ਹਿੰਮਤ, ਹੌਂਸਲੇ ਤੇ ਮਨੋਬਲ ਨੂੰ ਸਮਰਪਿਤ ਸਾਵਿੱਤਰੀ ਬਾਈ ਫੂਲੇ

Swittri bai Phooley

ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਵਸ ’ਤੇ ਵਿਸ਼ੇਸ਼ | Savitri Bai Phule

3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਨਯਾਗਾਓਂ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਈ ਸਾਵਿੱਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਨ। ਉਨ੍ਹਾਂ ਦੇ ਪਿਤਾ ਦਾ ਨਾਂਅ ਖੰਡੋਜੀ ਨਵੇਸੇ ਅਤੇ ਮਾਤਾ ਦਾ ਨਾਂਅ ਲਕਸ਼ਮੀ ਸੀ। ਇੱਕ ਅਧਿਆਪਕ ਹੋਣ ਤੋਂ ਇਲਾਵਾ ਸਾਵਿੱਤਰੀਬਾਈ ਫੂਲੇ ਭਾਰਤ ਦੀ ਮਹਿਲਾ ਮੁਕਤੀ ਅੰਦੋਲਨ ਦੀ ਪਹਿਲੀ ਨੇਤਾ, ਇੱਕ ਸਮਾਜ ਸੁਧਾਰਕ ਤੇ ਇੱਕ ਕਵਿੱਤਰੀ ਵੀ ਸਨ।

ਲੜਕੀਆਂ ਨੂੰ ਸਿੱਖਿਅਤ ਕਰਨ ਲਈ ਉਨ੍ਹਾਂ ਨੂੰ ਸਮਾਜ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਅਜਿਹੇ ਹਾਲਾਤ ਵੀ ਆਏ ਜਦੋਂ ਉਨ੍ਹਾਂ ਨੂੰ ਸੁਸਾਇਟੀ ਦੇ ਠੇਕੇਦਾਰਾਂ ਤੋਂ ਪੱਥਰਬਾਜ਼ੀ ਦਾ ਸਾਹਮਣਾ ਵੀ ਕਰਨਾ ਪਿਆ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਔਰਤਾਂ ਨੂੰ ਦੂਜਾ ਦਰਜਾ ਦਿੱਤਾ ਜਾਂਦਾ ਸੀ। ਅੱਜ ਵਾਂਗ ਉਨ੍ਹਾਂ ਕੋਲ ਸਿੱਖਿਆ ਦਾ ਅਧਿਕਾਰ ਨਹੀਂ ਸੀ। ਜੇਕਰ 18ਵੀਂ ਸਦੀ ਦੀ ਗੱਲ ਕਰੀਏ ਤਾਂ ਉਸ ਸਮੇਂ ਔਰਤਾਂ ਦਾ ਸਕੂਲ ਜਾਣਾ ਪਾਪ ਮੰਨਿਆ ਜਾਂਦਾ ਸੀ।

Savitri Bai Phule

ਅਜਿਹੇ ਸਮੇਂ ਵਿੱਚ ਸਾਵਿੱਤਰੀਬਾਈ ਫੂਲੇ ਨੇ ਜੋ ਕੀਤਾ ਉਹ ਪ੍ਰਾਪਤੀ ਸਾਧਾਰਨ ਨਹੀਂ ਸੀ। ਜਦੋਂ ਉਹ ਸਕੂਲ ਜਾਂਦੀ ਸੀ ਤਾਂ ਲੋਕ ਉਸ ਨੂੰ ਪੱਥਰ ਮਾਰਦੇ ਸਨ। ਇਸ ਸਭ ਦੇ ਬਾਵਜ਼ੂਦ ਉਹ ਆਪਣੇ ਟੀਚੇ ਤੋਂ ਕਦੇ ਵੀ ਨਹੀਂ ਭਟਕੇ ਅਤੇ ਲੜਕੀਆਂ ਤੇ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਦਿਵਾਇਆ। ਉਨ੍ਹਾਂ ਨੂੰ ਆਧੁਨਿਕ ਮਰਾਠੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ। ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਾਵਿੱਤਰੀਬਾਈ ਫੂਲੇ ਨੇ ਆਪਣੇ ਪਤੀ ਸਮਾਜ ਸੇਵੀ ਮਹਾਤਮਾ ਜੋਤੀਬਾ ਫੂਲੇ ਦੇ ਨਾਲ 1848 ਵਿੱਚ ਲੜਕੀਆਂ ਲਈ ਇੱਕ ਸਕੂਲ ਦੀ ਸਥਾਪਨਾ ਕੀਤੀ। ਸਵਿੱਤਰੀਬਾਈ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਉਨ੍ਹਾਂ ਦਾ ਵਿਆਹ 1940 ਵਿੱਚ ਸਿਰਫ਼ 9 ਸਾਲ ਦੀ ਉਮਰ ਵਿੱਚ ਜੋਤੀਬਾ ਰਾਓ ਫੂਲੇ ਨਾਲ ਹੋਇਆ। (Savitri Bai Phule)

