ਕੈਨੇਡਾ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਸਰਪੰਚ ਨੇ ਬਦਲੀ ਪਿੰਡ ਦੀ ਨੁਹਾਰ

Sarpanch

‘ਮੇਲਾ ਜਾਗਦੇ ਜੁਗਨੂੰਆਂ ਦਾ’ ’ਚ ਮਿੰਟੂ ਸਰਪੰਚ ਨੇ ਦਰਸ਼ਕ ਕੀਲੇ

  •  ਕਿਵੇਂ ਬਣਾਇਆ ਪਿੰਡ ਨੂੰ ਸੋਹਣਾ ਗੱਲਾਬਾਤਾਂ ਦੌਰਾਨ ਦੱਸੀ ਵਿਕਾਸ ਦੀ ਕਹਾਣੀ

(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਪਾਵਰ ਹਾਊਸ ਰੋਡ ’ਤੇ ਚੱਲ ਰਹੇ ‘ਮੇਲਾ ਜਾਗਦੇ ਜੁਗਨੂੰਆਂ ਦਾ’ ਵਿੱਚ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ ਮੇਲੇ ’ਚ ਵਿਰਾਸਤ ਨਾਲ ਜੁੜਨ ਦਾ ਹੋਕਾ ਦਿੱਤਾ ਜਾ ਰਿਹਾ ਹੈ ਤੇ ਕਿਧਰੇ ਵਾਤਾਵਰਣ ਬਚਾਉਣ ਲਈ ਬੂਟੇ ਅਤੇ ਗਿਆਨ ਲਈ ਕਿਤਾਬਾਂ ਪੜ੍ਹਨ ਦਾ ਸ਼ੌਂਕ ਪਾਲਣ ਦੀ ਪ੍ਰੇਰਨਾ ਦਿੰਦੀਆਂ ਸਟਾਲਾਂ ਲਾਈਆਂ ਗਈਆਂ ਹਨ ਮੇਲੇ ਦੇ ਅੱਜ ਦੂਜੇ ਦਿਨ ਚੰਗੀਆਂ ਸ਼ਖਸ਼ੀਅਤਾਂ ਨਾਲ ਰੂ-ਬ-ਰੂ ਦੌਰਾਨ ਜਦੋਂ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤਇੰਦਰ ਸਿੰਘ ਉਰਫ ਮਿੰਟੂ ਨਾਲ ਮੇਲਾ ਪ੍ਰਬੰਧਕ ਸੁਖਵਿੰਦਰ ਸਿੰਘ ਸੁੱਖਾ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਆਪਣੇ ਪਿੰਡ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ ਇਸ ਤੋਂ ਇਲਾਵਾ ‘ਸੱਚ ਕਹੂੰ’ ਵੱਲੋਂ ਵੀ ਸਰਪੰਚ ਨਾਲ ਖਾਸ ਗੱਲਬਾਤ ਕੀਤੀ ਗਈ।

‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਸਰਪੰਚ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਦੀ ਖੂਬਸੂਰਤੀ ਦੇਖ ਕੇ ਪ੍ਰਭਾਵਿਤ ਹੋਇਆ ਕਿ ਕਿੰਨਾ ਸੋਹਣਾ ਦੇਸ਼ ਹੈ, ਉੱਥੋਂ ਹੀ ਉਸਨੇ ਸੋਚਿਆ ਕਿ ਆਪਾਂ ਵੀ ਆਪਣੇ ਪਿੰਡ ਨੂੰ ਖੂਬਸੂਰਤ ਬਣਾ ਸਕਦੇ ਹਾਂ ਪਿੰਡ ਆ ਕੇ ਉਸ ਨੇ ਉੱਦਮ ਕੀਤਾ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ।

