ਝਬਕਰਾ ’ਚ ਪੰਚਾਇਤ ਮੈਂਬਰਾਂ ਤੇ ਮਹਿਲਾ ਮੰਡਲ ਪ੍ਰਧਾਨ ਸਮੇਤ ਭਾਜਪਾ ਦੇ 30 ਪਰਿਵਾਰਾਂ ਅਰੁਨਾ ਚੌਧਰੀ ਨਾਲ ਚੱਲਣ ਦਾ ਕੀਤਾ ਐਲਾਨ

Aruna Chaudhary Sachkahoon

ਪਿੰਡ ’ਚ ਰੱਖੀ ਆਮ ਮੀਟਿੰਗ ਕਾਂਗਰਸ ਲਈ ਸਾਬਤ ਹੋਈ ਲਾਹੇਵੰਦ

ਝਬਕਰਾ ਦੇ ਲੋਕਾਂ ਨੇ ਕੱਟੜਵਾਦ ਨੂੰ ਛੱਡ ਕੇ ਵਿਕਾਸ ਕੰਮਾਂ ਨੂੰ ਦਿੱਤੀ ਤਰਜ਼ੀਹ : ਅਰੁਣਾ ਚੌਧਰੀ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪਿੰਡ ਝਬਕਰਾ ਦੇ ਗੁਰੂ ਰਵਿਦਾਸ ਮੰਦਰ ’ਚ ਹੋਈ ਇੱਕ ਆਮ ਮੀਟਿੰਗ ਅੱਜ ਉਸ ਵੇਲੇ ਕਾਂਗਰਸ ਪਾਰਟੀ ਲਈ ਬੇਹੱਦ ਲਾਹੇਵੰਦ ਸਾਬਤ ਹੋਈ ਜਦੋਂ ਭਾਜਪਾ ਦੇ ਦੋ ਪੰਚਾਇਤ ਮੈਂਬਰ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਸਮੇਤ ਬੀਜੇਪੀ ਦੇ 30 ਟਕਸਾਲੀ ਪਰਿਵਾਰ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਸਮੱਰਥਨ ’ਚ ਉੱਤਰ ਆਏ। ਇਸ ਮੌਕੇ ਅਰੁਣਾ ਚੌਧਰੀ ਸੰਬੋਧਨ ਕਰ ਰਹੇ ਸਨ, ਜਿਨਾਂ ਨੂੰ ਆਪਣਾ ਭਾਸ਼ਣ ਬੰਦ ਕਰਕੇ ਕਾਂਗਰਸ ’ਚ ਆਉਣ ਵਾਲਿਆਂ ਦਾ ਸਵਾਗਤ ਕਰਨਾ ਪਿਆ ਅਤੇ ਉਨ੍ਹਾਂ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਕਿਸੇ ਵੇਲੇ ਉਨ੍ਹਾਂ ਦੇ ਵਿਰੋਧੀਆਂ ਨਾਲ ਚੱਲਣ ਵਾਲੇ ਇਹ ਲੋਕ ਅੱਜ ਆਪਣੀ ਮਰਜ਼ੀ ਨਾਲ ਕਾਂਗਰਸ ’ਚ ਆਏ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਹਲਕੇ ਦੇ ਲੋਕ ਕੱਟੜਵਾਦ ਨੂੰ ਛੱਡ ਕੇ ਵਿਕਾਸ ਕੰਮਾਂ ਨੂੰ ਤਰਜ਼ੀਹ ਦੇ ਰਹੇ ਹਨ।

