੈ ਇਸ ਤੋਂ ਇਲਾਵਾ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿਬੀਆ ਤੇ ਨੌਜਵਾਨ ਹਰਪਾਲ ਸਿੰਘ ਸੋਨੂ ਆਪਣੇ-ਆਪਣੇ ਪੱਧਰ ’ਤੇ ਸਰਗਰਮ ਦੱਸੇ ਜਾ ਰਹੇ ਹਨ। ਵਿਜੈਇੰਦਰ ਸਿੰਗਲਾ ਸੰਗਰੂਰ ਤੋਂ ਪਹਿਲਾਂ ਵੀ ਚੋਣ ਲੜ ਚੁੱਕੇ ਹਨ ਤੇ ਹਲਕੇ ’ਚ ਉਨ੍ਹਾਂ ਦਾ ਸੰਗਰੂਰ ਹਲਕੇ ’ਚ ਤਕੜਾ ਸਿਆਸੀ ਆਧਾਰ ਰਿਹਾ ਹੈ। ਕਾਂਗਰਸ ਅੰਦਰ ਵੀ ਅੰਤਿਮ ਤੌਰ ’ਤੇ ਟਿਕਟ ਕਿਸ ਦੇ ਹਿੱਸੇ ਆਉਂਦੀ ਹੈ, ਇਹ ਪਾਰਟੀ ਦੀ ਚੋਣ ਪ੍ਰਕਿਰਿਆ ਤੇ ਹਾਈਕਮਾਨ ਦੇ ਫੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਭਾਜਪਾ ’ਚ ਵੀ ਦਾਅਵੇਦਾਰਾਂ ਦੀ ਲੰਮੀ ਸੂਚੀ
ਭਾਰਤੀ ਜਨਤਾ ਪਾਰਟੀ ’ਚ ਵੀ ਸੰਗਰੂਰ ਸੀਟ ਲਈ ਕਈ ਚਿਹਰੇ ਸਰਗਰਮ ਹੋਣ ਦੀ ਚਰਚਾ ਹੈ। ਇਨ੍ਹਾਂ ’ਚ ਸਰਜੀਵਨ ਜਿੰਦਲ ਜਿਹੜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਨ ਤੇ ਨਾਮੀ ਵਪਾਰੀ ਆਗੂ ਵੀ ਹਨ ਉਹ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦਾ ਜ਼ਿਲ੍ਹਾ ਸੰਗਰੂਰ ’ਚ ਝੰਡਾ ਬਰਦਾਰ ਰਹੇ ਹਨ ਉਨ੍ਹਾਂ ਨੇ ਪਿਛਲੀਆਂ ਨਗਰ ਕੌਂਸਲ ਚੋਣਾਂ ’ਚ ਬਤੌਰ ਕੌਂਸਲਰ ਚੋਣ ਵੀ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਨੌਜਵਾਨ ਆਗੂ ਰਣਦੀਪ ਦਿਓਲ ਜਿਹੜੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਪਿਛਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਚੋਣ ਵੀ ਲੜ ਚੁੱਕੇ ਹਨ, ਉਹ ਵੀ ਸੰਗਰੂਰ ’ਚ ਟਿਕਟ ਦੇ ਦਾਅਵੇਦਾਰਾਂ ’ਚ ਆਉਂਦੇ ਹਨ। ਇਸ ਤੋਂ ਇਲਾਵਾ ਨੌਜਵਾਨ ਆਗੂ ਅਮਨ ਪੂਨੀਆ ਜਿਹੜੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਤੇ ਪੇਂਡੂ ਵੋਟਰਾਂ ’ਚ ਆਪਣਾ ਚੰਗਾ ਆਧਾਰ ਰੱਖਦੇ ਹਨ। ਪਾਰਟੀ ਦੇ ਅੰਦਰ ਕਿਹੜਾ ਚਿਹਰਾ ਆਪਣੀ ਦਾਅਵੇਦਾਰੀ ਪੇਸ਼ ਕਰਦਾ ਹੈ ਤੇ ਅੰਤ ’ਚ ਹਾਈਕਮਾਨ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ, ਇਹ ਆਉਣ ਵਾਲੇ ਸਮੇਂ ’ਚ ਸਾਹਮਣੇ ਆਵੇਗਾ।
ਅਕਾਲੀ ਦਲ ’ਚ ਅਰਵਿੰਦ ਤੇ ਇਕਬਾਲ ਦਾ ਨਾਂਅ ਚਰਚਾ ’ਚ
ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਤੇ ਇਕਬਾਲ ਪੂਨੀਆ ਦੇ ਨਾਂਅ ਵੀ ਸੰਗਰੂਰ ਤੋਂ ਦਾਅਵੇਦਾਰਾਂ ਵਜੋਂ ਚਰਚਾ ’ਚ ਦੱਸੇ ਜਾ ਰਹੇ ਹਨ। ਅਰਵਿੰਦ ਖੰਨਾ ਪਹਿਲਾਂ ਵੀ ਸੰਗਰੂਰ ਤੋਂ ਚੋਣ ਲੜ ਚੁੱਕੇ ਹਨ ਤੇ ਕਾਂਗਰਸ ਪਾਰਟੀ ਦੇ ਸੰਗਰੂਰ ਤੇ ਧੂਰੀ ਹਲਕਿਆਂ ਦੇ ਵਿਧਾਇਕ ਰਹੇ ਹਨ। ਹੁਣ ਅਕਾਲੀ ਦਲ ਵੱਲੋਂ ਅਗਾਮੀ ਚੋਣਾਂ ਲਈ ਸੰਗਰੂਰ ’ਚ ਕਿਸ ਚਿਹਰੇ ਨੂੰ ਮੈਦਾਨ ’ਚ ਉਤਾਰਿਆ ਜਾਂਦਾ ਹੈ, ਇਸ ’ਤੇ ਵੀ ਸਿਆਸੀ ਹਲਕਿਆਂ ਦੀ ਨਜ਼ਰ ਰਹੇਗੀ।