ਮੂੰਗੀ ਦਾ ਘਾਟਾ ਪੂਰਾ ਨਹੀਂ ਕਰੇਗੀ ਸਰਕਾਰ, 1000 ਰੁਪਏ ਖ਼ਾਸ ਮੁਆਵਜ਼ਾ ਦੇਣ ਤੋਂ ਵੀ ਸਾਫ਼ ਇਨਕਾਰ

Moong Dal
ਮੂੰਗੀ ਦਾ ਘਾਟਾ ਪੂਰਾ ਨਹੀਂ ਕਰੇਗੀ ਸਰਕਾਰ, 1000 ਰੁਪਏ ਖ਼ਾਸ ਮੁਆਵਜ਼ਾ ਦੇਣ ਤੋਂ ਵੀ ਸਾਫ਼ ਇਨਕਾਰ

ਪੰਜਾਬ ਵਿੱਚ ਮੂੰਗੀ ਦੀ ਖੇਤੀ ਕਰਕੇ ਪਛਤਾ ਰਹੇ ਹਨ ਕਿਸਾਨ, ਹੁਣ ਸਰਕਾਰ ਨੇ ਵੀ ਖਿੱਚੇ ਹੱਥ

  • ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਬੋਲੇ, ਨਹੀਂ ਕੀਤਾ ਗਿਐ 1000 ਰੁਪਏ ਦੇਣ ’ਤੇ ਵਿਚਾਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਮੂੰਗੀ ਦੀ ਖੇਤੀ (Moong Dal ) ਕਰਨ ਵਾਲੇ ਕਿਸਾਨਾਂ ਲਈ ਬੁਰੀ ਖ਼ਬਰ ਹੈ ਕਿ ਮਾਰਕਿਟ ਵਿੱਚ ਐੱਮਐੱਸਪੀ ’ਤੇ ਦਾਲ ਨਾ ਵਿਕਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਪਿਛਲੇ ਸਾਲ ਵਾਂਗ 1000 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਾਫ਼ ਕਿਹਾ ਗਿਆ ਕਿ ਇਸ ਸਾਲ 1 ਹਜ਼ਾਰ ਰੁਪਏ ਮੁਆਵਜ਼ਾ ਦੇਣ ਵਰਗਾ ਕੋਈ ਵੀ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਅਤੇ ਇਸ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਚਰਚਾ ਤੱਕ ਨਹੀਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦਾ ਸੁਰੱਖਿਆ ਸੁਪਰਵਾਇਜਰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਬਰਖਾਸਤ

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਾਲ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਝੋਨੇ ਨੂੰ ਘਟਾਉਣ ਦਾ ਸੱਦਾ ਦਿੱਤਾ ਸੀ। ਇਸੇ ਸੱਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਬਦਲਵੀਂ ਫਸਲ ਮੂੰਗੀ ਦੀ ਬਿਜਾਈ ਕਰਨ ਦਾ ਹੋਕਾ ਦਿੰਦੇ ਹੋਏ ਬਕਾਇਦਾ ਇਸ ਦਾ ਘੱਟ ਤੋਂ ਘੱਟ 7275 ਰੁਪਏ ਖਰੀਦ ਰੇਟ ਵੀ ਤੈਅ ਕੀਤਾ ਗਿਆ ਸੀ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਮੂੰਗ ਦਾਲ ਪੈਦਾ ਕਰਨ ਨਾਲ ਮੋਟਾ ਫਾਇਦਾ ਹੋਵੇ।

ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ ਪਹਿਲੀ ਵਾਰ ਮੂੰਗੀ ਦੀ ਬਿਜਾਈ ਲਈ ਉਤਸ਼ਾਹ ਵਿਖਾਇਆ ਪਰ ਮਾਰਕਿਟ ਵਿੱਚ 7275 ਰੁਪਏ ਦਾ ਭਾਅ ਨਹੀਂ ਮਿਲਣ ਕਰਕੇ ਕਿਸਾਨਾਂ ਨੂੰ ਨਿਰਾਸ਼ ਹੋਣਾ ਪੈ ਰਿਹਾ ਸੀ।

ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਭਰਪਾਈ ਸਰਕਾਰ ਦੀ ਜੇਬ੍ਹ ਵਿੱਚੋਂ ਕਰਨ ਦਾ ਐਲਾਨ ਕਰਦੇ ਹੋਏ 1000 ਰੁਪਏ ਪ੍ਰਤੀ ਕੁਇੰਟਲ ਉਨ੍ਹਾਂ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਨੂੰ ਕਿ ਐੱਮਐੱਸਪੀ ਤੋਂ 1000 ਜਾਂ ਇਸ ਤੋਂ ਜ਼ਿਆਦਾ ਘੱਟ ਰੇਟ ਮੂੰਗੀ ਦੀ ਫਸਲ ਵੇਚਣੀ ਪਿਆ ਸੀ।

