ਬਿੱਟੂ ਦੁਗਾਲ ਨੂੰ ਯਾਦ ਕਰਦਿਆਂ…

ਬਿੱਟੂ ਦੁਗਾਲ ਨੂੰ ਯਾਦ ਕਰਦਿਆਂ…

71 ਨੰਬਰ ਨੈਸ਼ਨਲ ਹਾਈਵੇ ‘ਤੇ ਵੱਸਿਆ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਦਾ ਪਿੰਡ ਦੁਗਾਲ ਖੁਰਦ ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ ਬਿੱਟੂ ਦੁਗਾਲ ਦੀ ਬਾਬਤ ਵਿਲੱਖਣਤਾ ਹਾਸਲ ਕਰ ਚੁੱਕਾ ਹੈ। ਸੰਨ 1981 ਦੇ ਦਸੰਬਰ ਮਹੀਨੇ ਦੀ 27 ਤਰੀਕ ਨੂੰ ਸਧਾਰਨ ਜਿਹੇ ਕਿਸਾਨ ਪਰਿਵਾਰ ਵਿੱਚ ਪਿਤਾ ਰਾਮ ਸਿੰਘ ਦੇ ਘਰ ਮਾਤਾ ਰੇਸ਼ਮਾ ਦੇਵੀ ਦੀ ਕੁੱਖੋਂ ਪੈਦਾ ਹੋਇਆ ਬਿੱਟੂ ਕਬੱਡੀ ਦੀ ਖੇਡ ਨਾਲ ਜੁੜੇ ਹਰੇਕ ਸ਼ਖ਼ਸ ਦਾ ਚਹੇਤਾ ਸੀ।

ਮਾਪਿਆਂ ਨੇ ਬਿੱਟੂ ਦਾ ਪੂਰਾ ਨਾਂਅ ਨਿਰਭੈ ਸਿੰਘ ਰੱਖਿਆ ਸੀ। ਦਾਦੇ-ਪੜਦਾਦਿਆਂ ਦੇ ਪਹਿਲਵਾਨੀ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਭਲਵਾਨਾਂ ਦਾ ਪਰਿਵਾਰ ਕਿਹਾ ਜਾਂਦਾ ਸੀ ਤੇ ਵਿਰਾਸਤ ਵਿੱਚੋਂ ਖੇਡਾਂ ਦੀ ਗੁੜ੍ਹਤੀ ਲੈਣ ਵਾਲੇ ਬਿੱਟੂ ਦੇ ਚਾਚਾ ਪਹਿਲਵਾਨ ਸ਼ੇਰ ਸਿੰਘ ਕਾਲਾ ਵੀ ਆਪਣੇ ਸਮੇਂ ਕੁਸ਼ਤੀ ਮੇਲਿਆਂ ਵਿੱਚ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਸਨ।

ਭੈਣ ਦਰਸ਼ਨਾਂ ਦੇਵੀ ਦੇ ਤਿੰਨੇ ਲਾਡਲੇ ਵੀਰ ਜੈ ਸਿੰਘ, ਰਾਏ ਸਿੰਘ ਲੱਖਾ ਅਤੇ ਨਿਰਭੈ ਸਿੰਘ ਬਿੱਟੂ ਵੀ ਛੋਟੇ ਹੁੰਦਿਆਂ ਹੀ ਕੁਸ਼ਤੀ ਅਖਾੜਿਆਂ ਵਿੱਚ ਜਾਣ ਦੇ ਨਾਲ-ਨਾਲ ਕਬੱਡੀ ਖੇਡਣ ਲੱਗ ਪਏ। ਵੱਡਾ ਭਰਾ ਜੈ ਸਿੰਘ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਪਰ ਉਹ ਥੋੜ੍ਹੇ ਸਮੇਂ ਬਾਅਦ ਹੀ ਘਰ ਦੀ ਕਬੀਲਦਾਰੀ ਵਿੱਚ ਬਾਪੂ ਦਾ ਸਹਿਯੋਗ ਦੇਣ ਲਈ ਖੇਤੀ ਕਰਨ ਲੱਗ ਪਿਆ।

