ਸੰਤ ਡਾ. ਐਮਐਸਜੀ ਨੇ ਬਦਲੀ ਜ਼ਿੰਦਗੀ, ਨਾਮ ਦਾਤ ਪ੍ਰਾਪਤ ਕਰਕੇ ਨੌਜਵਾਨ ਨੇ ਚਿੱਟੇ ਨੂੰ ਕਿਹਾ ਅਲਵਿਦਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਨੇ ਬਦਲੀ ਜ਼ਿੰਦਗੀ

ਨਸ਼ਿਆਂ ਦੀ ਕਾਲੀ ਰਾਤ ਤੋਂ ਸੱਜਰੀ ਸਵੇਰ ਵੱਲ ਮੁੜਿਆ ਅੰਗਰੇਜ਼ ਸਿੰਘ

(ਸੁਖਜੀਤ ਮਾਨ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਨਲਾਈਨ ਗੁਰੂਕੁਲ ਰਾਹੀਂ ਰੋਜ਼ਾਨਾ ਹੀ ਆਪਣੇ ਅਨਮੋਲ ਬਚਨਾਂ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਨੌਜਵਾਨ ਨਸ਼ੇ ਛੱਡ ਰਹੇ ਹਨ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਦੇ ਰਹਿਣ ਵਾਲੇ ਨੌਜਵਾਨ ਅੰਗਰੇਜ ਸਿੰਘ ਦੀ ਜ਼ਿੰਦਗੀ ਵੀ ਨਸ਼ਿਆਂ ਨੇ ਤਬਾਹ ਕਰ ਰੱਖੀ ਸੀ ਪਰ ਹੁਣ ਉਸ ਦੀ ਜ਼ਿੰਦਗੀ ਦੀ ਸੱਜਰੀ ਸਵੇਰ ਦਾ ਸੂਰਜ ਚੜ੍ਹ ਗਿਆ ਹੈ, ਨਾਮ ਦੀ ਅਨਮੋਲ ਦਾਤ ਹਾਸਲ ਕਰਕੇ ਨਸ਼ਾ ਤਿਆਗਿਆ ਤਾਂ ਘਰ ’ਚ ਵੀ ਖੁਸ਼ੀਆਂ ਆ ਗਈਆਂ ਜਦੋਂਕਿ ਪਹਿਲਾਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਸੀ ਅੰਗਰੇਜ ਸਿੰਘ ਨੇ ਨਸ਼ਾ ਛੱਡਣ ਲਈ ਪ੍ਰੇਰਿਤ ਹੋਣ ਸਮੇਤ ਕਾਫੀ ਗੱਲਾਂ ‘ਸੱਚ ਕਹੂੰ’ ਨਾਲ ਕੀਤੀਆਂ, ਪੇਸ਼ ਹਨ ਉਸਦੇ ਕੁੱਝ ਮੁੱਖ ਅੰਸ਼:-