ਵਿਆਹ ਤੋਂ ਬਾਅਦ ਉਹ ਜਲਦੀ ਹੀ ਆਪਣੇ ਪਤੀ ਨਾਲ ਪੂਣੇ ਆ ਗਈ। ਵਿਆਹ ਸਮੇਂ ਉਹ ਪੜ੍ਹੀ-ਲਿਖੀ ਨਹੀਂ ਸੀ। ਪਰ ਉਸ ਦੀ ਪੜ੍ਹਾਈ ਵਿਚ ਬਹੁਤ ਦਿਲਚਸਪੀ ਸੀ। ਪੜ੍ਹਨ ਅਤੇ ਸਿੱਖਣ ਦੇ ਉਸ ਦੇ ਜਨੂੰਨ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਪਤੀ ਨੇ ਉਸਨੂੰ ਅੱਗੇ ਪੜ੍ਹਨਾ ਤੇ ਲਿਖਣਾ ਸਿਖਾਇਆ। ਸਾਵਿੱਤਰੀਬਾਈ ਨੇ ਅਹਿਮਦਨਗਰ ਅਤੇ ਪੂਣੇ ਵਿੱਚ ਇੱਕ ਅਧਿਆਪਕ ਵਜੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਇੱਕ ਯੋਗ ਅਧਿਆਪਕ ਬਣ ਗਈ। ਸਾਵਿੱਤਰੀਬਾਈ ਨੇ ਆਪਣੇ ਪਤੀ ਨਾਲ ਮਿਲ ਕੇ 3 ਜਨਵਰੀ 1848 ਨੂੰ ਵੱਖ-ਵੱਖ ਜਾਤੀਆਂ ਦੇ ਨੌਂ ਵਿਦਿਆਰਥੀਆਂ ਨਾਲ ਪੂਣੇ ਵਿੱਚ ਔਰਤਾਂ ਲਈ ਪਹਿਲੇ ਸਕੂਲ ਦੀ ਸਥਾਪਨਾ ਕੀਤੀ। ਇੱਕ ਸਾਲ ਵਿੱਚ ਸਵਿੱਤਰੀਬਾਈ ਅਤੇ ਜੋਤਿਬਾ ਫੂਲੇ ਪੰਜ ਨਵੇਂ ਸਕੂਲ ਖੋਲ੍ਹਣ ਵਿੱਚ ਸਫ਼ਲ ਹੋਏ। ਉਸ ਵੇਲੇ ਦੀ ਸਰਕਾਰ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ। (Savitri Bai Phule)

1848 ਵਿੱਚ (ਜਿਸ ਸਮੇਂ ਕੁੜੀਆਂ ਦੀ ਪੜ੍ਹਾਈ ’ਤੇ ਸਮਾਜਿਕ ਪਾਬੰਦੀਆਂ ਸਨ) ਇੱਕ ਮਹਿਲਾ ਪ੍ਰਿੰਸੀਪਲ ਲਈ ਕੁੜੀਆਂ ਦਾ ਸਕੂਲ ਚਲਾਉਣਾ ਕਿੰਨਾ ਔਖਾ ਹੋਇਆ ਹੋਵੇਗਾ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਦੌਰਾਨ ਸਵਿੱਤਰੀਬਾਈ ਫੂਲੇ ਨੇ ਨਾ ਸਿਰਫ਼ ਆਪਣੀ ਪੜ੍ਹਾਈ ਕੀਤੀ ਸਗੋਂ ਹੋਰ ਲੜਕੀਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਕੀਤਾ। ਭਾਰਤ ਵਿੱਚ, ਆਜ਼ਾਦੀ ਤੋਂ ਪਹਿਲਾਂ, ਸਮਾਜ ਵਿੱਚ ਛੂਤ-ਛਾਤ, ਸਤੀ ਪ੍ਰਥਾ, ਬਾਲ ਵਿਆਹ ਅਤੇ ਵਿਧਵਾ ਪੁਨਰ-ਵਿਆਹ ਤੇ ਪਾਬੰਦੀ ਵਰਗੀਆਂ ਬੁਰਾਈਆਂ ਪ੍ਰਚਲਿਤ ਸਨ। ਸਾਵਿਤਰੀਬਾਈ ਫੂਲੇ ਦਾ ਜੀਵਨ ਬਹੁਤ ਔਖਾ ਸੀ।