ਪਿੰਡ ਦੇ ਸੀਵਰੇਜ ਦੇ ਪਾਣੀ ਦੀ ਵੀ ਕਰਦੇ ਹਨ ਵਰਤੋਂ

ਉਨ੍ਹਾਂ ਦੱਸਿਆ ਕਿ ਪਿੰਡ ਦੇ ਸੀਵਰੇਜ ਦੇ ਪਾਣੀ ਨੂੰ ਵੀ ਉਹ ਵਰਤੋਂ ’ਚ ਲਿਆਉਂਦੇ ਹਨ ਜਿਸ ਲਈ ਉਨ੍ਹਾਂ ਨੇ ਟ੍ਰੀਟਮੈਂਟ ਪਲਾਂਟ ਲਾਇਆ ਹੈ, ਜਿਸ ’ਚ ਸਾਰੇ ਪਿੰਡ ਦੇ ਸੀਵਰੇਜ ਦਾ ਪਾਣੀ ਟ੍ਰੀਟ ਹੋਣ ਤੋਂ ਬਾਅਦ 100 ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾਂਦੀ ਹੈ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਕੂਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਉਹ ਹੋਰ ਯਤਨ ਕਰ ਰਹੇ ਹਨ ਕਿ ਐਨਾ ਵਧੀਆ ਸਕੂਲ ਬਣੇ ਕਿ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇ ਪਿੰਡ ’ਚ ਬਣਾਏ ਗਏ।

ਮਹਿਲਾ ਬੈਂਕ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ‘ਸੱਚੀ ਸਹੇਲੀ ਬੈਂਕ ਸਾਡੇ ਸੁਪਨਿਆਂ ਦੀ’, ਜਿਸ ’ਚ ਮਹਿਲਾਵਾਂ ਵੱਲੋਂ ਹੀ ਪੈਸੇ ਜਮ੍ਹਾਂ ਕਰਵਾਏ ਜਾਂਦੇ ਹਨ ਅਤੇ ਮਹਿਲਾਵਾਂ ਵੱਲੋਂ ਹੀ ਸਹਾਇਕ ਧੰਦੇ ਜਿਵੇਂ ਸਿਲਾਈ ਕਢਾਈ, ਆਚਾਰ ਆਦਿ ਪਾਉਣ ਦਾ ਕੰਮ ਸ਼ੁਰੂ ਕਰਨ ਲਈ ਪੈਸੇ ਦਿੱਤੇ ਜਾਂਦੇ ਹਨ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਪਲਾਸਟਿਕ ਮੁਕਤ ਭਾਰਤ ਤਹਿਤ ਪਿੰਡ ਦੇ ਲੋਕਾਂ ਨੂੰ ਜਾਗ ਲਗਾਈ ਕਿ ਉਹ ਪਲਾਸਟਿਕ ਉਨ੍ਹਾਂ ਨੂੰ ਦੇ ਜਾਣ ਉਸਦੇ ਬਦਲੇ ਗੁੜ, ਖੰਡ ਜਾਂ ਚੌਲ ਲੈ ਜਾਣ, ਅਜਿਹਾ ਕਰਨ ਵਾਲਾ ਰਣਸੀਂਹ ਕਲਾਂ ਦੇਸ਼ ਦਾ ਨਿਵੇਕਲਾ ਪਿੰਡ ਬਣਿਆ।

ਇਹ ਪਿੰਡ ਰਣਸੀਂਹ ਕਲਾਂ ’ਚ ਸਰਪੰਚ ਪ੍ਰੀਤਇੰਦਰ ਸਿੰਘ ਉਰਫ ਮਿੰਟੂ ਵੱਲੋਂ ਸ਼ੁਰੂ ਕੀਤੇ ਗਏ ਸਿਰਫ ਕੁੱਝ ਕੁ ਨਿਵੇਕਲੇ ਕਾਰਜਾਂ ਦੀਆਂ ਉਦਾਹਰਨਾਂ ਹਨ, ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਅਨੇਕਾਂ ਅਜਿਹੇ ਕੰਮ ਪਿੰਡ ’ਚ ਕੀਤੇ ਹਨ ਜਿਸ ਨਾਲ ਰਣਸੀਂਹ ਕਲਾਂ ਪੰਜਾਬ ਦਾ ਇੱਕ ਰੋਲ ਮਾਡਲ ਪਿੰਡ ਬਣਿਆ ਹੋਇਆ ਹੈ।

