Tubewell Motor Theft Punjab: ਮੋਟਰਾਂ ਦੀਆਂ ਚੋਰੀਆਂ ਤੋਂ ਦੁਖੀ ਕਿਸਾਨਾਂ ਦਾ ਚੋਰਾਂ ਨੂੰ ਦਿੱਤਾ ਅਨੋਖਾ ਸੁਝਾਅ

ਸਾਡੀਆਂ ਮੋਟਰਾਂ ਚੋਰੀ ਨਾ ਕਰਿਆ ਕਰੋ, ਕਿਸੇ ਸਾਂਝੀ ਥਾਂ 'ਤੇ ਸਕੈਨਰ ਲਗਾ ਦਿਓ, ਪੈਸੇ ਅਸੀਂ ਖੁਦ ਟਰਾਂਸਫਰ ਕਰ ਦਿਆ ਕਰਾਂਗੇ" : ਕਿਸਾਨ

Satinder Mathur  Picture
Published On

Tubewell Motor Theft Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਜ਼ਿਲ੍ਹੇ ਅੰਦਰ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਚੋਰਾਂ ਨੂੰ ਦਿੱਤਾ ਗਿਆ ਇਕ ਅਨੋਖਾ ਸੁਝਾਅ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਇਰਲ ਹੋ ਰਹੇ ਪੋਸਟਰ ਵਿੱਚ ਕਿਸਾਨਾਂ ਨੇ ਚੋਰਾਂ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਫ਼ਸਲ ਨੂੰ ਪਾਣੀ ਦੇਣ ਲਈ ਮੋਟਰਾਂ ਦੀ ਬਹੁਤ ਲੋੜ ਹੈ, ਇਸ ਲਈ ਉਹ ਖੇਤਾਂ ਵਿੱਚੋਂ ਮੋਟਰਾਂ ਚੋਰੀ ਕਰਨ ਦੀ ਬਜਾਏ ਕਿਸੇ ਸਾਂਝੀ ਥਾਂ 'ਤੇ ਆਪਣਾ ਸਕੈਨਰ ਲਗਾ ਦੇਣ, ਪਿੰਡ ਵਾਸੀ ਖੁਦ ਉਨ੍ਹਾਂ ਨੂੰ ਪੈਸੇ ਟਰਾਂਸਫਰ ਕਰ ਦੇਣਗੇ।

ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਪਿੰਡ ਪੱਖੀ ਕਲਾਂ ਦੇ ਕਿਸਾਨਾਂ ਸਿਮਰਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੀਬ ਦੋ ਤੋਂ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਖੇਤਾਂ ਵਿੱਚੋਂ ਇੱਕੋ ਸਮੇਂ 15 ਦੇ ਕਰੀਬ ਮੋਟਰਾਂ ਚੋਰੀ ਹੋ ਗਈਆਂ ਸਨ। ਕਿਸਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਚੋਰਾਂ ਸਬੰਧੀ ਕੁਝ ਸੁਰਾਗ ਵੀ ਪੁਲਿਸ ਨੂੰ ਦਿੱਤੇ ਸਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਮੁੜ ਬੀਤੇ ਦਿਨਾਂ ਦੌਰਾਨ ਪਿੰਡ ਦੇ ਖੇਤਾਂ ਵਿੱਚੋਂ ਕਰੀਬ 25 ਮੋਟਰਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

kisan
ਫਰੀਦਕੋਟ: ਮੋਟਰ ਤੋਂ ਕੇਵਲ ਤਾਰਾਂ ਚੋਰੀਆਂ ਬਾਰੇ ਦੱਸਦੇ ਕਿਸਾਨ।

ਪੀੜਤ ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕਰੇ।

ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੋਟਰ ਚੋਰੀ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਿਲ ਰਹੇ ਤੱਥਾਂ ਦੇ ਆਧਾਰ 'ਤੇ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਾਕੀ ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਾ ਹੋਣ ਦੀ ਗੱਲ ਵੀ ਕਹੀ।

About The Author

Related Posts