ਸਵਾਲ : ਅੰਗਰੇਜ਼ ਸਿੰਘ ਕਿਹੜਾ ਨਸ਼ਾ ਕਰਦੇ ਸੀ ਤੇ ਕਿੰਨੇ ਸਮੇਂ ਤੋਂ ਕਰ ਰਹੇ ਸੀ?
ਜਵਾਬ : ਮੈਂ ਚਿੱਟੇ ਦਾ ਨਸ਼ਾ ਕਰਦਾ ਸੀ ਪਿਛਲੇ 7-8 ਸਾਲ ਤੋਂ ਹੋਰ ਕੋਈ ਨਸ਼ਾ ਨਹੀਂ ਕੀਤਾ, ਸ਼ੁਰੂ ਤੋਂ ਹੀ ਚਿੱਟਾ ਲੈ ਰਿਹਾ ਸੀ
ਸਵਾਲ : ਨਸ਼ੇ ਦੀ ਪੂਰਤੀ ਲਈ ਪੈਸੇ ਦਾ ਇੰਤਜਾਮ ਕਿਵੇਂ ਹੁੰਦਾ ਸੀ?
ਜਵਾਬ : ਪਹਿਲਾਂ-ਪਹਿਲ ਤਾਂ 4-5 ਮਹੀਨੇ, ਯਾਰ ਦੋਸਤ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਮੈਂ ਨਸ਼ਾ ਕਰਦਾ ਹਾਂ ਉਨ੍ਹਾਂ ਤੋਂ ਪੈਸੇ ਫੜ ਲੈਂਦਾ ਸੀ, ਕੁਝ ਆਪਣੇ ਕੋਲ ਵੀ ਸੀ ਉਸ ਮਗਰੋਂ ਚੋਰੀਆਂ ਆਦਿ ਵੀ ਕੀਤੀਆਂ, ਜਿਸ ਕਾਰਨ ਪਰਚੇ ਵੀ ਦਰਜ਼ ਹੋਏ ਜਿਵੇਂ ਠੀਕ ਲੱਗਦਾ ਸੀ ਕਦੇ ਕਿਸੇ ਤੋਂ ਪੈਸੇ ਫੜ ਲਏ ਤੇ ਕਦੇ ਚੋਰੀ ਕਰ ਲਈ ਇਸ ਤਰ੍ਹਾਂ ਕੰਮ ਚਲਾਇਆ
ਸਵਾਲ : ਨਸ਼ਾ ਛੱਡਣ ਦਾ ਸਬੱਬ ਕਿਵੇਂ ਬਣਿਆ, ਕਿੱਥੋਂ ਪ੍ਰੇਰਿਤ ਹੋਏ?
ਜਵਾਬ : ਮੈਂ ਪਿੰਡ ਦੇ ਹੀ ਡੇਰਾ ਸ਼ਰਧਾਲੂ ਗੁਰਪ੍ਰੀਤ ਸਿੰਘ ਨਾਲ ਗੱਡੀ ’ਚ ਜਾ ਰਿਹਾ ਸੀ ਤਾਂ ਗੱਡੀ ’ਚ ਹੀ ਉਨ੍ਹਾਂ ਨੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਲਾਈਵ ਸਤਿਸੰਗ ਆਪਣੇ ਫੋਨ ’ਤੇ ਸੁਣਾਇਆ ਸੀ ਉਸ ਤੋਂ ਬਾਅਦ ਗੁਰਪ੍ਰੀਤ ਨੇ ਵੀ ਮੈਨੂੰ ਸਮਝਾਇਆ ਤਾਂ ਮੈਂ ਨਸ਼ਾ ਛੱਡਣ ਦੀ ਇੱਛਾ ਪ੍ਰਗਟਾਈ ਫਿਰ ਜਦੋਂ ਮੈਂ ਨਸ਼ਾ ਲੈਣਾ ਬੰਦ ਕਰ ਦਿੱਤਾ ਤਾਂ ਮੇਰੇ ’ਤੇ ਨਿਗ੍ਹਾ ਵੀ ਰੱਖੀ ਗਈ ਤੇ ਹੁਣ ਵੀ ਰੱਖਦੇ ਹਨ ਗੁਰੂ ਜੀ ਦੀ ਕਿਰਪਾ ਹੋਈ ਬਠਿੰਡਾ ਵਿਖੇ ਆਨਲਾਈਨ ਸਤਿਸੰਗ ਸੁਣਿਆ ਤੇ ਉਸ ਤੋਂ ਬਾਅਦ ਮਨ ਨਸ਼ੇ ਦੇ ਕੰਮ ਤੋਂ ਦੂਰ ਹੋ ਗਿਆ।

