ਸਾਧੂ ਸਿੰਘ ਧਰਮਸੋਤ ਵੱਲੋਂ ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰੀ ਨਾਲ ਮੁਲਾਕਾਤ

Sadhu Singh Dharmasot

ਜੰਗਲੀ ਜੀਵ ਜੰਤੂਆਂ ਅਤੇ ਪੰਛੀਆਂ ਦੀ ਸੰਭਾਲ ਲਈ ਉਸਾਰੂ ਕਦਮ ਚੁੱਕਣ ‘ਤੇ ਦਿੱਤਾ ਜ਼ੋਰ

ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ)। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharmasot) ਨੇ ਜੰਗਲੀ ਜੀਵ ਜੰਤੂਆਂ ਅਤੇ ਪੰਛੀਆਂ ਦੀ ਸੰਭਾਲ ਲਈ ਉਸਾਰੂ ਕਦਮ ਚੁੱਕਣ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਦੇਸ਼ ਵਿਚੋਂ ਜੀਵ ਜੰਤੂਆਂ ਅਤੇ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਨੂੰ ਆਲੋਪ ਹੋਣ ਤੋਂ ਬਚਾਇਆ ਜਾ ਸਕੇ। ਧਰਮਸੋਤ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਂਧੀ ਨਗਰ ਗੁਜ਼ਰਾਤ ਵਿਖੇ 15 ਤੋਂ 22 ਫ਼ਰਵਰੀ ਤੱਕ ਆਯੋਜਿਤ ਕੀਤੀ ਜਾ ਰਹੀ

13ਵੀਂ ਅੰਤਰਰਾਸ਼ਟਰੀ ਕਾਨਫਰੰਸ ਆਫ਼ ਪਾਰਟੀਜ਼ (ਸੀ.ਐਮ.ਐਸ.-ਸੀ.ਓ.ਪੀ.-13) ਮੌਕੇ ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵੇਡਕਰ ਨਾਲ ਕੀਤੀ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਜੰਗਲੀ ਜੀਵ ਜੰਤੂਆਂ ਅਤੇ ਪੰਛੀਆਂ ਦੇ ਰਹਿਣ ਸਥਾਨਾਂ ਦੀ ਸੰਭਾਲ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਜੰਗਲਾਤ ਵਿਭਾਗ, ਪੰਜਾਬ ਦੇ ਅਧਿਕਾਰੀਆਂ ਨੇ ਇਸ ਅੰਤਰ ਰਾਸ਼ਟਰੀ ਕਾਨਫਰੰਸ ‘ਚ ਸ਼ਾਮਲ ਹੋ ਕੇ ਪੰਜਾਬ ‘ਚ ਹਰ ਸਾਲ ਆਕਰਸ਼ਿਤ ਹੋ ਕੇ ਆਉਂਦੇ 2 ਲੱਖ ਪ੍ਰਵਾਸੀ ਪੰਛੀਆਂ ਦੇ ਆਵਾਸ, ਇਨ੍ਹਾਂ ਦੀ ਮਹੱਤਤਾ ਅਤੇ ਇਨ੍ਹਾਂ ਸਬੰਧੀ ਭਵਿੱਖ ‘ਚ ਉਲੀਕੀਆਂ ਜਾਣ ਵਾਲੀਆਂ ਯੋਜਨਾਵਾਂ ਸਬੰਧੀ ਵਿਸਥਾਰ ‘ਚ ਚਰਚਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਛੀਆਂ ਦੀ ਆਮਦ ‘ਚ ਪੰਜਾਬ ਇੱਕ ਵਿਸ਼ੇਸ਼ ਖੇਤਰ ਹੈ, ਜਿੱਥੇ ਇਹ ਪੰਛੀ ਆ ਕੇ 2-3 ਮਹੀਨੇ ਗੁਜ਼ਾਰਦੇ ਹਨ। ਉਨ੍ਹਾਂ ਕਿਹਾ ਕਿ ਇਸ ਅੰਤਰ ਰਾਸ਼ਟਰੀ ਕਾਨਫਰੰਸ ‘ਚ ਪ੍ਰਵਾਸੀ ਪੰਛੀਆਂ ਸਬੰਧੀ ਬਣਾਈ ਗਈ ਸਾਂਝੀ ਨੀਤੀ ਅਨੁਸਾਰ ਪੰਜਾਬ ‘ਚ ਆਉਣ ਵਾਲੇ ਲਗਭਗ 2 ਲੱਖ ਤੋਂ ਵੱਧ ਪ੍ਰਵਾਸੀ ਪੰਛੀਆਂ ਲਈ ਪੰਜਾਬ ਦੇ ਹਰੀਕੇ, ਰੋਪੜ, ਨੰਗਲ, ਬਿਆਸ, ਕਾਂਜਲੀ ਅਤੇ ਕੇਸ਼ੋਪੁਰ ਆਦਿ ਵੈੱਟਲੈਂਡਜ਼ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀਆਂ ਵੈੱਟਲੈਂਡਜ਼ ਅਤੇ ਰਾਮਸਰ ਸਾਈਟਾਂ ਦੇ ਵਿਕਾਸ ਲਈ ਬਣਾਈਆਂ ਯੋਜਨਾਵਾਂ ਲਈ ਨੂੰ ਮਨਜ਼ੂਰ ਕਰਕੇ ਫੰਡ ਛੇਤੀ ਜਾਰੀ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।