ਭਾਵੇਂ ਛੋਟੇ ਹੁੰਦਿਆਂ ਬਿੱਟੂ ਆਪਣੇ ਚਾਚੇ ਪਹਿਲਵਾਨ ਸ਼ੇਰ ਸਿੰਘ ਕਾਲਾ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਧਰਮਸ਼ਾਲਾ ਵਾਲੇ ਸਕੂਲ ਵਿੱਚ ਕੁਸ਼ਤੀ ਸਿੱਖਣ ਲੱਗ ਪਿਆ ਸੀ ਪਰ ਉਸਨੇ ਆਪਣੇ ਵੱਡੇ ਭਰਾਵਾਂ ਨੂੰ ਕੁਸ਼ਤੀ ਦੇ ਨਾਲੋ-ਨਾਲ ਕਬੱਡੀ ਖੇਡਦਿਆਂ ਵੇਖਕੇ ਆਪਣਾ ਰੁਝਾਨ ਵੀ ਕਬੱਡੀ ਵੱਲ ਕਰ ਲਿਆ।

ਬਾਪੂ ਰਾਮ ਸਿੰਘ ਜਦੋਂ ਆਪਣੇ ਪੁੱਤਰ ਬਿੱਟੂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਗਏ ਤਾਂ ਸਕੂਲ ਵਾਲੀ ਅਧਿਆਪਕਾ ਨੇ ਹਾਜ਼ਰੀ ਰਜਿਸਟਰ ‘ਤੇ ਉਸਦਾ ਨਾਂਅ ਨਿਰਭੈ ਸਿੰਘ ਲਿਖਣ ਦੀ ਬਜਾਏ ਨਰਿੰਦਰ ਰਾਮ ਲਿਖ ਦਿੱਤਾ। ਬਿੱਟੂ ਦੇ ਪਿਤਾ ਨੇ ਵੀ ਬਿਨਾ ਕਿੰਤੂ-ਪ੍ਰੰਤੂ ਕੀਤੇ ਸਕੂਲ ਵਾਲੀ ਅਧਿਆਪਕਾ ਨਾਲ ਇਸ ਗੱਲ ਦੀ ਸਹਿਮਤੀ ਪ੍ਰਗਟ ਕਰ ਲਈ।

ਥੋੜ੍ਹੇ-ਬਹੁਤ ਕੁਸ਼ਤੀ ਮੁਕਾਬਲੇ ਜਿੱਤਣ ਵਾਲੇ 25 ਕੁ ਕਿੱਲੋ ਭਾਰ ਦੇ ਬਿੱਟੂ ਨੇ ਆਪਣੇ ਸਾਥੀਆਂ ਮਰਹੂਮ ਸਰੋਵਰ, ਕਾਲਾ, ਕੁੱਕੂ ਤੇ ਸੁਖਚੈਨ ਨਾਲ ਮਿਲ ਕੇ ਸੰਨ 1992 ਵਿੱਚ ਪਿੰਡ ਘੋੜੇਨਬ (ਸੰਗਰੂਰ) ਦੇ ਕਬੱਡੀ ਟੂਰਨਾਮੈਂਟ ‘ਤੇ 28 ਕਿੱਲੋ ਵਜ਼ਨੀ ਮੁਕਾਬਲਿਆਂ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ।

ਪਿੰਡ ਦੇ ਪੁਰਾਣੇ ਖਿਡਾਰੀਆਂ ਤੇ ਆਪਣੇ ਵੱਡੇ ਭਰਾਵਾਂ ਤੋਂ ਕਬੱਡੀ ਦੇ ਦਾਅ-ਪੇਚ ਸਿੱਖ ਕੇ ਪੌੜੀ ਦਰ ਪੌੜੀ ਅੱਗੇ ਵਧਦੇ ਹੋਏ ਬਿੱਟੂ ਨੇ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ। ਫੌਜ ਵਿੱਚ ਭਰਤੀ ਹੋਣ ਲਈ ਉਹ ਦੋ ਵਾਰ ਟਰਾਇਲ ਦੇਣ ਲਈ ਗਿਆ ਪਰ ਨਿਰਧਾਰਿਤ ਸਮੇਂ ਵਿੱਚ ਦੌੜ ਨਾ ਲਾਉਣ ਕਾਰਨ ਸਫਲ ਨਹੀਂ ਹੋ ਸਕਿਆ।

