ਰਾਣਾ ਸੋੋਢੀ ਦੇ ਪਾਰਟੀ ਛੱਡਣ ਤੋਂ ਨਰਾਜ਼ ਹੋਏ ਰਾਹੁਲ ਗਾਂਧੀ, ਹਰੀਸ਼ ਚੌਧਰੀ ਦੀ ਲੱਗੀ ਕਲਾਸ

ਰਾਹੁਲ ਗਾਂਧੀ ਨੂੰ ਦੱਸਿਆ ਗਿਆ ਸੀ ਕੋਈ ਨਹੀਂ ਜਾ ਰਿਹਾ ਐ ਭਾਜਪਾ ’ਚ

  • ਅਜੇ ਮਾਕਨ ਅਤੇ ਹਰੀਸ਼ ਚੌਧਰੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਰਾਹੁਲ ਗਾਂਧੀ ਖ਼ਾਸੇ ਨਰਾਜ਼ ਹੋ ਗਏ ਹਨ। ਰਾਹੁਲ ਗਾਂਧੀ ਵੱਲੋਂ ਇਸ ਮਾਮਲੇ ਵਿੱਚ ਹਰੀਸ਼ ਚੌਧਰੀ ਦੀ ਕਲਾਸ ਤੱਕ ਲਗਾ ਦਿੱਤੀ ਗਈ ਹੈ ਕਿ ਉਨਾਂ ਵੱਲੋਂ ਇਸ ਸਬੰਧੀ ਸਮਾਂ ਰਹਿੰਦੇ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਕਿ ਰਾਣਾ ਗੁਰਮੀਤ ਸਿੰਘ ਸੋਢੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਜਾ ਰਹੇ ਹਨ। ਜੇਕਰ ਉਨਾਂ ਨੂੰ ਪਹਿਲਾਂ ਤੋਂ ਇਸ ਸਬੰਧੀ ਜਾਣਕਾਰੀ ਸੀ ਤਾਂ ਉਨਾਂ ਨੇ ਰਾਣਾ ਗੁਰਮੀਤ ਸੋਢੀ ਨਾਲ ਕੋਈ ਮੀਟਿੰਗ ਕਰਦੇ ਹੋਏ ਰੋਕਣ ਦੀ ਕੋਸ਼ਸ਼ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਹਰੀਸ਼ ਚੌਧਰੀ ਕੋਲ ਕੋਈ ਜੁਆਬ ਹੀ ਨਹੀਂ ਸੀ।  ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਇਹ ਕਹਿੰਦੇ ਹੋਏ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਨਾਂ ਨੂੰ ਪੰਜਾਬ ਵਿੱਚੋਂ ਇਹ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਕਿ ਕਾਂਗਰਸ ਦਾ ਕੋਈ ਵੀ ਲੀਡਰ ਛੱਡ ਕੇ ਭਾਜਪਾ ਤਾਂ ਦੂਰ ਕਿਸੇ ਵੀ ਪਾਰਟੀ ਵਿੱਚ ਨਹੀਂ ਜਾ ਰਹੇ ਹਨ। ਜਦੋਂਕਿ ਇਸ ਦੇ ਉਲਟ ਮੰਗਲਵਾਰ ਨੂੰ ਰਾਣਾ ਗੁਰਮੀਤ ਸੋਢੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਰਾਹੁਲ ਗਾਂਧੀ ਖ਼ੁਦ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਵੱਡਾ ਝਟਕਾ ਮੰਨ ਰਹੇ ਹਨ, ਕਿਉਂਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੋਣ ਦੀ ਗਲ ਆਖੀ ਜਾ ਰਹੀ ਹੈ ਫਿਰ ਵੀ ਕਾਂਗਰਸ ਦੇ ਵੱਡੇ ਲੀਡਰ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਜਾ ਰਹੇ ਹਨ।
ਰਾਹੁਲ ਗਾਂਧੀ ਦੇ ਨਾਲ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਹਰੀਸ ਚੌਧਰੀ ਨੇ ਮੰਨਿਆ ਕਿ ਰਾਣਾ ਗੁਰਮੀਤ ਸੋਢੀ ਦੇ ਪਾਰਟੀ ਨੂੰ ਛੱਡਣ ਨੂੰ ਲੈ ਕੇ ਕਾਫ਼ੀ ਜਿਆਦਾ ਚਰਚਾ ਹੋਈ ਹੈ। ਹਰੀਸ਼ ਚੌਧਰੀ ਨੇ ਕਿਹਾ ਕਿ ਰਾਣਾ ਗੁਰਮੀਤ ਸੋਢੀ ਵਲੋਂ ਇਸ ਕਰਕੇ ਪਾਰਟੀ ਨੂੰ ਛੱਡਿਆ ਗਿਆ ਹੈ ਕਿ ਉਨਾਂ ਵਲੋਂ ਜਿਹੜੀ ਥਾਂ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ। ਉਸ ਵਿਧਾਨ ਸਭਾ ਸੀਟ ਤੋਂ ਰਾਣਾ ਗੁਰਮੀਤ ਸੋਢੀ ਨੂੰ ਟਿਕਟ ਹੀ ਨਹੀਂ ਦਿੱਤੀ ਜਾ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