ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ਼ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ ਕਰ ਸਕਦਾ ਹੈ ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇਚੇ ਉਪਦੇਸ਼ ਰਾਹੀਂ ਜੀਵਨ ਦੇ ਯਥਾਰਥ ਦੀ ਸੋਝੀ ਕਰਵਾਉਂਦੇ ਹਨ ਬਿੰਬਾਤਮਕ ਪੇਸ਼ਕਾਰੀ, ਸੂਤਰ ਸ਼ੈਲੀ ਅਤੇ ਸੁਹਜਮਈ ਬਿਆਨ ਕਰਕੇ ਇਹ ਅਖਾਣ ਕਾਵਿ-ਗੁਣਾਂ ਨਾਲ ਵੀ ਭਰਪੂਰ ਹਨ ਇਨ੍ਹਾਂ ਅਖ਼ਾਣਾਂ ਦੁਆਰਾ ਸੰਚਾਰਤ ਅਰਥ ਸਥਾਈ ਨਹੀਂ ਸਗੋਂ ਪ੍ਰਸਥਿਤੀਆਂ ਅਨੁਸਾਰੀ ਹੁੰਦੇ ਹਨ ਕਈ ਅਖਾਣ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ
ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ ਲਬਰੇਜ਼ ਹੁੰਦਾ ਹੈ ਇਸ ਲਈ ਉਹ ਹਰ ਕੰਮ ਨਵੇਂ ਸਿਰਿਓਂ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਜ਼ਿੰਦਗੀ ਭਰ ਦੇ ਅਣਮੁੱਲੇ ਤਜ਼ਰਬਿਆਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ ਪੰਜਾਬੀ ਅਖਾਣ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਗਿਆਨ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ ਹਰੇਕ ਪੜ੍ਹਿਆ,ਅੱਧ-ਪੜ੍ਹਿਆ ਅਤੇ ਅਣਪੜ੍ਹਿਆ ਮਨੁੱਖ ਆਪਣੀ ਰੋਜ਼-ਮੱਰਾ ਦੀ ਬੋਲਬਾਣੀ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ
ਪੇਸ਼ ਹਨ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਕੁਝ ਅਖਾਣ-
ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ:- ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੁੰਦਾ ਹੈ
ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ- ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ:-ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ,ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ: ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਂਪ ਦਿੱਤਾ ਜਾਵੇ
ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ: ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ
ਆਪਣੀ ਅੱਖ ਪਰਾਇਆ ਡੇਲਾ:- ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ
ਆਪਣੇ ਘਰ ਪਕਾਈਂ ਨਾ ਸਾਡੇ ਘਰ ਆਈਂ ਨਾ:- ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ
ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ: ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ‘ਤੇ ਕੋਈ ਵਸਤੂ ਖਤਮ ਹੋ ਜਾਵੇ
ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵੱਈਆ ਕੋਈ ਨਹੀਂ:- ਗਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ
ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ:- ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ
ਔਂਤਰ ਨਖੱਤਰ ਨਾ ਮੂਲੀ ਨਾ ਪੱਤਰ:-ਇਹ ਆਖਣ ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ
ਇੱਲ ਦਾ ਨਨਾਣਵੱਈਆ ਕਾਂ:ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ(ਮਾੜੇ) ਹੀ ਹੁੰਦੇ ਹਨ
ਰਮੇਸ਼ ਬੱਗਾ ਚੋਹਲਾ
ਹੈਬੋਵਾਲ ਖੁਰਦ(ਲੁਧਿ:)ਮੋ:94631-32719
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।