Farmers Protest : ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਤੇ ਟੋਲ ਪਲਾਜ਼ੇ ਫਰੀ ਕਰਨ ਤੋਂ ਬਾਅਦ ਕੱਲ੍ਹ ਕੀ ਕਰਨ ਜਾ ਰਹੇ ਹਨ ਕਿਸਾਨ, ਜਾਣੋ

Farmers Protest
ਮਾਨਸਾ : ਮਾਨਸਾ ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਤਸਵੀਰ : ਸੱਚ ਕਹੂੰ ਨਿਊਜ਼

ਭਾਕਿਯੂ ਉਗਰਾਹਾਂ ਤੇ ਡਕੌਂਦਾ ਜਥੇਬੰਦੀ ਨੇ ਪੰਜਾਬ ’ਚ 14 ਥਾਵਾਂ ’ਤੇ ਕੀਤਾ ਰੇਲਾਂ ਦਾ ਚੱਕਾ ਜਾਮ (Farmers Protest)

  • 6 ਥਾਵਾਂ ’ਤੇ ਟੌਲ ਪਲਾਜ਼ਾ ਕੀਤੇ ਗਏ ਫਰੀ
  • 16 ਫ਼ਰਵਰੀ ਨੂੰ ਭਾਰਤ ਬੰਦ ਲਾਗੂ ਕਰਨ ਦਾ ਦਿੱਤਾ ਸੱਦਾ

(ਸੁਖਜੀਤ ਮਾਨ) ਬਠਿੰਡਾ। Farmers Protest ਕਿਸਾਨੀ ਮੰਗਾਂ ਲਈ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਦੇ ਵਿਰੋਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸਾਂਝੇ ਸੱਦੇ ’ਤੇ ਪੰਜਾਬ ਭਰ ਵਿੱਚ 12 ਤੋਂ 3 ਵਜੇ ਤੱਕ 14 ਥਾਵਾਂ ’ਤੇ ਰੇਲਾਂ ਜਾਮ ਅਤੇ 6 ਥਾਂਵਾਂ ’ਤੇ ਟੌਲ ਫਰੀ ਕੀਤੇ ਗਏ। ਇਨ੍ਹਾਂ ਜਥੇਬੰਦੀਆਂ ਵੱਲੋਂ ਚੱਕਾ ਜਾਮ ਦੇ ਨਾਲ-ਨਾਲ ਕੱਲ੍ਹ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਵੀ ਲੋਕਾਂ ਨੂੰ ਸੱਦਾ ਦਿੱਤਾ ਗਿਆ।

ਇਹ ਰੇਲ ਮਾਰਗ ਕੀਤੇ ਜਾਮ (Farmers Protest)

ਕਿਸਾਨਾਂ ਵੱਲੋਂ ਅੱਜ ਰੇਲਾਂ ਜਾਮ ਜੇਠੂਕੇ , ਬੁਢਲਾਡਾ ,ਬਰਨਾਲਾ, ਸੁਨਾਮ, ਮਾਨਸਾ, ਸੰਗਰੂਰ, ਘੱਲ ਕਲਾਂ, ਮਲੋਟ, ਜਗਰਾਓਂ, ਭੁੱਚੋ ਮੰਡੀ, ਅੰਮ੍ਰਿਤਸਰ ਵੱਲਾਪੁਲ, ਰਾਜਪੁਰਾ, ਗੁਰੂਹਰਸਹਾਏ ਤੇ ਫਾਜ਼ਿਲਕਾ ਵਿਖੇ ਕੀਤੀਆਂ ਗਈਆਂ ਅਤੇ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਮਲੇਰਕੋਟਲਾ, ਕਪੂਰਥਲਾ ਤੇ ਮੋਹਾਲੀ ਆਦਿ ਵਿਖੇ ਟੌਲ ਫਰੀ ਕੀਤੇ ਗਏ। Farmers Protest