ਸਮਾਰਟ ਫੋਨ ਤੋਂ ਬਣਾਈ ਸਰਪੰਚ ਨੇ ਦੂਰੀ

ਮਿੰਟੂ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਐਨਾ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ ਕਿ ਸਮਾਰਟ ਫੋਨ ਉਸ ਨੂੰ ਸਮਾਂ ਖਰਾਬ ਕਰਨ ਵਾਲਾ ਲੱਗਦਾ ਹੈ ਇਸ ਲਈ ਉਸਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਉਨ੍ਹਾਂ ਦੱਸਿਆ ਕਿ ਭਾਵੇਂ ਹੀ ਵਿਗਿਆਨ ਵੱਲੋਂ ਕੱਢੀਆਂ ਕਾਢਾਂ ਕਾਰਨ ਮਨੁੱਖ ਦਾ ਜੀਵਨ ਸੌਖਾ ਤੇ ਸਰਲ ਹੋਇਆ ਪਰ ਕੁੱਝ ਚੀਜਾਂ ਭਾਰੂ ਪੈ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਜੋ ਵਪਾਰ ਕਰਨ ਵਾਲੇ ਹਨ ਜਾਂ ਨੌਕਰੀ ਪੇਸ਼ੇ ਵਾਲੇ ਹਨ ਉਨ੍ਹਾਂ ਲਈ ਵੱਡਾ ਫੋਨ ਵਰਤਣਾ ਲਾਹੇਵੰਦ ਹੈ ਪਰ ਵੱਡਾ ਫੋਨ ਵਰਤਕੇ ਉਹ ਆਪਣੀ ਸਿਹਤ ਤੇ ਸਮਾਂ ਵੀ ਖਰਾਬ ਕਰ ਰਹੇ ਹਨ ਸਰਪੰਚ ਨੇ ਆਖਿਆ ਕਿ ਉਸਦੀ ਨਿੱਜੀ ਸੋਚ ਸੀ ਕਿ ਫੋਨ ’ਤੇ ਆਪਣਾ ਸਮਾਂ ਖਰਾਬ ਨਹੀਂ ਕਰਨਾ ਬਲਕਿ ਆਪਣਾ ਸਮਾਂ ਪਿੰਡ ਨੂੰ ਸੋਹਣਾ ਬਣਾਉਣ ਲਈ ਖਰਚ ਕਰਾਂ, ਇਸ ਕਰਕੇ ਵੱਡਾ ਫੋਨ ਨਹੀਂ ਰੱਖਿਆ।

ਸਰਪੰਚ ਪਾਰਟੀਬਾਜ਼ੀ ਦੀ ਥਾਂ ਭਾਈਚਾਰੇ ਨਾਲ ਕਰਨ ਕੰਮ

ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਦਿੱਤੇ ਸੁਨੇਹੇ ’ਚ ਸਰਪੰਚ ਮਿੰਟੂ ਨੇ ਕਿਹਾ ਕਿ ਪਾਰਟੀਬਾਜੀ ਦੇ ਝੰਡਿਆਂ ਦੀ ਥਾਂ ਆਪਣੇ ਭਾਈਚਾਰੇ ਦੇ ਝੰਡਿਆਂ ਨੂੰ ਚੜ੍ਹਾਉਣ ਕਿਉਂਕਿ ਭਾਈਚਾਰੇ ਦੇ ਝੰਡੇ ’ਚੋਂ ਵਿਕਾਸ ਅਤੇ ਭਾਈਚਾਰਕ ਸਾਂਝ ਨਿੱਕਲੇਗੀ ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਦੇ ਝੰਡਿਆਂ ’ਚੋਂ ਲੜਾਈਆਂ ਝਗੜੇ ਹੀ ਨਿੱਕਲਣਗੇ ਇਸ ਲਈ ਉਨ੍ਹਾਂ ਨੂੰ ਛੱਡਕੇ ਭਾਈਚਾਰੇ ਨਾਲ ਇਕੱਠੇ ਹੋ ਕੇ ਤੁਰਨਾ ਚਾਹੀਦਾ ਹੈ, ਉਸ ਨਾਲ ਹੀ ਪਿੰਡਾਂ ਦੇ ਵਿਕਾਸ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