ਮੌਜੂਦਾ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ ‘ਚ ਪਾਈ : ਬਾਦਲ

ਸਾਬਕਾ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਖੇ ਹੋਏ ਧਮਾਕੇ ਦੀ ਕੀਤੀ ਨਿਖੇਧੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਦੀ ਨਿਖੇਧੀ ਕਰਦਿਆਂ ਸੂਬੇ ਅੰਦਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਕਿਹਾ ਕਿ ਸਿਆਸੀ ਫਾਇਦਾ ਲੈਣ ਲਈ ਸੂਬੇ ਦੇ ਕਾਂਗਰਸੀ ਹਾਕਮਾਂ ਦੀ ਬਿਰਤੀ ਸ਼ਾਂਤੀ ਦੇ ਵੈਰੀਆਂ ਨੂੰ ਹੱਲਾਸ਼ੇਰੀ ਤੇ ਸ਼ਹਿ ਦੇ ਕੇ ਪੰਜਾਬ ਨੂੰ ਤੇਜ਼ੀ ਨਾਲ ਦੁਬਾਰਾ ਤੋਂ ਕਾਲੇ ਦਿਨਾਂ ਵੱਲ ਧੱਕਣ ਦੀ ਹੈ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਖ਼ਿਲਾਫ਼ ਕਾਂਗਰਸੀ ਹੁਕਮਰਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਸਾਵਧਾਨ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਸੌੜੇ ਸਿਆਸੀ ਹਿੱਤਾਂ ਖਾਤਿਰ ਉਨ੍ਹਾਂ ਤੱਤਾਂ ਨੂੰ ਇਸਤੇਮਾਲ ਕਰਨ ਦੀ ਲਾਲਸਾ, ਜੋ ਕਿ ਸ਼ਰੇਆਮ ਨਫ਼ਰਤ ਤੇ ਹਿੰਸਾ ਦੀ ਵਿਚਾਰਧਾਰਾ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਤਬਾਹ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹੁਕਮਰਾਨ ਗੁਪਤ ਤੌਰ ‘ਤੇ ਅਤੇ ਕਿਤੇ ਕਿਤੇ ਸ਼ਰੇਆਮ ਉਨ੍ਹਾਂ ਤੱਤਾਂ ਦੀ ਮੱਦਦ ਕਰਦੇ ਤੇ ਪੱਖ ਪੂਰਦੇ ਆ ਰਹੇ ਹਨ, ਜਿਨ੍ਹਾਂ ਦਾ ਏਜੰਡਾ ਪੰਜਾਬ ਅੰਦਰ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾਉਣਾ ਹੈ।

ਉਨ੍ਹਾਂ ਦੇ ਆਗੂ ਅਕਾਲੀ ਦਲ ਖ਼ਿਲਾਫ਼ ਸਾਜ਼ਿਸ਼ਾਂ ਰਚਣ ਲਈ ਮੁੱਖ ਮੰਤਰੀ ਨਾਲ ਗੁਪਤ ਮੀਟਿੰਗਾਂ ਕਰਦੇ ਆ ਰਹੇ ਹਨ। ਅਜਿਹੀਆਂ ਗਤੀਵਿਧੀਆਂ ਨੇ ਸੂਬੇ ਅੰਦਰ ਸਥਿਤੀ ਨੂੰ ਬਹੁਤ ਹੀ ਖ਼ਤਰਨਾਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਵਧ ਰਹੀ ਹਿੰਸਾ ਕਾਂਗਰਸ ਪਾਰਟੀ ਦੀ ਸਨਕੀ ਸਿਆਸੀ ਮੌਕਾਪ੍ਰਸਤੀ ਤੇ ਇਸ ਦੀਆਂ ਸ਼ਾਂਤੀ ਦੇ ਵੈਰੀਆਂ ਨਾਲ ਮੁਲਾਹਜ਼ੇਦਾਰੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਬਦਲਣ ਨਾਲ ਅਚਾਨਕ ਪ੍ਰਮੁੱਖਤਾਵਾਂ ਵੀ ਬਦਲ ਗਈਆਂ ਹਨ। ਪਿਛਲੇ 22 ਮਹੀਨਿਆਂ ਦੌਰਾਨ ਸੂਬੇ ਅੰਦਰ ਸਥਿਤੀ ਨੇ ਇੱਕ ਖਤਰਨਾਕ ਮੋੜਾ ਕੱਟਿਆ ਹੈ। ਬਾਦਲ ਨੇ ਕਿਹਾ ਕਿ ਮੌਜੂਦਾ ਹਕੂਮਤ ਅਧੀਨ ਪੁਲਿਸ ਸਟੇਸ਼ਨਾਂ ‘ਤੇ ਸ਼ਰੇਆਮ ਹਮਲੇ ਹੋਏ ਹਨ। ਸਿਆਸੀ ਕਤਲਾਂ ਲਈ ਰਚੀਆਂ ਸਾਜ਼ਿਸ਼ਾਂ ਦੇ ਖੁਲਾਸੇ ਹੋਏ ਹਨ, ਪਰੰਤੂ ਸੂਬਾ ਸਰਕਾਰ ਨੇ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸ਼ਾਂਤੀ ਨੂੰ ਵਧ ਰਹੇ ਖਤਰੇ ਸਬੰਧੀ ਗ੍ਰਹਿ ਮੰਤਰੀ ਅਤੇ ਭਾਰਤੀ ਫੌਜ ਦੇ ਮੁਖੀ ਵੱਲੋਂ ਦਿੱਤੀਆਂ ਚਿਤਾਵਨੀਆਂ ਤੇ ਭਰੋਸੇਯੋਗ ਰਿਪੋਰਟਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਥਿਤੀ ਇੰਨੀ ਜਲਦੀ ਵਿਗੜੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਸਾਲ ਅਪ੍ਰੈਲ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਹਮਣੇ ਇਹ ਕਬੂਲ ਕਰਨਾ ਪਿਆ ਸੀ ਕਿ ਪੰਜਾਬ ‘ਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਦਹਿਸ਼ਤਵਾਦ ‘ਚ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਇਨ੍ਹਾਂ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸ਼ਾਂਤੀ ਦੇ ਵੈਰੀਆਂ ਦਾ ਸਮਰਥਨ ਕਰਨ ਦੀ ਨੀਤੀ ਅਪਣਾਈ ਰੱਖੀ ਕਿਉਂਕਿ ਇਨ੍ਹਾਂ ਤੱਤਾਂ ਦੀ ਕਾਂਗਰਸ ਨਾਲ ਅਕਾਲੀ ਦਲ ਪ੍ਰਤੀ ਨਫਰਤ ਰੱਖਣ ਦੀ ਸਾਂਝ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।