ਪੰਜਾਬ ਦੇ ਆਈਏਐੱਸ ਅਫਸਰ ਦੇ ਸਹੁਰੇ ਦਾ ਗੋਲੀ ਮਾਰ ਕੇ ਕਤਲ

Punjab, IAS Officer, Father-in-law, Shot Dead

ਮਾਰਕਫੈੱਡ ਦੇ ਐੱਮਡੀ ਵਰੁਣ ਰੂਜਮ ਦੇ ਸਨ ਸਹੁਰਾ, ਪੁਲਿਸ ਜਾਂਚ ‘ਚ ਜੁਟੀ

ਅਜਯ ਕਮਲ/ਜਤਿੰਦਰ, ਰਾਜਪੁਰਾ

ਰਾਜਪੁਰਾ-ਸਰਹਿੰਦ ਜੀ ਟੀ ਰੋਡ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਸਵਾਰ ਆਈਏਐਸ ਵਰੂਣ ਰੂਜਮ ਦੇ ਸਹੁਰੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਕਾਰ ਨੂੰ ਖਤਾਨਾਂ ਵਿੱਚ ਸੁੱਟ ਦਿੱਤਾ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਈਜੀ ਪਟਿਆਲਾ ਰੇਂਜ ਏ ਐੱਸ ਰਾਏ ਅਤੇ ਡੀਐੱਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪੈਥੇ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਕਾਰ ਸਵਾਰ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ,  ਜੋ ਕਿ ਪੰਜਾਬ ਦੇ ਆਈਏਐੱਸ ਤੇ ਐੱਮਡੀ ਮਾਰਕਫੈੱਡ ਵਰੂਣ ਰੂਜਮ ਦੇ ਸਹੁਰਾ ਸਾਹਿਬ ਸਨ। ਮ੍ਰਿਤਕ ਸਵਰਨ ਸਿੰਘ ਅੰਮ੍ਰਿਤਧਾਰੀ ਸਨ ਅਤੇ ਰਾਜਪੁਰਾ ਦੇ ਉਕਸੀ ਪਿੰਡ ਸਥਿਤ ਗੁਰਦੁਆਰਾ ਸਾਹਿਬ ਵਿੱਚ ਹਰ ਮਹੀਨੇ 10ਵੀਂ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਸਨ ਅਤੇ ਅੱਜ ਵੀ ਉਹ 10ਵੀਂ ਦੇ ਮੌਕੇ ਮੱਥਾ ਟੇਕ ਕੇ ਵਾਪਸ ਚੰਡੀਗੜ੍ਹ ਜਾ ਰਹੇ ਸਨ ਤਾਂ ਰਾਜਪੁਰਾ ਦੇ ਨੇੜਲੇ ਇੱਕ ਨਿੱਜੀ ਹੋਟਲ ਕੋਲ ਅਣਪਛਾਤਿਆਂ ਨੇ ਉਨ੍ਹਾਂ ਦੀ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਕਾਰ ਨੂੰ ਖਤਾਨਾਂ ਵਿੱਚ ਸੁੱਟ ਦਿੱਤਾ।

ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਗੋਲੀ ਮਾਰਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਵਜ੍ਹਾ ਨਾਲ ਉਕਤ ਵਿਅਕਤੀ ਨੂੰ ਗੋਲੀਆਂ ਮਾਰੀਆਂ ਹਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਤਿੰਨ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆਂ ਕਿ ਮ੍ਰਿਤਕ ਦੀ ਲਾਸ਼ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਐੱਸਐੱਮਓ ਰਣਜੀਤ ਸਿੰਘ ਦੀ ਦੇਖ-ਰੇਖ ‘ਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਡੀਸੀ ਪਟਿਆਲਾ ਕੁਮਾਰ ਅਮਿਤ, ਐੱਸਡੀਐੱਮ ਰਾਜਪੁਰਾ ਸ਼ਿਵ ਕੁਮਾਰ, ਡੀਐੱਸਪੀ ਰਾਜਪੁਰਾ, ਸਿਟੀ ਪੁਲਿਸ ਇੰਚਾਰਜ ਗੁਰਚਰਨ ਸਿੰਘ ਸਮੇਤ ਕਈ ਵੱਡੇ ਅਫਸਰ ਮੌਕੇ ‘ਤੇ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।