ਸੰਨ 2000 ਵਿੱਚ ਵਜ਼ਨੀ ਮੁਕਾਬਲਿਆਂ ਵਿੱਚ ਜੌਹਰ ਵਿਖਾਉਣ ਤੋਂ ਇਲਾਵਾ ਉਸਨੇ ਦਿੜ੍ਹਬਾ ਵਿਖੇ ਕਰਵਾਈ ਗਈ ਚੈਂਪੀਅਨਸ਼ਿਪ ਵਿੱਚ ਹੌਂਸਲੇ ਬੁਲੰਦ ਕਰਕੇ ਕਬੱਡੀ ਓਪਨ ਦੀ ਵੀ ਸ਼ੁਰੂਆਤ ਕਰ ਦਿੱਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਗਾਲ ਤੋਂ ਬਾਰ੍ਹਵੀਂ ਤੱਕ ਪੜ੍ਹੇ ਬਿੱਟੂ ਨੂੰ ਮਸ਼ਹੂਰ ਖਿਡਾਰੀ ਗੁਲਜ਼ਾਰੀ ਮੂਣਕ ਦੀ ਬਦੌਲਤ ਸੰਨ 2002 ਵਿੱਚ ਪ੍ਰਸਿੱਧ ਕਬੱਡੀ ਕੋਚ ਪ੍ਰੋ. ਮਦਨ ਲਾਲ ਡਡਵਿੰਡੀ ਕੋਲ ਡੀ. ਏ. ਵੀ. ਕਾਲਜ ਬਠਿੰਡਾ ਵਿਖੇ ਕਬੱਡੀ ਦੀ ਸਿਖਲਾਈ ਲੈਣ ਅਤੇ ਗ੍ਰੈਜੂਏਸ਼ਨ ਕਰਨ ਲਈ ਜਾਣ ਦਾ ਮੌਕਾ ਮਿਲਿਆ।

ਕਬੱਡੀ ਕੋਚ ਪ੍ਰੋ. ਮਦਨ ਲਾਲ ਡਡਵਿੰਡੀ ਨੇ ਆਪਣੀ ਪਾਰਖੂ ਨਜਰ ਨਾਲ ਵੇਖਦਿਆਂ ਥੋੜ੍ਹੇ ਦਿਨਾਂ ਬਾਅਦ ਹੀ ਬਿੱਟੂ ਨੂੰ ਡੀ. ਏ. ਵੀ. ਮਾਲਵਾ ਕਾਲਜ ਦੀ ਟੀਮ ਦਾ ਪੱਕੇ ਤੌਰ ‘ਤੇ ਮੈਂਬਰ ਬਣਾ ਲਿਆ ਬਿੱਟੂ ਨੇ ਆਪਣੀ ਸ਼ਾਨਦਾਰ ਖੇਡ ਵਿਖਾਉਂਦਿਆਂ ਸੁਪਰ ਸਟਾਰ ਧਾਵੀਆਂ ਨੂੰ ਜੱਫੇ ਲਾਉਣੇ ਸ਼ੁਰੂ ਕਰ ਦਿੱਤੇ।