Savitri Bai Phule

ਦਲਿਤ ਔਰਤਾਂ ਦੇ ਵਿਕਾਸ ਲਈ ਕੰਮ ਕਰਨ ਤੇ ਛੂਤ-ਛਾਤ ਵਿਰੁੱਧ ਆਵਾਜ਼ ਉਠਾਉਣ ਕਾਰਨ ਉਸ ਨੂੰ ਵੱਡੇ ਵਰਗ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਜਦੋਂ ਉਹ ਸਕੂਲ ਜਾਂਦੀ ਸੀ ਤਾਂ ਉਸ ਦੇ ਵਿਰੋਧੀ ਉਸ ’ਤੇ ਪੱਥਰ ਸੁੱਟਦੇ ਸਨ ਤੇ ਮਿੱਟੀ ਚਿੱਕੜ ਸੁੱਟਦੇ ਸਨ। ਸਾਵਿੱਤਰੀਬਾਈ ਆਪਣੇ ਬੈਗ ਵਿੱਚ ਸਾੜ੍ਹੀ ਲੈ ਕੇ ਜਾਂਦੀ ਸੀ ਅਤੇ ਸਕੂਲ ਪਹੁੰਚ ਕੇ ਲਿੱਬੜੀ ਸਾੜ੍ਹੀ ਬਦਲ ਦਿੰਦੀ ਸੀ। ਇੱਕ ਸਦੀ ਪਹਿਲਾਂ ਜਦੋਂ ਲੜਕੀਆਂ ਦੀ ਸਿੱਖਿਆ ਨੂੰ ਸਰਾਪ ਮੰਨਿਆ ਜਾਂਦਾ ਸੀ ਉਸ ਵੇਲੇ ਉਸ ਨੇ ਮਹਾਂਰਾਸ਼ਟਰ ਦੀ ਸੱਭਿਆਚਾਰਕ ਰਾਜਧਾਨੀ ਪੂਣੇ ਵਿਚ ਲੜਕੀਆਂ ਦਾ ਪਹਿਲਾ ਸਕੂਲ ਖੋਲ੍ਹ ਕੇ ਪੂਰੇ ਦੇਸ਼ ਵਿੱਚ ਇੱਕ ਨਵੀਂ ਪਹਿਲਕਦਮੀ ਕੀਤੀ। ਉਸ ਦਾ ਉਦੇਸ਼ ਸਮਾਜ ਵਿੱਚ ਔਰਤਾਂ ਨੂੰ ਅਧਿਕਾਰ ਪ੍ਰਦਾਨ ਕਰਨਾ ਸੀ। (Savitri Bai Phule)

ਦੇਸ਼ ’ਚ ਵਿਧਵਾਵਾਂ ਦੀ ਦੁਰਦਸ਼ਾ ਨੇ ਸਵਿੱਤਰੀਬਾਈ ਨੂੰ ਵੀ ਬਹੁਤ ਦੁਖੀ ਕੀਤਾ। ਇਸ ਲਈ ਉਨ੍ਹਾਂ ਨੇ 1854 ਵਿੱਚ ਵਿਧਵਾਵਾਂ ਦੇ ਰਹਿਣ ਲਈ ਪ੍ਰਬੰਧ ਕੀਤਾ। ਕਈ ਸਾਲਾਂ ਦੇ ਲਗਾਤਾਰ ਸੁਧਾਰ ਤੋਂ ਬਾਅਦ ਉਹ 1864 ਵਿੱਚ ਇਸ ਨੂੰ ਇੱਕ ਵੱਡੀ ਸ਼ਰਨ ਸ਼ੈਲਟਰ ਹੋਮ ਵਿੱਚ ਬਦਲਣ ਵਿੱਚ ਸਫਲ ਹੋ ਗਈ। ਉਸ ਦੇ ਸ਼ੈਲਟਰ ਹੋਮ ਵਿਚ ਬੇਸਹਾਰਾ ਔਰਤਾਂ, ਵਿਧਵਾਵਾਂ ਤੇ ਬਾਲ ਨੂੰਹਾਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਛੱਡ ਦਿੱਤਾ ਸੀ, ਆਦਿ ਨੂੰ ਥਾਂ ਮਿਲਣ ਲੱਗੀ। ਸਵਿੱਤਰੀਬਾਈ ਇਨ੍ਹਾਂ ਸਾਰਿਆਂ ਨੂੰ ਪੜ੍ਹਾਉਂਦੀ ਸੀ। ਉਸ ਨੇ ਇਸ ਸੰਸਥਾ ਵਿਚ ਸ਼ਰਨ ਲਈ ਹੋਈ ਵਿਧਵਾ ਦੇ ਪੁੱਤਰ ਯਸ਼ਵੰਤ ਰਾਓ ਨੂੰ ਵੀ ਗੋਦ ਲਿਆ ਸੀ। (Savitri Bai Phule)

