Faridkot Farmers Protest: ਫਰੀਦਕੋਟ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਬਾਹਰ ਕਿਸਾਨਾਂ ਦਾ ਪੱਕਾ ਮੋਰਚਾ ਸ਼ੁਰੂ
ਮੋਰਚੇ ’ਚ ਕਾਫੀ ਕਿਸਾਨ ਹੋਏ ਹਨ ਸ਼ਾਮਲ
ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦੇ ਬਾਹਰ ਬੁੱਧਵਾਰ ਤੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਕਰਜ਼ਾ ਮੁਆਫ਼ੀ, ਸ਼ੰਭੂ-ਖਨੌਰੀ ਬਾਰਡਰ ਅੰਦੋਲਨ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਲੈਂਡ ਮੋਰਗੇਜ ਬੈਂਕਾਂ ਵੱਲੋਂ ਕਰਜ਼ਾ ਦੇਣ ਸਮੇਂ ਲਏ ਜਾਂਦੇ ਖਾਲੀ ਚੈੱਕ ਵਾਪਸ ਕਰਵਾਉਣ ਸਮੇਤ ਕਈ ਮੰਗਾਂ ਸਬੰਧੀ ਧਰਨੇ ’ਤੇ ਬੈਠੇ ਹਨ। ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਿਆਵਾਲਾ ਦੀ ਅਗਵਾਈ ਹੇਠ ਲੱਗੇ ਇਸ ਮੋਰਚੇ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਕਈ ਸੀਨੀਅਰ ਕਿਸਾਨ ਆਗੂ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਸਬੰਧੀ ਹੋਰ ਦੇਰੀ ਕੀਤੀ।
ਇਹ ਵੀ ਪੜ੍ਹੋ : AAP Punjab: ਮੋਹਾਲੀ ਦੀ ਸਿਆਸਤ ’ਚ ਵੱਡਾ ਉਲਟਫੇਰ, ਕਾਂਗਰਸੀ ਆਗੂ ‘ਆਪ’ ’ਚ ਸ਼ਾਮਲ
ਤਾਂ ਸੰਘਰਸ਼ ਨੂੰ ਰੇਲਵੇ ਟਰੈਕਾਂ ਤੇ ਕੌਮੀ ਮਾਰਗਾਂ ਤੱਕ ਵੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਚੰਡੀਗੜ੍ਹ ’ਚ ਸਰਕਾਰ ਨਾਲ ਮੀਟਿੰਗ ਹੋਈ ਸੀ, ਪਰ ਇਸ ’ਚ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਪਿੰਡ ਹਰਿਨੌ ਦੇ ਦੋ ਸਕੇ ਭਰਾਵਾਂ ਦਾ ਮਾਮਲਾ ਵੀ ਚੁੱਕਿਆ। ਆਗੂਆਂ ਮੁਤਾਬਕ ਦੋਵਾਂ ਨੇ ਕਥਿਤ ਤੌਰ ’ਤੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਰੇਲਗੱਡੀ ਅੱਗੇ ਆ ਕੇ ਆਪਣੀ ਜਾਨ ਦੇ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਸਮੇਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਤੇ ਸਰਕਾਰੀ ਮਦਦ ਦਾ ਭਰੋਸਾ ਦਿੱਤਾ ਗਿਆ ਸੀ। Faridkot Farmers Protest
ਪਰ ਅਜੇ ਤੱਕ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋਈ। ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਲੈਂਡ ਮੋਰਗੇਜ ਬੈਂਕਾਂ ’ਤੇ ਕਿਸਾਨਾਂ ਦੇ ਆਰਥਿਕ ਸ਼ੋਸ਼ਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਰਜ਼ਾ ਦਿੰਦੇ ਸਮੇਂ ਕਿਸਾਨਾਂ ਤੋਂ ਖਾਲੀ ਚੈੱਕ ਲਏ ਜਾਂਦੇ ਹਨ ਤੇ ਬਾਅਦ ’ਚ ਇਨ੍ਹਾਂ ਦੀ ਦੁਰਵਰਤੋਂ ਕੀਤੇ ਜਾਣ ਦਾ ਖ਼ਦਸ਼ਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ 30 ਮਾਰਚ ਤੋਂ ਫਰੀਦਕੋਟ ’ਚ ਲੈਂਡ ਮੋਰਗੇਜ ਬੈਂਕ ਦੇ ਬਾਹਰ ਧਰਨਾ ਚੱਲ ਰਿਹਾ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ’ਤੇ ਕੋਈ ਠੋਸ ਸੁਣਵਾਈ ਨਹੀਂ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। Faridkot Farmers Protest