ਅਧਿਆਪਕ ਗੁਰਨਾਮ ਸਿੰਘ ਨੂੰ ਰਾਜ ਪੱਧਰੀ ਪੁਰਸਕਾਰ ਮਿਲਣ ’ਤੇ ਪਿੰਡ ਡੇਲੂਆਣਾ ’ਚ ਵਿਆਹ ਵਰਗਾ ਮਹੌਲ

State Level Award
ਮਾਨਸਾ : ਮੋਗਾ ਵਿਖੇ ਹੋਏ ਸਮਾਗਮ ਦੌਰਾਨ ਅਧਿਆਪਕ ਗੁਰਨਾਮ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਸਵੀਰ : ਸੱਚ ਕਹੂੰ ਨਿਊਜ਼

ਵਧਾਈਆਂ ਦੇਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ (State Level Award)

(ਸੁਖਜੀਤ ਮਾਨ) ਮਾਨਸਾ। ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਹੈੱਡ ਟੀਚਰ ਗੁਰਨਾਮ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਮਿਲਣ ’ਤੇ ਪਿੰਡ ’ਚ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ। ਪਿੰਡ ’ਚ ਢੋਲ ਦੀ ਥਾਪ ’ਤੇ ਗਿੱਧਾ ਤੇ ਭੰਗੜਾ ਪਾਇਆ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। (State Level Award)

ਵੇਰਵਿਆਂ ਮੁਤਾਬਿਕ ਅਧਿਆਪਕ ਗੁਰਨਾਮ ਸਿੰਘ ਪਿੰਡ ਡੇਲੂਆਣਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ’ਚ ਬਤੌਰ ਹੈੱਡ ਟੀਚਰ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੀ ਇਮਾਰਤ ਨੂੰ ਜਿੱਥੇ ਸ਼ਾਨਦਾਰ ਬਣਾਇਆ ਹੈ, ਉੱਥੇ ਹੀ ਵਿੱਦਿਅਕ ਅਤੇ ਖੇਡ ਪ੍ਰਾਪਤੀਆਂ ਵੀ ਬਹੁਤ ਵਧੀਆ ਹਨ ਸਰਕਾਰ ਵੱਲੋਂ ਗੁਰਨਾਮ ਸਿੰਘ ਦੀ ਇਸ ਮਿਹਨਤ ਨੂੰ ਦੇਖਦਿਆਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਮੋਗਾ ਵਿਖੇ ਹੋਏ ਰਾਜ ਪੱਧਰੀ ਸਮਾਗਮ ’ਚ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਪੁਰਸਕਾਰ ਹਾਸਿਲ ਕਰਕੇ ਜਦੋਂ ਅਧਿਆਪਕ ਗੁਰਨਾਮ ਸਿੰਘ ਪਿੰਡ ਪਰਤੇ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਦੋਂ ਉਹ ਸਕੂਲ ਵੱਲ ਜਾ ਰਹੇ ਸੀ ਤਾਂ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਤਹਿਤ ਗੁਰਨਾਮ ਸਿੰਘ ’ਤੇ ਫੁਲਕਾਰੀ ਤਾਣੀ ਗਈ ਪਿੰਡ ਦੀਆਂ ਮਹਿਲਾਵਾਂ ਨੇ ਸਿਰ ਪਲੋਸ ਕੇ ਵਧਾਈ ਦਿੱਤੀ ਤੇ ਖੁਸ਼ੀ ’ਚ ਗਿੱਧਾ ਪਾਇਆ। ਪਿੰਡ ਵਾਸੀਆਂ ਅਤੇ ਸਕੂਲ ਦੇ ਸਟਾਫ ਅਤੇ ਹੋਰਨਾਂ ਅਧਿਆਪਕਾਂ ਵੱਲੋਂ ਮਿਲ ਰਹੇ ਪਿਆਰ-ਸਤਿਕਾਰ ਨੂੰ ਦੇਖਦਿਆਂ ਗੁਰਨਾਮ ਸਿੰਘ ਦਾ ਚਿਹਰਾ ਖੁਸ਼ੀ ’ਚ ਭਾਵੁਕ ਹੋ ਗਿਆ। (State Level Award) ਇਸ ਮੌਕੇ ਸਰਕਾਰੀ ਮਿਡਲ ਸਕੂਲ ਲਖਵੀਰ ਵਾਲਾ ਦੇ ਡਰਾਇੰਗ ਅਧਿਆਪਕ ਅਵਤਾਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਪੁਰਸਕਾਰ ਮਿਲਣ ਦੇ ਨਾਲ-ਨਾਲ ਗੁਰਨਾਮ ਸਿੰਘ ਪ੍ਰਤੀ ਪਿੰਡ ਵਾਸੀਆਂ ਵੱਲੋਂ ਦਿਖਾਇਆ ਜਾ ਰਿਹਾ ਮੋਹ-ਸਤਿਕਾਰ ਵੀ ਪੁਰਸਕਾਰ ਹੈ। ਉਨ੍ਹਾਂ ਕਿਹਾ ਕਿ ਉਹ ਨਰਮ ਸੁਭਾਅ ਅਤੇ ਸਖਤ ਮਿਹਨਤ ਵਾਲੇ ਪੁਰਸਕਾਰ ਜੇਤੂ ਅਧਿਆਪਕ ਦੀ ਹੋਰ ਤਰੱਕੀ ਦੀ ਕਾਮਨਾ ਕਰਦੇ ਹਨ।

State Level Award
ਮਾਨਸਾ : ਅਧਿਆਪਕ ਗੁਰਨਾਮ ਸਿੰਘ ਨੂੰ ਵਧਾਈ ਦਿੰਦੇ ਹੋਏ ਡੀਟੀਐਫ ਮਾਨਸਾ ਦੇ ਅਹੁਦੇਦਾਰ ਤੇ ਹੋਰ ਤਸਵੀਰ : ਸੱਚ ਕਹੂੰ ਨਿਊਜ਼

ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਸਮਰਪਿਤ ਹੈ ਪੁਰਸਕਾਰ : ਗੁਰਨਾਮ ਸਿੰਘ

ਇਸ ਮੌਕੇ ਪੁਰਸਰਕਾਰ ਜੇਤੂ ਅਧਿਆਪਕ ਗੁਰਨਾਮ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਉਨ੍ਹਾਂ ਨੂੰ ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਉਹ ਪੁਰਸਕਾਰ ਸਕੂਲ ਸਟਾਫ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਮਰਪਿਤ ਹੈ ਉਨ੍ਹਾਂ ਕਿਹਾ ਕਿ ਸਟਾਫ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੁੱਚੇ ਪਿੰਡ ਵਾਸੀਆਂ ਨੇ ਹਮੇਸ਼ਾ ਸਕੂਲ ਦੀ ਬਿਹਤਰੀ ਦੇ ਹਰ ਕੰਮ ’ਚ ਉਨ੍ਹਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਜਿਸਦੇ ਸਿੱਟੇ ਵਜੋਂ ਹੀ ਉਨ੍ਹਾਂ ਨੂੰ ਪੁਰਸਕਾਰ ਮਿਲਿਆ ਹੈ