ਅਗਲੇ ਸਾਲ 2003 ਵਿੱਚ ਬਿੱਟੂ ਨੂੰ ਵੁਲਵਰਹੈਂਪਟਨ ਕਲੱਬ ਵੱਲੋਂ ਇੰਗਲੈਂਡ ਦੇ ਘਾਹਦਾਰ ਮੈਦਾਨਾਂ ‘ਤੇ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਸਨੇ ਉੱਥੇ ਦੋ ਟੂਰਨਾਮੈਂਟਾਂ ‘ਤੇ ਸਰਵੋਤਮ ਜਾਫੀ ਦਾ ਖਿਤਾਬ ਪ੍ਰਾਪਤ ਕੀਤਾ। ਸੰਨ 2005 ਵਿੱਚ ਉਸਨੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਖੇਡਣ ਵਾਲੀ ਸ਼ਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ ਦੀ ਟੀਮ ਲਈ ਬਿਹਤਰੀਨ ਖੇਡ ਵਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਇਸੇ ਵਰ੍ਹੇ ਪ੍ਰਸਿੱਧ ਖੇਡ ਪ੍ਰਮੋਟਰ ਸ੍ਰੀ ਕਰਨ ਘੁਮਾਣ ਨੇ ਬਿੱਟੂ ਨੂੰ ਇੰਡੀਕਾ ਕਾਰ ਨਾਲ ਸਨਮਾਨਿਤ ਕੀਤਾ।

ਉਸੇ ਸਾਲ ਹੀ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਹੋਈਆਂ ਪਹਿਲੀਆਂ ਹਿੰਦ-ਪਾਕਿ ਖੇਡਾਂ ਵਿੱਚ ਬਿੱਟੂ ਪਾਕਿਸਤਾਨ ਦੇ ਧਾਵੀਆਂ ਨੂੰ 11 ਜੱਫੇ ਲਾ ਕੇ ਭਾਰਤ ਦੀ ਟੀਮ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਹਿੰਦ-ਪਾਕਿ ਖੇਡਾਂ ਦਾ ਨਾਇਕ ਬਣਿਆ। 2005 ਵਿੱਚ ਹੀ ਬਿੱਟੂ ਡਿਕਸੀ ਕਲੱਬ ਵੱਲੋਂ ਕੈਨੇਡਾ ਖੇਡਣ ਗਿਆ ਅਤੇ ਅਮਰੀਕਾ ਦੀ ਟੀਮ ਵੱਲੋਂ ਟੋਰਾਂਟੋ ਵਿਸ਼ਵ ਕੱਪ ਕੈਨੇਡਾ ਵਿੱਚ ਖੇਡਦਿਆਂ ਉਸਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਲਈ।

ਸੰਨ 2006 ਵਿੱਚ ਕੈਨੇਡਾ ਦੀਆਂ ਮੈਦਾਨਾਂ ਵਿੱਚ ਖੇਡਦਿਆਂ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਬਿੱਟੂ ਨੂੰ ਫੋਨ ਰਾਹੀਂ ਖ਼ਬਰ ਮਿਲੀ ਕਿ ਉਸਦਾ ਬਚਪਨ ਦਾ ਸਾਥੀ ਸਰੋਵਰ ਕੁਮਾਰ ਦੁਗਾਲ ਇੱਕ ਹਾਦਸੇ ਦੌਰਾਨ ਸਦਾ ਲਈ ਅਲਵਿਦਾ ਆਖ ਗਿਆ ਅਤੇ ਵੱਡਾ ਭਰਾ ਲੱਖਾ ਦੁਗਾਲ ਗੰਭੀਰ ਜਖਮੀ ਹੋ ਗਿਆ।

ਇਸ ਦੁਖਦਾਇਕ ਘਟਨਾ ਨੇ ਬਿੱਟੂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਅਗਲੇ ਵਰ੍ਹੇ 2007 ਵਿੱਚ ਦੋਸਤਾਂ ਤੋਂ ਮਿਲੇ ਹੌਂਸਲੇ ਨਾਲ ਬਿੱਟੂ ਨੇ ਸੱਚੇ ਸਾਥੀ ਮਰਹੂਮ ਸਰੋਵਰ ਦੁਗਾਲ ਦੀ ਫੋਟੋ ਆਪਣੀ ਬਾਂਹ ‘ਤੇ ਖੁਣਵਾ ਕੇ ਫਿਰ ਮੈਦਾਨ ਵਿੱਚ ਵਾਪਸੀ ਕਰ ਦਿੱਤੀ। ਇਸ ਸਾਲ ਹੀ ਬਿੱਟੂ ਨੇ ਪੰਜਾਬ ਕੇਸਰੀ ਕਲੱਬ ਵੱਲੋਂ ਕੈਨੇਡਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੋਰਾਂਟੋ ਵਿਸ਼ਵ ਕੱਪ ਕੈਨੇਡਾ 2007 ਵਿੱਚ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਸਰਵੋਤਮ ਜਾਫੀ ਰਹਿਣ ਦਾ ਮਾਣ ਪ੍ਰਾਪਤ ਕੀਤਾ।

