2019 ‘special olympics world games’ ‘ਚ ਜਿੱਤਿਆ ਸੋਨ ਤਮਗਾ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) 8 ਮਾਰਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਪੂਰੇ ਵਿਸ਼ਵ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਜਾਂਦੀ ਹੈ ਜਿਸ ਵਿੱਚ ਔਰਤਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਧਿਕਾਰ ਸ਼ਾਮਿਲ ਹੁੰਦੇ ਹਨ ਹਾਲਾਂਕਿ ਹੁਣ ਇਸ ਦਿਵਸ ਦਾ ਰੂਪ ਕਾਫ਼ੀ ਬਦਲ ਚੁੱਕਾ ਹੈ ਅੱਜ ਇਸ ਦਿਨ ਔਰਤਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਇਸ ਦਿਨ ਕੀਤਾ ਜਾਂਦਾ ਹੈ। ਭਾਰਤ ਵਿੱਚ ਵੀ ਇਹ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਔਰਤਾਂ ਦੇ ਸਨਮਾਨ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ
ਅੱਜ ਦੇ ਦਿਨ ਰਾਏਕੋਟ ਸ਼ਹਿਰ ਦੀ ਇੱਕ ਅਜਿਹੀ ਲੜਕੀ ਦਾ ਜਿਕਰ ਕਰਨਾ ਬਣਦਾ ਹੈ ਜਿਸ ਨੇ ਸਰੀਰਕ ਪੱਖੋਂ ਊਣੀ ਹੁੰਦੇ ਹੋਏ ਵੀ 14 ਤੋਂ 21 ਮਾਰਚ 2019 ‘ਚ ਅਬੂ ਧਾਬੀ ਵਿਖੇ ਹੋਈਆਂ ‘ਸਪੈਸ਼ਲ ਉਲੰਪਿਕਸ ਵਰਲਡ ਗੇਮਜ਼’ ਵਿੱਚ ਭਾਰਤ ਵੱਲੋਂ ਖੇਡਦੇ ਹੋਏ ਸਾਈਕਲਿੰਗ ਮੁਕਾਬਲਿਆਂ ‘ਚ ਭਾਗ ਲਿਆ ਅਤੇ 500 ਮੀਟਰ ਦੇ ਮੁਕਾਬਲੇ ‘ਚ ਸੋਨੇ ਦਾ ਤਮਗਾ ਹਾਸਲ ਕੀਤਾ। ਪੱਤਰਕਾਰ ਸੁਸ਼ੀਲ ਸ਼ਰਮਾ ਦੀ ਸਪੁੱਤਰੀ ਸ਼ਾਮਲੀ ਸਰਮਾਂ ਨੇ ਸਪੈਸ਼ਲ ਉਲੰਪਿਕਸ ਵਰਲਡ ਗੇਮਜ਼ 2019 ਵਿੱਚ ਸੋਨੇ ਦਾ ਤਗ਼ਮਾ ਜਿੱਤੇ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਇਸ ਦੇ ਨਾਲ ਹੀ ਸ਼ਾਮਲੀ ਸ਼ਰਮਾਂ ਨੂੰ ਚੋਣ ਕਮਿਸ਼ਨ ਪੰਜਾਬ ਵੱਲੋਂ ਲੋਕ ਸਭਾ ਸਭਾ ਚੋਣਾਂ 2019 ਲਈ ਜ਼ਿਲ੍ਹਾ ਲੁਧਿਆਣਾ ਦਾ ‘ਸਵੀਪ ਆਇਕਾਨ’ ਐਲਾਨਿਆ ਗਿਆ ਸੀ।
ਜਿਕਰਯੋਗ ਹੈ ਕਿ ਸ਼ਾਮਲੀ ਸਰਮਾ ਵਿਸ਼ੇਸ਼ ਬੱਚਿਆਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਜਿਹੜੇ ਸਰੀਰਕ ਤੇ ਦਿਮਾਗੀ ਪੱਖੋਂ ਦੂਜੇ ਬੱਚਿਆਂ ਨਾਲੋਂ ਪਛੜੇ ਹੁੰਦੇ ਹਨ ਪ੍ਰੰਤੂ ਸ਼ਾਮਲੀ ਦੀ ਅਧਿਆਪਕਾਂ ਸੰਦੀਪ ਕੌਰ ਨੇ ਹੋਰ ਬੱਚਿਆਂ ਦੇ ਨਾਲ-ਨਾਲ ਸ਼ਾਮਲੀ ਦੀ ਅਜਿਹੀ ਤਿਆਰੀ ਕਰਵਾਈ ਕਿ ਉਹ ਸਭ ਨੂੰ ਪਛਾੜਕੇ ਸਾਈਕਲਿੰਗ ਵਿੱਚ ਵਿਸ਼ਵ ਜੇਤੂ ਬਣੀ। ਸ਼ਾਮਲੀ ਦੀ ਪ੍ਰਾਪਤੀ ਵਿੱਚ ਮੈਡਮ ਸੰਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਹੈ। ਅੱਜ ਵਿਸ਼ਵ ਨਾਰੀ ਦਿਵਸ ਮੌਕੇ ਸੰਦੀਪ ਕੌਰ ਦੀ ਘਾਲਣਾ ਸਬੰਧੀ ਵੀ ਜਿਕਰ ਕਰਨਾ ਬਣਦਾ ਹੈ।
