ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ, ਤਿਆਰੀਆਂ ਸ਼ੁਰੂ

Sach Kahoon Punjabi Desk Picture
Published On

ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ 27 ਲੱਖ ਕੂਪਨ ਜਾਰੀ ਕੀਤੇ ਜਾਣਗੇ

ਖਰੀਦ ਕੇਂਦਰਾਂ ਲਈ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਮਾਰੀ ਦੀ ਔਖੀ ਘੜੀ ਵਿੱਚ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।

ਮੁੱਖ ਮੰਤਰੀ ਵੱਲੋਂ ਹਰ ਹੀਲੇ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸੂਬਾ ਭਰ ਵਿੱਚ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖਰੀਦ 15 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ ਪਰ ਮੰਡੀ ਬੋਰਡ ਨੇ ਇਸ ਲਈ ਲੋੜੀਂਦੇ ਬੰਦੋਬਸਤ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ 31 ਮਈ ਤੱਕ ਹੋਵੇਗੀ ਅਤੇ ਜੇਕਰ ਲੋੜ ਪਈ ਤਾਂ 15 ਜੂਨ ਤੱਕ ਚੱਲੇਗੀ।

ਹਾੜ੍ਹੀ ਦੇ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖਰੀਦ ਦੀਆਂ ਤਿਆਰੀਆਂ ਸਬੰਧੀ ਯੋਜਨਾ ਦਾ ਖੁਲਾਸਾ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 22,900 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.)  ਮਨਜ਼ੂਰ ਕੀਤੀ ਜਾ ਚੁੱਕੀ ਹੈ ਤਾਂ ਕਿ ਸੂਬੇ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਠੋਸ ਇੰਤਜ਼ਾਮ ਕੀਤੇ ਗਏ ਹਨ ਜਿਨ੍ਹਾਂ ਤਹਿਤ ਸਾਰੇ 22 ਜ਼ਿਲ੍ਹਿਆਂ ਵਿੱਚ 3691 ਖਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚ 153 ਪ੍ਰਮੁੱਖ ਫੜ੍ਹ, 280 ਛੋਟੇ ਫੜ੍ਹ, 1434 ਖਰੀਦ ਕੇਂਦਰਾਂ ਤੋਂ ਇਲਾਵਾ ਇਸ ਸੀਜ਼ਨ ਦੌਰਾਨ ਚੌਲ ਮਿੱਲਾਂ ਵਿੱਚ ਵਿਸ਼ੇਸ਼ ਤੌਰ ‘ਤੇ 1824 ਫੜ੍ਹ ਬਣਾਏ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਇਸ ਵਾਰ 135 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਉਮੀਦ ਹੈ ਜਿਸ ਵਿੱਚੋਂ 135 ਲੱਖ ਟਨ ਫਸਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਜਾਵੇਗੀ ਜਦਕਿ 2 ਲੱਖ ਮੀਟਰਕ ਟਨ ਪ੍ਰਾਈਵੇਟ ਵਪਾਰੀ ਖਰੀਦਣਗੇ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਹੈ ਜਦਕਿ ਪਿਛਲੇ ਸਾਲ 1840 ਰੁਪਏ ਪ੍ਰਤੀ ਕੁਇੰਟਲ ਸੀ।

ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਦਾ ਨੋਟੀਫਿਕੇਸ਼ਨ ਹੋ ਗਿਆ ਹੈ ਤਾਂ ਜੋ ਲਿਫਟਿੰਗ ਦੇ 48 ਘੰਟਿਆਂ ਅੰਦਰ ਕਿਸਾਨਾਂ ਨੂੰ ਆੜ੍ਹਤੀਆ ਰਾਹੀਂ ਇਲੈਕਟ੍ਰਾਨੀਕਲੀ ਭੁਗਤਾਨ ਕੀਤਾ ਜਾ ਸਕਦਾ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਖਤਰੇ ਨੂੰ ਰੋਕਣ ਲਈ ਲੋੜੀਂਦੀਆਂ ਸਾਰੀਆਂ ਸੁਰੱਖਿਆ ਵਿਧੀਆਂ, ਸਫਾਈ ਦੇ ਪ੍ਰੋਟੋਕਲ, ਸਮਾਜਿਕ ਦੂਰੀ ਦੇ ਨਿਯਮਾਂ, ਮਾਸਕ ਪਾਉਣ ਤੇ ਸੈਨੀਟਾਈਜ਼ਰਾਂ ਦੀ ਵਰਤੋਂ ਸਖਤੀ ਨਾਲ ਲਾਗੂ ਕਰਨੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਸਾਰੇ ਖਰੀਦ ਕੇਂਦਰਾਂ ਲਈ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ ਕਰ ਲਿਆ ਗਿਆ ਹੈ।

ਇਸ ਤਰ੍ਹਾਂ ਲਗਣਗੀਆਂ ਢੇਰੀਆਂ

ਸ੍ਰੀ ਖੰਨਾ ਨੇ ਦੱਸਿਆ ਕਿ ਮੰਡੀ ਖੇਤਰ ਨੂੰ 30 ਗੁਣਾਂ 30 ਫੁੱਟ ਦੀਆਂ ਲਾਈਨਾਂ ਲਗਾਈਆਂ ਜਾਣਗੀਆਂ ਜਿਸ ਵਿੱਚ 50 ਕੁਇੰਟਲ ਦੀ ਢੇਰੀ ਲਗਾਈ ਜਾ ਸਕੇਗੀ ਅਤੇ ਨਾਲ ਲੱਗਦੀਆਂ ਢੇਰੀਆਂ ਤੋਂ ਕਾਫੀ ਦੂਰੀ ਬਣਾਈ ਜਾ ਸਕੇਗੀ।

ਇੱਕ ਕੂਪਨ ‘ਤੇ ਕਿਸਾਨ ਲਿਆ ਸਕੇਗਾ 50-70 ਕੁਇੰਟਲ ਕਣਕ

ਆੜ੍ਹਤੀਆ ਦੁਆਰਾ ਕਿਸਾਨਾਂ ਨੂੰ ਹੋਲੋਗ੍ਰਾਮ ਨਾਲ ਕੂਪਨ ਜਾਰੀ ਕਰਕੇ ਮੰਡੀਆਂ ਵਿੱਚ ਫਸਲ ਦੀ ਖਿੰਡਵੀਂ ਆਮਦ ਵਾਸਤੇ ਵਿਸਥਾਰਤ ਕਾਰਜ ਯੋਜਨਾ ਬਣਾਈ ਗਈ ਹੈ। ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ। ਮੰਡੀਆਂ ਵਿੱਚ ਭੀੜ ਤੋਂ ਬਚਣ ਲਈ ਹਰੇਕ ਕਿਸਾਨ ਹਰੇਕ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਖਰੀਦ ਕੇਂਦਰਾਂ ਵਿੱਚ ਜਗ੍ਹਾਂ ਦੇ ਆਧਾਰ ‘ਤੇ ਇਕ ਤੋਂ ਵੱਧ ਕੂਪਨਾਂ ਲਈ ਵੀ ਹੱਕਦਾਰ ਹੋਵੇਗਾ। ਅਜਿਹੇ 27 ਲੱਖ ਕੂਪਨ ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆ ਨੂੰ ਜਾਰੀ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts