ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਅੱਠ ਹਥਿਆਰ ਕੀਤੇ ਜ਼ਬਤ

ਵਿੱਕੀ ਗੌਂਡਰ ਤੇ ਸਾਥੀਆਂ ਨਾਲ ਹੋਏ ਮੁਕਾਬਲੇ ‘ਚ ਵਰਤੇ ਪਿਸਤੌਲ, ਏ.ਕੇ 47 ਸਮੇਤ ਹੋਰ ਹਥਿਆਰ ਵੀ ਸ਼ਾਮਲ

  • ਇਨਕਾਊਂਟਰ ਟੀਮ ਦੇ ਮੈਂਬਰ ਰਾਜਸਥਾਨ ਪੁਲਿਸ ਕੋਲ ਸਵਾਲਾਂ ਦੇ ਜਵਾਬ ਦੇਣ ਲਈ ਪੁੱਜੇ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗੈਂਗਸਟਰ ਵਿੱਕੀ ਗੌਂਡਰ ਸਮੇਤ ਉਸ ਦੇ ਸਾਥੀਆਂ ਦੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਰਾਜਸਥਾਨ ਵਿਖੇ ਕੀਤੇ ਗਏ ਇਨਕਾਊਂਟਰ ਦੇ ਮਾਮਲੇ ‘ਤੇ ਉਕਤ ਟੀਮ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ। ਰਾਜਸਥਾਨ ਪੁਲਿਸ ਵੱਲੋਂ ਜਿੱਥੇ ਪੰਜਾਬ ਪੁਲਿਸ ਦੀ ਟੀਮ ਦੇ ਹਥਿਆਰ ਜ਼ਬਤ ਕੀਤੇ ਗਏ ਹਨ, ਉੱਥੇ ਹੀ ਇਸ ਟੀਮ ਤੋਂ ਰਾਜਸਥਾਨ ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਟੀਮ ਦੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਸਮੇਤ ਹੋਰ ਮੁਲਾਜ਼ਮ ਅੱਜ ਸੁਆਲਾਂ ਦੇ ਜਵਾਬ ਦੇਣ ਲਈ ਰਾਜਸਥਾਨ ਪੁੱਜੇ ਹੋਏ ਸਨ।

ਪਿਛਲੇ ਦਿਨੀਂ ਰਾਜਸਥਾਨ ਦੇ ਥਾਣਾ ਹਿੰਦੂ ਮਲਕੋਟ ਦੇ ਖੇਤਰ ਵਿੱਚ ਆਉਂਦੇ ਕੋਠਾ ਪੱਕੀ ਪਿੰਡ ਦੀ ਇਕਬਾਲ ਸਿੰਘ ਢਾਣੀ ਵਿਖੇ ਆਰਗੇਨਾਈਜੇਸ਼ਨ ਕ੍ਰਾਈਮ ਕੰਟਰੋਲ ਯੂਨਿਟ ਦੀ ਟੀਮ ਵੱਲੋਂ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਸਮੇਤ ਸ਼ਮਿੰਦਰ ਸਿੰਘ ਗਿੱਲ ਨੂੰ ਇੱਕ ਮੁਕਾਬਲੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇੱਧਰ ਰਾਜਸਥਾਨ ਵਿੱਚ ਹੋਏ, ਇਸ ਮੁਕਾਬਲੇ ਸਬੰਧੀ ਸਬੰਧਿਤ ਖੇਤਰ ਦੇ ਸਹਾਇਕ ਐਸਪੀ ਸੁਰਿੰਦਰ ਸਿੰਘ ਰਠੌੜ ਦੀ ਅਗਵਾਈ ਹੇਠ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਇਨਕਾਊਂਟਰ ਟੀਮ ਵੱਲੋਂ ਮੁਕਾਬਲੇ ਲਈ ਵਰਤੇ ਗਏ 8 ਹਥਿਆਰ ਰਾਜਸਥਾਨ ਦੇ ਹਿੰਦੂਮਲ ਕੋਟ ਥਾਣੇ ਵਿੱਚ ਜ਼ਬਤ ਕਰ ਲਏ ਗਏ ਹਨ। ਜਮ੍ਹਾਂ ਕੀਤੇ ਇਨ੍ਹਾਂ ਹਥਿਆਰਾਂ ਵਿੱਚ ਪਿਸਤੋਲ ਤੋਂ ਲੈ ਕੇ ਏ ਕੇ।

ਇਹ ਵੀ ਪੜ੍ਹੋ : ਕਰਿਸ਼ਮਾ : ਸਤਿਗੁਰੂ ਨੇ ਬਖਸ਼ਿਆ ਨਵਾਂ ਜੀਵਨ

ਸੰਤਾਲੀ ਤੱਕ ਹਥਿਆਰ ਸ਼ਾਮਲ ਹਨ। ਇਸ ਸਬੰਧੀ ਇਨਕਾਊਂਟਰ ਟੀਮ ਦੇ ਇੰਸਪੈਕਟਰ ਬਿਕਰਮ ਸਿੰਘ ਸਮੇਤ ਹੋਰਨਾਂ ਨੂੰ ਅੱਜ ਪੁੱਛਗਿੱਛ ਲਈ ਰਾਜਸਥਾਨ ਪੁਲਿਸ ਵੱਲੋਂ ਸੱਦਿਆ ਗਿਆ ਹੈ। ਇਸ ਦੀ ਪੁਸ਼ਟੀ ਗੰਗਾਨਗਰ ਦੇ ਐਸਪੀ ਹਰਿੰਦਰ ਮਹਾਵਰ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕੀਤੀ ਹੈ। ਗੰਗਾਨਗਰ ਦੇ ਸਹਾਇਕ ਐਸਪੀ ਸੁਰਿੰਦਰ ਸਿੰਘ ਰਠੌੜ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਇਸ ਮੁਕਾਬਲੇ ਸਬੰਧੀ ਕੋਈ ਆਗਿਆ ਨਹੀਂ ਲਈ ਗਈ ਸੀ। ਉਂਜ ਰਾਜਸਥਾਨ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਰਠੌਰ ਨੇ ਦੱਸਿਆ ਕਿ ਭਾਵੇਂ ਪੰਜਾਬ ਪੁਲਿਸ ਵੱੱਲੋਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਉੱਪਰ ਦਰਜ ਹੋਏ ਮਾਮਲਿਆਂ ਦੀ ਲੰਬੀ ਲਿਸਟ ਸੌਂਪੀ ਗਈ ਹੈ।

ਪਰ ਮਾਰੇ ਗਏ ਤੀਜੇ ਵਿਅਕਤੀ ਉੱਪਰ ਕਿਸੇ ਪ੍ਰਕਾਰ ਦਾ ਕੋਈ ਅਪਰਾਧਿਕ ਮਾਮਲਾ ਨਹੀਂ ਦਰਸਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ, ਪਰ ਉਨ੍ਹਾਂ ਹੋਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਐਸਐਸਪੀ ਪਟਿਆਲਾ ਡਾ.ਐਸ.ਭੂਪਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ। ਜਦੋਂ ਐਸਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਇੰਸਪੈਕਟਰ ਬਿਕਰਮ ਸਿੰਘ ਬਰਾੜ ਰਾਜਸਥਾਨ ਪੁਲਿਸ ਕੋਲ ਗਏ ਹੋਏ ਹਨ।