ਇਹ ਵੀ ਪੜ੍ਹੋ : ਡੀਜ਼ਲ ਦੀ ਕਿੱਲਤ : ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ

ਉਸ ਸਮੇਂ ਦਲਿਤਾਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਲਈ ਸਾਂਝੇ ਪਿੰਡਾਂ ਵਿੱਚ ਪਾਣੀ ਇਕੱਠਾ ਕਰਨ ਲਈ ਖੂਹਾਂ ’ਤੇ ਜਾਣ ਦੀ ਮਨਾਹੀ ਸੀ। ਇਸ ਗੱਲ ਨੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਕਾਫੀ ਪਰੇਸ਼ਾਨ ਕੀਤਾ। ਇਸ ਲਈ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਇੱਕ ਖੂਹ ਪੁੱਟਿਆ ਤਾਂ ਜੋ ਉਹ ਵੀ ਅਸਾਨੀ ਨਾਲ ਪਾਣੀ ਲੈ ਸਕਣ।

ਉਸ ਸਮੇਂ ਉਸ ਦੇ ਇਸ ਕਦਮ ਦਾ ਕਾਫੀ ਵਿਰੋਧ ਹੋਇਆ ਸੀ। ਸਵਿੱਤਰੀਬਾਈ ਦੇ ਪਤੀ ਜੋਤੀਰਾਓ ਦੀ 1890 ਵਿੱਚ ਮੌਤ ਹੋ ਗਈ। ਸਾਰੇ ਸਮਾਜਿਕ ਨਿਯਮਾਂ ਨੂੰ ਪਿੱਛੇ ਛੱਡ ਕੇ ਉਸ ਨੇ ਆਪਣੇ ਪਤੀ ਦਾ ਅੰਤਿਮ ਸਸਕਾਰ ਕੀਤਾ ਅਤੇ ਉਸ ਦੀ ਚਿਤਾ ਨੂੰ ਅਗਨ ਭੇਟ ਕੀਤਾ। ਲਗਭਗ ਸੱਤ ਸਾਲ ਬਾਅਦ, ਜਦੋਂ 1897 ਵਿੱਚ ਮਹਾਂਰਾਸ਼ਟਰ ਵਿੱਚ ਪਲੇਗ ਫੈਲ ਗਈ, ਉਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮੱਦਦ ਕਰਨ ਲਈ ਨਿੱਕਲੀ। (Savitri Bai Phule)

Also Read : ਡਰਾਇਵਿੰਗ ’ਚ ਸੁਧਾਰ ਤੇ ਸਜ਼ਾ

ਜਿਸ ਦੌਰਾਨ ਉਹ ਖੁਦ ਪਲੇਗ ਦਾ ਸ਼ਿਕਾਰ ਹੋ ਗਈ ਤੇ ਪਲੇਗ ਨਾਲ ਖੁਦ ਦੀ ਮੌਤ ਹੋ ਗਈ। 10 ਮਾਰਚ 1897 ਨੂੰ ਸਵਿੱਤਰੀਬਾਈ ਨੇ ਆਖਰੀ ਸਾਹ ਲਿਆ। ਭਾਰਤ ਵਿੱਚ ਉਸ ਸਮੇਂ ਅਨੇਕ ਪੁਰਸ਼ ਸਮਾਜ ਸੁਧਾਰ ਦੇ ਪ੍ਰੋਗਰਾਮਾਂ ਵਿੱਚ ਲੱਗੇ ਹੋਏ ਸਨ ਪਰ ਔਰਤ ਹੋ ਕੇ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਸ ਤਰ੍ਹਾਂ ਸਵਿੱਤਰੀਬਾਈ ਫੂਲੇ ਨੇ ਕੰਮ ਕੀਤਾ ਉਹ ਅਜੋਕੇ ਸਮੇਂ ਵਿੱਚ ਵੀ ਮਿਸਾਲ ਹੈ। ਸਵਿੱਤਰੀਬਾਈ ਫੂਲੇ ਦਾ ਜੀਵਨ ਕਈ ਦਹਾਕਿਆਂ ਤੋਂ ਭਾਰਤ ਦੇ ਪਿੰਡਾਂ ਤੇ ਕਸਬਿਆਂ ਦੀਆਂ ਔਰਤਾਂ ਲਈ ਪ੍ਰੇਰਣਾਦਾਇਕ ਰਿਹਾ ਹੈ। ਉਨ੍ਹਾਂ ਦੀ ਜੀਵਨੀ ਇੱਕ ਔਰਤ ਦੇ ਹਿੰਮਤ, ਹੌਂਸਲੇ ਅਤੇ ਮਨੋਬਲ ਨੂੰ ਸਮਰਪਿਤ ਹੈ। (Savitri Bai Phule)