2008 ਵਿੱਚ ਦੁਬਈ ਖੇਡਣ ਵਾਲਾ ਬਿੱਟੂ ਪੰਜਾਬ ਕੇਸਰੀ ਕਲੱਬ, ਇੰਟਰਨੈਸ਼ਨਲ ਕਲੱਬ ਅਤੇ ਯੰਗ ਕਲੱਬ ਵੱਲੋਂ ਕੈਨੇਡਾ ਦੀਆਂ ਮੈਦਾਨਾਂ ਵਿੱਚ ਖੇਡਦਿਆਂ ਪੂਰੇ ਕੈਨੇਡਾ ਸੀਜ਼ਨ ਦਾ ਬੈਸਟ ਜਾਫੀ ਬਣਿਆ। 2009 ਵਿੱਚ ਆਸਟਰੀਆ ਅਤੇ ਦੁਬਈ ਦੇ ਮੈਦਾਨਾਂ ਵਿੱਚ ਧੁੰਮਾਂ ਪਾਉਣ ਵਾਲੇ ਬਿੱਟੂ ਦੇ ਪੰਜਾਬ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਵੱਲੋਂ ਖੇਡਦਿਆਂ ਗੋਡੇ ‘ਤੇ ਸੱਟ ਲੱਗ ਗਈ ਅਤੇ ਅਪ੍ਰੇਸ਼ਨ ਕਰਵਾਕੇ ਉਹ ਦੁਬਾਰਾ ਤੰਦਰੁਸਤ ਹੋ ਸਕਿਆ।

2010 ਦੇ ਵਿਸ਼ਵ ਕੱਪ ਕੈਨੇਡਾ ਦੌਰਾਨ ਖੇਡਦਿਆਂ ਬਿੱਟੂ, ਸੁੱਖਾ ਭੰਡਾਲ ਨਾਲ ਸਾਂਝੇ ਤੌਰ ‘ਤੇ ਸਰਵੋਤਮ ਜਾਫੀ ਐਲਾਨਿਆ ਗਿਆ। ਬਿੱਟੂ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕੱਪ 2010, 2011 ਤੇ 2012 ਵਿੱਚ ਭਾਰਤ ਦੀ ਟੀਮ ਲਈ ਬਿਹਤਰੀਨ ਕਾਰਗੁਜ਼ਾਰੀ ਵਿਖਾਈ। ਭਾਰਤੀ ਟੀਮ ਦੇ ਇਸ ਚੈਂਪੀਅਨ ਖਿਡਾਰੀ ਨੂੰ ਵਿਸ਼ਵ ਕੱਪ 2010 ਤੋਂ ਬਾਅਦ ਮਾਰਕੀਟ ਕਮੇਟੀ ਖਨੌਰੀ ਵਿਖੇ ਬਤੌਰ ਆਕਸਨ ਰਿਕਾਰਡਰ ਸਰਕਾਰੀ ਨੌਕਰੀ ਮਿਲ ਗਈ ਅਤੇ 2013 ਵਿੱਚ ਪਦਉੱਨਤ ਹੋ ਕੇ ਉਹ ਮੰਡੀ ਸੁਪਰਵਾਈਜ਼ਰ ਬਣ ਗਿਆ।

