Aam Aadmi Party: ਰਮਦਾਸ ਕਸਬੇ ’ਚ ਮੌਜੂਦਾ ਕੌਂਸਲਰ ਨੇ ਸਾਥੀਆਂ ਸਮੇਤ ਪੰਜਾ ਛੱਡ ਝਾੜੂ ਫੜਿਆ
ਕੁਲਦੀਪ ਸਿੰਘ ਧਾਲੀਵਾਲ ਨੇ ਜੀ ਆਇਆਂ ਕਿਹਾ
ਰਮਦਾਸ (ਰਾਜਨ ਮਾਨ)। ਸਰਹੱਦੀ ਕਸਬਾ ਰਮਦਾਸ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਨਗਰ ਕੌਂਸਲ ਰਮਦਾਸ ਦੇ ਕੌਂਸਲਰ ਅਤੇ ਅੰਮ੍ਰਿਤਸਰ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਵਿਸ਼ਾਲ ਕਾਠੀਆ ਸ਼ੈਲੀ, ਵਾਰਡ ਨੰਬਰ 2 ਤੋਂ ਦਲਜੀਤ ਕੁਮਾਰ ਮਣੀ, ਗੁਰਪੂਰਣ ਕੁਮਾਰ ਮੋਤੀ, ਹਿੰਮਤ ਰਾਜ ਅਤੇ ਗੌਰਵ ਕਾਠੀਆ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ।
ਇਸ ਮੌਕੇ ਕਾਂਗਰਸ ਪਾਰਟੀ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ ਹਲਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰਮਦਾਸ ਸ਼ਹਿਰ ਦੀ ਵਾਰਡ ਨੰਬਰ 1 ਤੋਂ ਮੌਜੂਦਾ ਕੌਂਸਲਰ ਅਤੇ ਅੰਮ੍ਰਿਤਸਰ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਵਿਸ਼ਾਲ ਕਾਠੀਆ ਸ਼ੈਲੀ, ਵਾਰਡ ਨੰਬਰ 2 ਤੋਂ ਦਲਜੀਤ ਕੁਮਾਰ ਮਣੀ, ਗੁਰਪੂਰਣ ਕੁਮਾਰ ਮੋਤੀ, ਹਿੰਮਤ ਰਾਜ ਅਤੇ ਗੌਰਵ ਕਾਠੀਆ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੰਬਾ ਸਮਾਂ ਪੰਜਾਬ ਦੀ ਸੱਤਾ ਤੇ ਰਾਜ ਕੀਤਾ ਹੈ ਪਰ ਕਦੇ ਵੀ ਲੋਕਾਂ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ। ਉਹਨਾਂ ਕਿਹਾ ਕਿ ਅਜਨਾਲਾ ਸਰਹੱਦੀ ਹਲਕਾ ਹੋਣ ਕਰਕੇ ਕਿਸੇ ਵੀ ਪਾਰਟੀ ਦੇ ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝਿਆ ਅਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਨਤੀਜਾ ਹਲਕੇ ਦੀ ਬਦਤਰ ਹਾਲਤ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਵੀ ਪੰਜਾਬ ਵਿਚੋਂ ਪੱਤਣ ਹੋ ਗਿਆ ਹੈ ਅਤੇ ਇਹ ਸਿਰਫ ਹੁਣ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਉਨ੍ਹਾਂ ਦੇ ਦਰਾਂ ਉਪਰ ਜਾ ਰਹੇ ਹਨ,ਪਰ ਲੋਕ ਇਹਨਾਂ ਦੀ ਘਟੀਆ ਮਾਨਸਿਕਤਾ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਗਏ ਹਨ ਅਤੇ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ।
ਉਹਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੈਂ ਜੋ ਵਾਅਦੇ ਹਲਕੇ ਦੇ ਲੋਕਾਂ ਨਾਲ ਕੀਤੇ ਸਨ ਸਾਰੇ ਪੂਰੇ ਕੀਤੇ ਹਨ। ਹਰ ਪਾਸੇ ਵਿਕਾਸ ਦੀ ਹਨੇਰੀ ਆਈ ਹੋਈ ਹੈ। ਦੂਸਰੀਆਂ ਪਾਰਟੀਆਂ ਦੇ ਆਗੂ ਧੜਾਧੜ ਉਹਨਾਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ ਅਤੇ ਇਸਵਾਰ 92 ਨਹੀਂ 100 ਪਾਰ ਹੋਵੇਗੀ ਆਪ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਪੰਜਾਬ ਵਿਰੋਧੀ ਝੂਠੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਅਤੇ ਅਗਲੀ ਸਰਕਾਰ ਆਪ ਦੀ ਬਣਾਉਣ ਲਈ ਪੂਰੇ ਕਮਰਕੱਸੇ ਕਰ ਲੈਣ।

ਇਸ ਮੌਕੇ ਰਮਦਾਸ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਅਜਨਾਲਾ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ, ਸਰਪੰਚ ਅੰਮ੍ਰਿਤਪਾਲ ਸਿੰਘ, ਸਰਪੰਚ ਸ਼ੇਰ ਸਿੰਘ, ਸੰਦੀਪ ਸਿੰਘ ਖਹਿਰਾ, ਦਿਨੇਸ਼ ਕੁਮਾਰ ਸੋਨੀ ਬੀਸੀ ਵਿੰਗ ਵਾਈਸ ਪ੍ਰਧਾਨ ਰਮਦਾਸ ਅਤੇ ਸ. ਪਰਗਟ ਸਿੰਘ ਵਿਸ਼ੇਸ਼ ਤੌਰ ’ਤੇ ਮੌਜ਼ੂਦ ਸਨ।