ਸਵਾਲ : ਨਸ਼ਾ ਛੱਡਣ ਤੋਂ ਬਾਅਦ ਕਿਵੇਂ ਮਹਿਸੂਸ ਹੁੰਦਾ ਹੈ, ਕੰਮਕਾਰ ’ਤੇ ਜਾਂਦੇ ਹੋ?
ਜਵਾਬ : ਮੈਂ ਰੋਜ਼ਾਨਾ ਹੀ ਗੁਰਪ੍ਰੀਤ ਸਿੰਘ ਦੇ ਨਾਲ ਹੀ ਕੰਮ ’ਤੇ ਜਾਂਦਾ ਹਾਂ ਸ਼ੁਰੂਆਤੀ ਹਫ਼ਤਾ ਕੁ ਦਿੱਕਤ ਆਉਂਦੀ ਹੈ, ਉਹ ਵੀ ਸਿਰਫ ਸੋਚਣ ਨਾਲ ਹੀ ਆਉਂਦੀ ਹੈ ਪਰ ਜੇਕਰ ਹੁਣ ਕਿਸੇ ਗਲਤ ਬੰਦੇ ਨਾਲ ਜਾ ਕੇ ਰਲੂੰਗਾ ਤਾਂ ਉਹੋ ਜਿਹੀ ਸੋਚ ਬਣੂੰਗੀ ਹੁਣ ਕੰਮ ਵਾਲੇ ਬੰਦਿਆਂ ਨਾਲ ਰਹਿਣ ਕਰਕੇ ਕੰਮ ਵੱਲ ਧਿਆਨ ਹੁੰਦਾ ਹੈ, ਨਸ਼ੇ ਵੱਲ ਧਿਆਨ ਜਾਂਦਾ ਹੀ ਨਹੀਂ
ਸਵਾਲ : ਆਮ ਲੋਕਾਂ ’ਚ ਇਹ ਧਾਰਨਾ ਹੁੰਦੀ ਹੈ ਕਿ ਜੇ ਹੁਣ ਨਸ਼ਾ ਛੱਡਿਆ ਅਧਰੰਗ ਹੋ ਜਾਵੇਗਾ ਜਾਂ ਕੋਈ ਹੋਰ ਬਿਮਾਰੀ ਹੋ ਜਾਵੇਗੀ?
ਜਵਾਬ : ਇਹੋ ਜਿਹਾ ਕੁੱਝ ਨਹੀਂ ਹੁੰਦਾ, ਇਹ ਸਿਰਫ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ ਨੇ ਜਦੋਂ ਮੇਰੇ ’ਤੇ ਪਰਚਾ ਪੈਂਦਾ ਸੀ, ਪੁਲਿਸ ਚੁੱਕ ਕੇ ਲੈ ਜਾਂਦੀ ਸੀ ਤਾਂ ਉੱਥੇ ਕਿਹੜਾ ਨਸ਼ਾ ਮਿਲਦਾ ਸੀ ਜਾਂ ਜ਼ੇਲ੍ਹ ’ਚ ਕਿਹੜਾ ਨਸ਼ਾ ਦਿੰਦੇ ਹਨ, ਉੱਥੇ ਤਾਂ ਅਧਰੰਗ ਹੋਇਆ ਨਹੀਂ ਕਈਆਂ ਨੂੰ ਸਿਰਫ ਇਹ ਡਰ ਹੀ ਹੁੰਦਾ ਹੈ ਪਰ ਹੁੰਦਾ ਕੁਝ ਨਹੀਂ, ਦੋ-ਤਿੰਨ ਦਿਨ ਦੀ ਹੀ ਸਰੀਰ ਨੂੰ ਤਕਲੀਫ ਆਉਂਦੀ ਹੈ ਬੱਸ
ਸਵਾਲ : ਪਹਿਲਾਂ ਨਸ਼ੇ ਕਰਨ ਕਰਕੇ ਘਰ ’ਚ ਵੀ ਕਲੇਸ਼ ਰਹਿੰਦਾ ਹੋਵੇਗਾ ਹੁਣ ਮਹੌਲ ’ਚ ਕੋਈ ਤਬਦੀਲੀ ਆਈ ਹੈ?
ਜਵਾਬ : ਜਦੋਂ ਦਾ ਨਸ਼ਾ ਛੱਡਿਆ ਹੈ ਮੈਂ ਆਪਣੀ ਮਾਂ ਨੂੰ ਖੁਸ਼ ਦੇਖਦਾ ਹਾਂ, ਪਹਿਲਾਂ ਕਦੇ ਖੁਸ਼ ਨਹੀਂ ਦੇਖੀ ਸੀ
ਸਵਾਲ : ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਨਸ਼ਾ ਕਰਦੇ ਹਨ, ਉਨ੍ਹਾਂ ਨੂੰ ਨਸ਼ਾ ਛੱਡਣ ਲਈ ਕੀ ਕਹਿਣਾ ਚਾਹੁੰਦੇ ਹੋ?
ਜਵਾਬ : ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ, ਰੰਗ ਤੇ ਸੰਗ ਮਿਲਣੇ ਚਾਹੀਦੇ ਹਨ, ਜਿਸ ਤਰ੍ਹਾਂ ਮੈਨੂੰ ਸੰਗ ਗੁਰਪ੍ਰੀਤ ਸਿੰਘ ਦਾ ਮਿਲਿਆ ਅਤੇ ਰੰਗ ਪ੍ਰਮਾਤਮਾ ਦਾ ਮਿਲਿਆ, ਜਿਸ ਸਦਕਾ ਮੈਂ ਬਿਲਕੁਲ ਠੀਕ ਹਾਂ ਨੌਜਵਾਨਾਂ ’ਚ ਇਹ ਵਹਿਮ ਹੀ ਹੈ ਕਿ ਨਸ਼ਾ ਛੱਡਿਆ ਨਹੀਂ ਜਾ ਸਕਦਾ ਮੇਰੇ ਨਾਲ 3-4 ਹੋਰ ਮੁੰਡਿਆਂ ਨੇ ਵੀ ਨਸ਼ਾ ਛੱਡਿਆ ਹੈ, ਉਨ੍ਹਾਂ ਨੂੰ ਵੀ ਕੋਈ ਦਿੱਕਤ ਨਹੀਂ