ਇਸੇ ਵਰ੍ਹੇ ਦੇ ਫਰਵਰੀ ਮਹੀਨੇ ਦੀ 6 ਤਰੀਕ ਨੂੰ ਬਿੱਟੂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿਓੜਾ ਦੀ ਧੀ ਬੀਬੀ ਅਮਨਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਅਗਲੇ ਸਾਲ 2014 ਦੇ ਦਸਵੇਂ ਮਹੀਨੇ ਦੀ 24 ਤਰੀਕ ਨੂੰ ਪ੍ਰਮਾਤਮਾ ਨੇ ਇਸ ਖੂਬਸੂਰਤ ਜੋੜੀ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਂ ਰਸ਼ਮੀਤ ਸਿੰਘ ਰੱਖਿਆ ਗਿਆ। ਵਿਆਹ ਤੋਂ ਬਾਅਦ ਮੂਣਕ ਦੇ ਟੂਰਨਾਮੈਂਟ ਤੇ ਖੇਡਦਿਆਂ ਬਿੱਟੂ ਨੇ ਬੈਸਟ ਜਾਫੀ ਬਣਕੇ ਮੋਟਰਸਾਈਕਲ ਜਿੱਤਿਆ ਅਤੇ ਉਹ ਮੋਟਰਸਾਈਕਲ ਗਊਸ਼ਾਲਾ ਵਿੱਚ ਦਾਨ ਕਰ ਦਿੱਤਾ।

ਬਿੱਟੂ 2014 ਵਿੱਚ ਗੋਡੇ ‘ਤੇ ਫਿਰ ਦੁਬਾਰਾ ਸੱਟ ਖਾ ਬੈਠਾ ਅਤੇ ਅਪ੍ਰੇਸ਼ਨ ਕਰਵਾਕੇ ਤਿੰਨ ਮਹੀਨਿਆਂ ਦੇ ਅਰਾਮ ਤੋਂ ਬਾਅਦ ਉਸਨੇ ਵੇਵ ਵਰਲਡ ਕਬੱਡੀ ਲੀਗ ਵਿੱਚ ਵੈਨਕੂਵਰ ਲਾਈਨਜ ਦੀ ਟੀਮ ਲਈ ਸ਼ਾਨਦਾਰ ਜੱਫੇ ਲਾਏ। ਵਰਣਨਯੋਗ ਹੈ ਕਿ ਕਬੱਡੀ ਦੇ ਇਸ ਧੁਰੰਤਰ ਖਿਡਾਰੀ ਨੇ ਚਾਰ ਵਾਰ ਗੋਡੇ ਦਾ ਅਪ੍ਰੇਸ਼ਨ, ਦੋ ਵਾਰ ਮੋਢੇ ਦਾ ਅਪ੍ਰੇਸ਼ਨ, ਇੱਕ ਵਾਰ ਨੱਕ ਦੀ ਮੁੱਖ ਹੱਡੀ ਟੁੱਟਣ ਕਾਰਨ ਅਪ੍ਰੇਸ਼ਨ, ਇੱਕ ਵਾਰ ਕੰਨ ਦਾ ਪਰਦਾ ਫਟਣ ਕਾਰਨ ਅਪ੍ਰੇਸ਼ਨ ਅਤੇ ਇੱਕ ਵਾਰ ਰੀੜ੍ਹ ਦੀ ਹੱਡੀ ਚੋਟਗ੍ਰਸਤ ਹੋਣ ਦੇ ਬਾਵਜੂਦ ਵੀ ਕਦੇ ਹੌਂਸਲਾ ਨਹੀਂ ਹਾਰਿਆ ਸੀ।

ਗਲੋਬਲ ਕਬੱਡੀ ਲੀਗ 2018 ਵਿੱਚ ਮੈਪਲ ਲੀਫ ਦੀ ਟੀਮ ਲਈ ਖੇਡਣ ਵਾਲੇ ਬਿੱਟੂ ਨੇ ਇਸੇ ਸਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖੇਡੀ ਗਈ ਚੈਂਪੀਅਨਸ਼ਿਪ ਵਿੱਚ ਸ਼ਹੀਦ ਭਗਤ ਸਿੰਘ ਅਕੈਡਮੀ ਸਰਹਾਲਾ ਰਣੂੰਆਂ ਲਈ ਜੇਤੂ ਜੱਫੇ ਲਾਏ ਅਤੇ ਸਰਵੋਤਮ ਜਾਫੀ ਐਲਾਨਿਆ ਗਿਆ।