ਪੰਜਾਬ ਵਿੱਚ 4.5 ਲੱਖ ਕੁਇੰਟਲ ਮੂੰਗੀ ਪੈਦਾਵਾਰ ਹੋਣ ਦਾ ਅਨੁਮਾਨ

ਪੰਜਾਬ ਸਰਕਾਰ ਵੱਲੋਂ ਇਸ ਸਾਲ 7755 ਰੁਪਏ ਮੂੰਗ ਦਾਲ ਦਾ ਘੱਟ ਤੋਂ ਘੱਟ ਰੇਟ ਰੱਖਿਆ ਗਿਆ ਹੈ ਪਰ ਮਾਰਕਿਟ ਵਿੱਚ ਕਾਫ਼ੀ ਘੱਟ ਰੇਟ ’ਤੇ ਵਪਾਰੀ ਮੂੰਗੀ ਦੀ ਖਰੀਦ ਕਰ ਰਹੇ ਹਨ। ਪੰਜਾਬ ਵਿੱਚ 4.5 ਲੱਖ ਕੁਇੰਟਲ ਮੂੰਗੀ ਪੈਦਾਵਾਰ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸ ਵਿੱਚੋਂ ਹੁਣ ਤੱਕ ਸਰਕਾਰ ਵੱਲੋਂ ਸਿਰਫ਼ 2500 ਕੁਇੰਟਲ ਦੇ ਨੇੜੇ ਹੀ ਮੂੰਗੀ ਦੀ ਖਰੀਦ ਕੀਤੀ ਗਈ ਹੈ, ਜਦੋਂਕਿ ਪ੍ਰਾਈਵੇਟ ਕੰਪਨੀਆਂ ਅਤੇ ਵਪਾਰੀਆਂ ਵੱਲੋਂ ਡੇਢ ਲੱਖ ਕੁਇੰਟਲ ਤੱਕ ਖਰੀਦੀ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਘੱਟ ਖਰੀਦ ਕੀਤੀ ਜਾਣ ਕਰਕੇ ਪ੍ਰਾਈਵੇਟ ਵਪਾਰੀ ਲਗਾਤਾਰ ਰੇਟ ਘੱਟ ਦੇ ਰਹੇ ਹਨ। (Moong Dal )

Moong Dal

ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਮਜ਼ਬੂਰਨ ਘੱਟ ਰੇਟ ’ਤੇ ਫਸਲ ਵੇਚਣੀ ਪੈ ਰਹੀ ਹੈ ਪਰ ਕਿਸਾਨਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਪਿਛਲੇ ਸਾਲ ਵਾਂਗ ਉਨ੍ਹਾਂ ਦਾ ਘਾਟਾ ਪੂਰਾ ਕਰਨ ਲਈ ਖ਼ਾਸ ਮੁਆਵਜ਼ਾ ਦੇਵੇਗੀ ਪਰ ਪੰਜਾਬ ਸਰਕਾਰ ਹੁਣ ਇਸ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਹੁਣ ਤੱਕ ਇਸ ਤਰ੍ਹਾਂ ਦੇ ਮੁਆਵਜ਼ੇ ਨੂੰ ਦੇਣ ਸਬੰਧੀ ਕੋਈ ਫੈਸਲਾ ਕਰਨਾ ਤਾਂ ਦੂਰ ਇਸ ਸਬੰਧੀ ਮੀਟਿੰਗ ਤੱਕ ਨਹੀਂ ਕੀਤੀ ਗਈ ਹੈ।

ਇੱਕ ਹਜ਼ਾਰ ਮੁਆਵਜ਼ਾ ਦੇਣ ਬਾਰੇ ਮੈਨੂੰ ਜਾਣਕਾਰੀ ਨਹੀਂ ਐ : ਗੁਰਮੀਤ ਖੁੱਡੀਆਂ

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਿਛਲੇ ਸਾਲ ਵਾਂਗ ਮੂੰਗੀ ਪੈਦਾ ਕਰਨ ਵਾਲੇ ਕਿਸਾਨਾਂ ਦੇ ਘਾਟੇ ਦੀ ਭਰਪਾਈ ਲਈ 1 ਹਜ਼ਾਰ ਰੁਪਏ ਮੁਆਵਜ਼ਾ ਦੇਣ ਸਬੰਧੀ ਕੋਈ ਵੀ ਵਿਚਾਰ ਚਰਚਾ ਨਹੀਂ ਚੱਲ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਦੇ ਪੱਧਰ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮੁਆਵਜ਼ੇ ਨੂੰ ਮਿਲਣ ਜਾਂ ਫਿਰ ਨਾ ਮਿਲਣ ਬਾਰੇ ਕੋਈ ਜ਼ਿਆਦਾ ਜਾਣਕਾਰੀ ਉਨ੍ਹਾਂ ਖ਼ੁਦ ਨੂੰ ਨਹੀਂ ਹੈ।