Punjab
LPG Cylinder Price : ਪੰਜਾਬ-ਚੰਡੀਗੜ੍ਹ 'ਚ ਘਰੇਲੂ ਐਲਪੀਜੀ ਸਿਲੰਡਰ ਮਹਿੰਗਾ
ਤਿੰਨ ਮਹੀਨਿਆਂ 'ਚ 89 ਰੁਪਏ ਦਾ ਵਾਧਾ
ਚੰਡੀਗੜ੍ਹ (ਹਿੰ.ਸ.)। ਪੰਜਾਬ ਅਤੇ ਚੰਡੀਗੜ੍ਹ ’ਚ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਨਵੀਆਂ ਕੀਮਤਾਂ ਅਨੁਸਾਰ ਲੁਧਿਆਣਾ ਵਿੱਚ 14.2 ਕਿਲੋਗ੍ਰਾਮ ਦਾ ਘਰੇਲੂ ਗੈਸ ਸਿਲੰਡਰ 940 ਰੁਪਏ ਤੋਂ ਵੱਧ ਕੇ 969 ਰੁਪਏ ਦਾ ਮਿਲੇਗਾ। ਜਲੰਧਰ ਵਿੱਚ ਇਸ ਦੀ ਕੀਮਤ 942.50 ਰੁਪਏ ਤੋਂ ਵਧ ਕੇ 971.50 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਿਲੰਡਰ ਦੀ ਕੀਮਤ 922.50 ਰੁਪਏ ਤੋਂ ਵਧ ਕੇ 951.50 ਰੁਪਏ ਹੋ ਗਈ ਹੈ।
ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਹੈ ਜਦੋਂ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਿਲੰਡਰ 60 ਰੁਪਏ ਮਹਿੰਗਾ ਕੀਤਾ ਗਿਆ ਸੀ। ਇਸ ਤਰ੍ਹਾਂ ਤਿੰਨ ਮਹੀਨਿਆਂ ਦੌਰਾਨ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੁੱਲ 89 ਰੁਪਏ ਦਾ ਵਾਧਾ ਹੋ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਊਰਜਾ ਦੀਆਂ ਵਧੀਆਂ ਕੀਮਤਾਂ ਅਤੇ ਘਰੇਲੂ ਵਿਕਰੀ 'ਤੇ ਹੋ ਰਹੇ ਨੁਕਸਾਨ ਕਾਰਨ ਇਹ ਫੈਸਲਾ ਲੈਣਾ ਪਿਆ ਹੈ। ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਹਰ ਘਰੇਲੂ ਐਲਪੀਜੀ ਸਿਲੰਡਰ 'ਤੇ ਉਨ੍ਹਾਂ ਨੂੰ ਕਰੀਬ 703 ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਨਵੀਆਂ ਕੀਮਤਾਂ ਲਾਗੂ ਹੋਣ ਦੇ ਬਾਵਜੂਦ ਇਸ ਨੁਕਸਾਨ ਦੀ ਸਿਰਫ ਅੰਸ਼ਕ ਭਰਪਾਈ ਹੀ ਹੋ ਸਕੇਗੀ। ਦੂਜੇ ਪਾਸੇ 5 ਕਿਲੋਗ੍ਰਾਮ ਵਾਲੇ ਛੋਟੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ 11 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 821.50 ਰੁਪਏ ਹੋ ਗਈ ਹੈ। ਮਹਿੰਗਾਈ ਦੇ ਇਸ ਨਵੇਂ ਝਟਕੇ ਨਾਲ ਘਰੇਲੂ ਬਜਟ 'ਤੇ ਹੋਰ ਬੋਝ ਪੈਣ ਦੀ ਸੰਭਾਵਨਾ ਹੈ।