ਪਿਛਲੇ ਸਾਲ 2019 ਦੇ ਚੌਥੇ ਮਹੀਨੇ ਦੀ ਚਾਰ ਤਰੀਕ ਨੂੰ ਬਿੱਟੂ ਨੇ ਹਰ ਸਾਲ ਦੀ ਤਰ੍ਹਾਂ ਆਪਣੀ ਜਨਮਭੂਮੀ ਦੁਗਾਲ ਵਿਖੇ ਮਰਹੂਮ ਸਰੋਵਰ ਦੁਗਾਲ ਯਾਦਗਾਰੀ ਟੂਰਨਾਮੈਂਟ ਕਰਵਾਇਆ ਜਿੱਥੇ ਉਸਨੇ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਪੰਦਰਾਂ ਮੋਟਰਸਾਈਕਲ ਸਨਮਾਨ ਵਿੱਚ ਦਿੱਤੇ ਅਤੇ ਬਿੱਟੂ ਨੂੰ ਵੀ ਪ੍ਰਦੇਸੀ ਭਰਾਵਾਂ ਵੱਲੋਂ ਸਕਾਰਪੀਓ ਗੱਡੀ ਨਾਲ ਸਨਮਾਨਿਆ ਗਿਆ। ਪੰਜਾਬ ਅਤੇ ਹਰਿਆਣਾ ਤੋਂ ਦੂਰ-ਨੇੜੇ ਦੇ ਦਰਸ਼ਕ ਅਤੇ ਖਿਡਾਰੀਆਂ ਨੇ ਉਸ ਖੇਡ ਮੇਲੇ ਵਿੱਚ ਸ਼ਿਰਕਤ ਕੀਤੀ।

ਹਰ ਇੱਕ ਦਾ ਦਿਲੋਂ ਸਤਿਕਾਰ ਕਰਨ ਵਾਲਾ ਅਤੇ ਫੱਕਰਾਂ ਜਿਹੀ ਸਾਦਗੀ ਰੱਖਣ ਵਾਲਾ ਕਬੱਡੀ ਦਾ ਹਰਫ਼ਨਮੌਲਾ ਨਰਿੰਦਰ ਰਾਮ ਬਿੱਟੂ ਦੁਗਾਲ 12 ਮਈ 2019 ਨੂੰ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਸਰੀਰਕ ਤੌਰ ‘ਤੇ ਸਦਾ ਲਈ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਪੰਜਾਬੀਆਂ ਦੀ ਮਹਿਬੂਬ ਖੇਡ ਦੇ ਜਾਦੂਗਰ ਖਿਡਾਰੀ ਅਤੇ ਚਮਕਦੇ ਸਿਤਾਰੇ ਬਿੱਟੂ ਦੁਗਾਲ ਦੇ ਤੁਰ ਜਾਣ ਨਾਲ ਕਬੱਡੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਇੱਕ ਪ੍ਰਸਿੱਧ ਖਿਡਾਰੀ ਅਤੇ ਚੰਗਾ ਇਨਸਾਨ ਹੋਣ ਤੇ ਨਾਤੇ ਬਿੱਟੂ ਦੁਗਾਲ ਨੂੰ ਹਮੇਸ਼ਾ ਹੀ ਖੇਡ ਮੈਦਾਨਾਂ ਵਿੱਚ ਅਤੇ ਉਸਦੇ ਚਹੇਤਿਆਂ ਵੱਲੋਂ ਯਾਦ ਕੀਤਾ ਜਾਵੇਗਾ।
ਪ੍ਰੋਫੈਸਰ ਗੁਰਸੇਵ ਸਿੰਘ ‘ਸੇਵਕ ਸ਼ੇਰਗੜ੍ਹ’
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।