ਐਮ.ਏ. ਤੇ ਵਿਸੇਸ਼ ਬੱਚਿਆਂ ਦੇ ਵਿਸ਼ੇ ਨਾਲ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਸੰਦੀਪ ਕੌਰ ਅਜਿਹੀਆਂ ਲੜਕੀਆਂ ਵਿੱਚ ਖਾਸ ਰੁਚੀ ਦੀ ਪਹਿਚਾਣ ਕਰਕੇ ਉਹਨਾਂ ਨੂੰ ਉਸੇ ਖੇਤਰ ਵਿੱਚ ਅੱਗੇ ਲਿਜਾਣ ਲਈ ਸਖਤ ਮਿਹਨਤ ਕਰਦੀ ਹੈ। ‘ਇੱਕ ਨਈਂ ਉਮੀਦ’ ਸਕੂਲ ਰਾਏਕੋਟ ‘ਚ ਬਤੌਰ ਅਧਿਆਪਕਾਂ ਕੰਮ ਕਰ ਰਹੀ ਮੈਡਮ ਸੰਦੀਪ ਕੌਰ ਨੇ ਕਈ ਲੜਕੇ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਕੌਮੀ ਤੋਂ ਕੌਮਾਂਤਰੀ ਪੱਧਰ ਤੱਕ ਤਿਆਰ ਕੀਤਾ ਹੈ।
ਮੈਡਮ ਸੰਦੀਪ ਕੌਰ ਦੱਸਦੀ ਹੈ ਕਿ ਸ਼ਾਮਲੀ ਜਦੋਂ ਸਕੂਲ ਆਈ ਤਾਂ ਉਹ ਆਮ ਬੱਚਿਆਂ ਨਾਲੋਂ ਸਰੀਰਕ ਤੇ ਦਿਮਾਗੀ ਤੌਰ ‘ਤੇ ਪੱਛੜੀ ਹੋਈ ਸੀ। ਸਕੂਲ ਦੇ ਸਟਾਫ ਨੇ ਉਸ ਦੀ ਖੇਡਾਂ ਵੱਲ ਰੁਚੀ ਦੇਖ ਕੇ ਉਸ ਨੂੰ ਇਸ ਪਾਸੇ ਉਤਸ਼ਾਹਿਤ ਕੀਤਾ ਤੇ ਉਸ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਂਦੇ ਹੋਏ ਦੌੜਾਂ ਦਾ ਮੁਕਾਬਲਾ ਜਿੱਤਿਆ। ਇਸੇ ਦੌਰਾਨ ਉਹ ਸ਼ੌਂਕ ਵਜੋਂ ਸਾਇਕਲ ਚਲਾਉਣ ਲੱਗੀ ਤਾਂ ਇਕ ਕੋਚ ਨੇ ਉਸ ਦੀ ਸਾਇਕਲਿੰਗ ‘ਚ ਵਿਸੇਸ਼ ਪ੍ਰਤਿਭਾ ਨੂੰ ਪਹਿਚਾਣ ਲਿਆ ਤੇ ਉਸ ਨੂੰ ਸਾਇਕਲਿੰਗ ਮੁਕਾਬਲੇ ‘ਚ ਭਾਗ ਲੈਣ ਲਈ ਕਿਹਾ ਤੇ ਉਸ ਨੇ ਇਹ ਮੁਕਬਲਾ ਵੀ ਜਿੱਤ ਲਿਆ। ਇਸ ਤੋਂ ਬਾਅਦ ਪਿਛਲੇ ਸਾਲ ਉਸ ਨੇ ਝਾਰਖੰਡ ਦੇ ਸ਼ਹਿਰ ਰਾਂਚੀ ਵਿਖੇ ਹੋਈਆਂ ਸਪੈਸ਼ਲ ਉਲੰਪਿਕਸ ਕੌਮੀ ਸਾਈਕਲਿੰਗ ਚੈਂਪੀਅਨਸ਼ਿਪ ਜਿੱਤ ਕੇ ਸਪੈਸ਼ਲ ਉਲੰਪਿਕਸ ਵਰਲਡ ਗੇਮਜ਼ ‘ਚ ਹਿੱਸਾ ਲਿਆ ਤੇ ਵਿਸ਼ਵ ਚੈਪੀਅਨ ਬਣ ਗਈ।
ਸੰਦੀਪ ਕੌਰ ਨੇ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਦੇ ਬਾਰਬਰ ਹੀ ਨਹੀਂ ਸਗੋਂ ਉਹਨਾਂ ਨਾਲੋਂ ਅੱਗੇ ਹਨ। ਲੜਕੀਆਂ ਨੂੰ ਕੇਵਲ ਮੌਕਾ ਪ੍ਰਦਾਨ ਕਰਨ ਦੀ ਲੋੜ ਹੈ ਤਾਂ ਜੋ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।