ਨਕਲੀ ਸ਼ਰਾਬ ‘ਚ ਸਿੱਧੇ ਤੌਰ ‘ਤੇ ਸ਼ਾਮਲ ਵਿਅਕਤੀਆਂ ਵਿਰੁੱਧ ਲਗੇ ਧਾਰਾ 302, ਮੁੱਖ ਮੰਤਰੀ ਨੇ ਦਿੱਤੇ ਹੁਕਮ

Punjab News

ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਦੋਸ਼ੀਆਂ ਖ਼ਿਲਾਫ਼ ਚਲੇਗਾ ਕਤਲ ਦਾ ਮੁਕਦਮਾ

ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਪੈਨਲ ਨੂੰ ਪਕੋਕਾ ‘ਤੇ ਰਿਪੋਰਟ ਸੌਂਪਣ ਲਈ ਆਖਿਆ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਅੱਜ ਕਿਹਾ ਕਿ ਨਕਲੀ ਸ਼ਰਾਬ ਦੇ ਕੇਸ ‘ਚ ਸਿਆਸੀ ਦਖ਼ਲਅੰਦਾਜ਼ੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਜਾਵੇਗਾ। ਉਨਾਂ ਨੇ ਡੀ.ਜੀ.ਪੀ. ਨੂੰ ਇਸ ਘਟਨਾ ਵਿੱਚ ਸਿੱਧੀ ਸ਼ਮੂਲੀਅਤ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਹਾਲ ਹੀ ਦੇ ਸਮਿਆਂ ਦੀ ਸਭ ਤੋਂ ਵੱਡੀ ਤਰਾਸਦੀ ਦੱਸਦਿਆਂ ਪੀੜਤਾਂ ਲਈ ਇਨਸਾਫ ਦਾ ਵਾਅਦਾ ਕੀਤਾ। ਉਨਾਂ ਨੇ ਨਕਲੀ/ਨਾਜਾਇਜ਼ ਸ਼ਰਾਬ ਬਣਾਉਣ ਤੇ ਤਸਕਰੀ ਲਈ ਐਕਸਾਈਜ਼ ਐਕਟ ਵਿੱਚ ਸਜ਼ਾ ਵਧਾਉਣ ਦਾ ਵਿਚਾਰ ਪੇਸ਼ ਕੀਤਾ ਤਾਂ ਕਿ ਵਾਰ-ਵਾਰ ਅਪਰਾਧ ਕਰਨ ਵਾਲੇ ਜੇਲ ਦੀਆਂ ਸ਼ਲਾਖਾਂ ਪਿੱਛੇ ਰਹਿਣ ਅਤੇ ਮੁੜ ਅਪਰਾਧ ਕਰਨ ਲਈ ਛੇਤੀ ਕੀਤਿਆਂ ਬਾਹਰ ਨਾ ਆ ਸਕਣ।

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮੰਤਰੀਆਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਸੁਝਾਅ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਵਰਗੇ ਸੰਗਠਿਤ ਅਪਰਾਧ ‘ਤੇ ਕਾਬੂ ਪਾਉਣ ਲਈ ਪਕੋਕਾ ਵਰਗਾ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਕਾਇਮ ਕੀਤੀ ਸਬ-ਕਮੇਟੀ ਨੂੰ ਤਜਵੀਜ਼ਤ ਕਾਨੂੰਨ ਦੇ ਉਪਬੰਧਾਂ ਨੂੰ ਘੋਖਣ ਅਤੇ ਅੰਤਮ ਰੂਪ ਦੇ ਕੇ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਲਈ ਆਖਿਆ।

ਮੁੱਖ ਮੰਤਰੀ ਨੇ ਨਕਲੀ ਸ਼ਰਾਬ ਦੀ ਘਟਨਾ ‘ਤੇ ਦੋ ਵੱਖ-ਵੱਖ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਆਦੇਸ਼ ਜਾਰੀ ਕੀਤੇ ਜਿਨਾਂ ਵਿੱਚੋਂ ਇਕ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਦਕਿ ਮੀਟਿੰਗ ਦੌਰਾਨ ਦੂਜੀ ਮੀਟਿੰਗ ਪੁਲੀਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਦੌਰਾਨ ਲਿਆ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਦੁਖਾਂਤ ਦੇ ਪੀੜਤਾਂ ਨੂੰ ਸ਼ਰਧਾਂਜਲੀ ਵਜੋਂ 2-ਮਿੰਟ ਦਾ ਮੌਨ ਧਾਰਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਇਸ ਘਟਨਾ ਵਿੱਚ ਹੁਣ ਤੱਕ 113 ਵਿਅਕਤੀਆਂ ਨੇ ਜਾਨ ਗਵਾਈ ਹੈ ਅਤੇ ਕਈ ਇਲਾਜ ਅਧੀਨ ਹਨ ਜੋ ਹਸਪਤਾਲਾਂ ਵਿੱਚ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ  ਨੇ ਕਿਹਾ ਕਿ ਉਨਾਂ ਦੇ ਜ਼ਿਲੇ ਵਿੱਚ 84 ਮੌਤਾਂ ਰਿਪੋਰਟ ਹੋਈਆਂ ਹਨ ਅਤੇ 13 ਵਿਅਕਤੀ ਇਲਾਜ ਅਧੀਨ ਹਨ। ਉਨਾਂ ਦੱਸਿਆ ਇਨਾਂ 13 ਵਿੱਚੋਂ 6 ਨੂੰ ਅੱਖਾਂ ਦੇ ਇਲਾਜ ਲਈ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ।  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਖਹਿਰਾ ਨੇ ਕਿਹਾ ਕਿ ਉਨਾਂ ਦੇ  ਜ਼ਿਲੇ ਵਿੱਚ 15 ਮੌਤਾਂ ਦੀਆਂ ਰਿਪੋਰਟ ਹੋਈਆਂ ਹਨ ਅਤੇ ਪਰਿਵਾਰਾਂ ਨੂੰ ਬਿਨਾਂ ਦੇਰੀ ਰਾਹਤ ਮੁਹੱਈਆ ਕਰਵਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