ਪਹਿਲਾਂ ਘਰ ਦਾ ਬੁਰਾ ਹਾਲ ਸੀ ਪਰ ਹੁਣ ਠੀਕ ਹੈ : ਗੁਰਜੀਤ ਕੌਰ

ਅੰਗਰੇਜ਼ ਸਿੰਘ ਦੇ ਬਿਰਧ ਮਾਤਾ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਦਾ ਮੁੰਡੇ ਨੇ ਨਸ਼ਾ ਛੱਡਿਆ ਹੈ ਘਰ ਦਾ ਹਾਲ ਠੀਕ ਹੋਇਆ ਹੈ ਕਿਉਂਕਿ ਟਾਈਮ ਨਾਲ ਕੰਮ ਤੋਂ ਘਰ ਆ ਜਾਂਦੈ ਤੇ ਸਵੇਰੇ ਕੰਮ ’ਤੇ ਚਲਾ ਜਾਂਦੈ ਇਸ ਤੋਂ ਪਹਿਲਾਂ 10 ਜਣੇ ਆਉਂਦੇ ਸੀ, 10 ਜਾਂਦੇ ਸੀ, ਜਿਸ ਨਾਲ ਘਰ ਦਾ ਬੁਰਾ ਹਾਲ ਕਰ ਦਿੱਤਾ ਸੀ ਬਾਹਰੋਂ ਤਾਂ ਚੋਰੀਆਂ ਕਰਦੇ ਰਹਿੰਦੇ ਸੀ ਘਰ ਦੀਆਂ ਚੀਜ਼ਾਂ ਵੀ ਵੇਚ ਦਿੰਦੇ ਸੀ ਕੋਈ ਆਸ ਨਹੀਂ ਸੀ ਕਿ ਅੰਗਰੇਜ਼ ਨਸ਼ਾ ਛੱਡੂਗਾ ਪਰ ਪਿੰਡ ਦੇ ਮੁੰਡੇ ਗੁਰਪ੍ਰੀਤ ਸਿੰਘ ਨੇ ਸਮਝਾਇਆ ਤੇ ਰੱਬ ਦੀ ਕਿਰਪਾ ਹੋਈ ਤਾਂ ਨਸ਼ਾ ਛੱਡ ਦਿੱਤਾ

ਪੂਜਨੀਕ ਗੁਰੂ ਜੀ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ : ਗੁਰਪ੍ਰੀਤ ਸਿੰਘ ਇੰਸਾਂ

ਗੋਬਿੰਦਪੁਰਾ ਵਾਸੀ ਗੁਰਪ੍ਰੀਤ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਅੰਗਰੇਜ ਸਿੰਘ ਨੇ ਜੋ ਨਸ਼ਾ ਛੱਡਿਆ ਹੈ ਉਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ ਹੈ ਅੰਗਰੇਜ ਸਿੰਘ ਨੇ ਆਨਲਾਈਨ ਸਤਿਸੰਗ ਸੁਣਿਆ ਤਾਂ ਕਾਫੀ ਪ੍ਰਭਾਵਿਤ ਹੋਇਆ ਉਸ ਮਗਰੋਂ ਬਠਿੰਡਾ ’ਚ ਜਾ ਕੇ ਵੀ ਆਨਲਾਈਨ ਸਤਿਸੰਗ ਸੁਣਿਆ ਤੇ ਆਪਣੇ ਨਾਲ ਹੋਰ ਵੀ ਚਿੱਟੇ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਾਲ ਲੈ ਕੇ ਗਿਆ, ਉਨ੍ਹਾਂ ਨੇ ਵੀ ਨਸ਼ਾ ਛੱਡ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