ਅਰੁਣਾ ਚੌਧਰੀ ਨੇ ਕਿਹਾ ਕਿ ਉਹ ਜਦੋਂ ਤੋਂ ਸਿਆਸਤ ਵਿੱਚ ਆਏ ਹਨ ਉਨ੍ਹਾਂ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਦੇ ਵਿਕਾਸ ਅਤੇ ਲੋਕ ਮਸਲਿਆਂ ਦੇ ਹੱਲ ਲਈ ਯਤਨ ਕੀਤੇ ਹਨ। ਉਨ੍ਹਾਂ ਗੁਰੂ ਰਵਿਦਾਸ ਮੰਦਰ ’ਚ ਹਾਲ ਬਣਾਉਣ ਲਈ 4 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪਿੰਡ ਝਬਕਰਾ ’ਚ ਉਨਾਂ ਅਨੇਕਾਂ ਵਿਕਾਸ ਕੰਮ ਕਰਵਾਏ ਹਨ ਪਰ ਵੋਟਾਂ ਪਾਉਣ ਵੇਲੇ ਇਸ ਪਿੰਡ ਨੇ ਕਦੇ ਦਲੇਰੀ ਨਹੀਂ ਦਿਖਾਈ। ਪਰ ਇਸਦੇ ਬਾਵਜੂਦ ਉਹ ਪਿੰਡ ਦਾ ਹਰ ਕੰਮ ਪਹਿਲ ਦੇ ਆਧਾਰ ’ਤੇ ਕਰਦੇ ਆਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਰੋਧ ਵਿੱਚ ਚੱਲਣ ਵਾਲਿਆਂ ਨੇ ਅੱਜ ਕਾਂਗਰਸ ਜੁਆਇਨ ਕਰਕੇ ਚੰਗਾ ਫ਼ੈਸਲਾ ਲਿਆ ਹੈ ਅਤੇ ਉਹ ਆਸ ਕਰਕੇ ਹਨ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਉਹ ਪਿੰਡ ’ਚੋਂ ਚੰਗੀ ਲੀਡ ਨਾਲ ਅੱਗੇ ਵੱਧਣਗੇ।

ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਖੇਤਰ ਦੀ ਜਨਤਾ ਚੰਗੀ ਤਰਾਂ ਨਾਲ ਸਮਝ ਚੁੱਕੀ ਹੈ ਕਿ ਸਿਰਫ਼ ਅਰੁਨਾ ਚੌਧਰੀ ਹੀ ਹਲਕੇ ਦੀ ਨੁਹਾਰ ਬਦਲ ਸਕਦੇ ਹਨ ਜਦਕਿ ਵਿਰੋਧੀ ਪਾਰਟੀਆਂ ਦਾ ਇੱਥੇ ਕੋਈ ਆਧਾਰ ਨਹੀਂ ਹੈ ਅਤੇ ਉਹ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦੇ ਸਕਦੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਭਾਜਪਾ ਆਗੂ ਬਿੰਦੂ ਠਾਕੁਰ ਝਬਕਰਾ ਅਤੇ ਰੌਕੀ ਦੀ ਅਗਵਾਈ ਵਿੱਚ ਪੰਚ ਸੁਨੀਤਾ ਕੁਮਾਰੀ, ਪੰਚ ਸੁਦੇਸ਼ ਰਾਣੀ, ਭਾਜਪਾ ਮਹਿਲਾ ਵਿੰਗ ਪ੍ਰਧਾਨ ਕਮਲੇਸ਼ ਕੁਮਾਰੀ, ਸੁਦੇਸ਼ ਕੁਮਾਰੀ ਅਤੇ ਬਿਮਲਾ ਦੇਵੀ ਸਮੇਤ ਬਖਸ਼ੀਸ਼ ਠਾਕੁਰ, ਗੋਪਾਲ ਸਿੰਘ, ਕਰਨੈਲ ਸਿੰਘ, ਵਿਜੇ ਕੁਮਾਰ, ਪ੍ਰਦੀਪ ਕੁਮਾਰ, ਗਗਨ ਕੁਮਾਰ, ਬਲਬੀਰ ਸਿੰਘ, ਪਰਮਜੀਤ, ਜੀਵਨ ਠਾਕੁਰ, ਲੱਕੀ ਠਾਕੁਰ, ਜੌਨੀ ਜੈਲਦਾਰ, ਵੀਰਬਲ, ਮੰਦੂ ਅਤੇ ਰਾਜ ਕੁਮਾਰ ਆਦਿ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ ਹੋਏ ਹਨ। ਕੈਬਨਿਟ ਮੰਤਰੀ ਨੇ ਇਸ ਉਪਰਾਲੇ ਲਈ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਖਸ਼ੀਸ਼ ਸਿੰਘ ਮਕੌੜਾ ਅਤੇ ਸਰਪੰਚ ਅਜੇ ਪਾਲ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪੰਚ ਪ੍ਰਸ਼ੋਤਮ ਲਾਲ, ਟੋਨੀ ਮਹਾਜਨ, ਭੁੱਟੋ ਝਬਕਰਾ, ਸਰਪੰਚ ਬੱਬਲੂ, ਨਜ਼ੀਰ ਮਸੀਹ ਅਤੇ ਪ੍ਰੇਮ ਸਿੰਘ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