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀਆਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹਰਨੇਕ ਸਿੰਘ ਮਹਿਮਾ ਵੱਲੋਂ ਦੱਸਿਆ ਗਿਆ ਕਿ ਇਸ ਸੰਘਰਸ਼ ਵਿੱਚ ਭਾਰਤ ਨੂੰ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਬਾਹਰ ਕੱਢਣ, ਸਾਰੀਆਂ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ-ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਕੀਤੀਆਂ ਜਾ ਰਹੀਆਂ ਭਖਦੀਆਂ ਕਿਸਾਨੀ ਮੰਗਾਂ ਮੰਨੇ ਜਾਣ ਵਰਗੀਆਂ ਕਿਸਾਨੀ ਮੰਗਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਿਆ ਜਾ ਰਿਹਾ ਹੈ

ਬੁਲਾਰਿਆਂ ਵੱਲੋਂ ਭਾਜਪਾ ਦੀ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ ਤੇ ਡਰੋਨ ਰਾਹੀਂ ਗੋਲੀਬਾਰੀ ਤੋਂ ਇਲਾਵਾ ਸੜਕਾਂ ਉੱਤੇ ਕੰਧਾਂ ਕੱਢਣ ’ਤੇ ਕਿੱਲ ਗੱਡਣ ਵਰਗੇ ਹੱਥਕੰਡਿਆਂ ਦੀ ਵਰਤੋਂ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਵਾਲਾ ਦਿੱਲੀ ਘੋਲ ਮੁਲਤਵੀ ਕਰਨ ਮੌਕੇ ਮੋਦੀ ਸਰਕਾਰ ਵੱਲੋਂ ਲਿਖ਼ਤੀ ਭਰੋਸੇ ਦੇ ਬਾਵਜੂਦ ਕੋਈ ਇੱਕ ਵੀ ਮੰਗ ਲਾਗੂ ਨਾ ਕਰਨਾ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਸਾਮਰਾਜ ਪੱਖੀ ਕਿਰਦਾਰ ਨੂੰ ਨੰਗਾ ਕਰਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ’ਚ ਕਰ ਦਿੱਤਾ ਇੰਟਰਨੈਟ ਬੰਦ, ਮਾਨ ਸਰਕਾਰ ਨੇ ਜਤਾਇਆ ਇਤਰਾਜ਼

ਉਨ੍ਹਾਂ ਮੰਗ ਕੀਤੀ ਕਿ ਉਹ ਸਾਰੀਆਂ ਮੰਗਾਂ ਲਾਗੂ ਕਰਨ ਤੋਂ ਇਲਾਵਾ ਸਾਰੇ ਪੁਆੜਿਆਂ ਦੀ ਜੜ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਦੀ ਮੰਗ ਵੀ ਮੰਨੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਰੇਲਵੇ, ਕੋਲਾ ਖਾਨਾਂ, ਬੈਂਕ, ਬੀਮਾ, ਊਰਜਾ, ਜਹਾਜ਼ ਵਰਗੇ ਅਦਾਰੇ ਅਡਾਨੀ-ਅੰਬਾਨੀ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇ ਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ -ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ।

16 ਫਰਵਰੀ ਦੇ ਭਾਰਤ ਬੰਦ (Farmers Protest)

ਆਗੂਆਂ ਨੇ ਕੱਲ੍ਹ 16 ਫਰਵਰੀ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ। ਅੱਜ ਦੇ ਰੇਲ ਚੱਕਾ ਜਾਮ ਅਤੇ ਟੌਲ ਪਲਾਜੇ ਫਰੀ ਕਰਨ ਦੇ ਪ੍ਰੋਗਰਾਮਾਂ ਦੌਰਾਨ ਮੁੱਖ ਆਗੂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਗੁਰਦੀਪ ਸਿੰਘ ਰਾਮਪੁਰਾ, ਹਰੀਸ਼ ਨੱਢਾ ਤੇ ਅੰਮ੍ਰਿਤਪਾਲ ਕੌਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।