ਪੀਆਰਟੀਸੀ ਅਤੇ ਪਨਬੱਸ ਦੇ ਚੱਕੇ ਰਹੇ ਜਾਮ, ਕਰੋੜਾਂ ਦਾ ਹੋਇਆ ਨੁਕਸਾਨ

PRTC-Bus
ਪਟਿਆਲਾ : ਪਟਿਆਲਾ ਵਿਖੇ ਧਰਨਾ ਦਿੰਦੇ ਹੋਏ ਕੱਚੇ ਕਾਮੇ, ਬੰਦ ਖੜ੍ਹੀਆਂ ਸਰਕਾਰੀ ਬੱਸਾਂ।

ਆਮ ਲੋਕਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ, 50 ਫੀਸਦੀ ਬੱਸਾਂ ਰਹੀਆਂ ਬੰਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟਸੀ ਅਤੇ ਪਨਬਸ ਅੰਦਰ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਦੇ ਕੀਤੇ ਚੱਕੇ ਜਾਮ ਕਾਰਨ ਜਿੱਥੇ ਅਦਾਰਿਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ, ਉੱਥੇ ਹੀ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਨਬੱਸ ਅੰਦਰ ਤਾਂ ਵੱਡੀ ਪੱਧਰ ’ਤੇ ਬੱਸਾਂ ਦਾ ਚੱਕਾ ਜਾਮ ਰਿਹਾ ਜਦਕਿ ਪੀਆਰਟੀਸੀ ਅੰਦਰ 50 ਫੀਸਦੀ ਬੱਸਾਂ ਬੰਦ ਰਹਿਣ ਕਾਰਨ ਕੰਮ ਪ੍ਰਭਾਵਿਤ ਹੋਇਆ। PRTC Bus

ਪੰਜਾਬ ਭਰ ਦੇ 27 ਡਿੱਪੂਆਂ ’ਚ ਰਹੀ ਹੜ੍ਹਤਾਲ, ਜਥੇਬੰਦੀ ਦਾ ਰੋਸ, ਮੰਨੀਆਂ ਮੰਗਾਂ ਲਾਗੂ ਕਰਨ ਨਹੀਂ ਕਰ ਰਹੀ ਸਰਕਾਰ

ਜਾਣਕਾਰੀ ਅਨੁਸਾਰ ਪੰਜਾਬ ਰੋਡੇਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਕਾਰਨ ਅੱਜ ਸੈਂਕੜੇ ਬੱਸਾਂ ਵੱਖ ਵੱਖ ਡਿਪੂਆਂ ਦਾ ਸ਼ਿੰਗਾਰ ਬਣੀਆਂ ਰਹੀਆਂ। ਪੰਜਾਬ ਅੰਦਰ 27 ਡਿੱਪੂਆਂ ਅੰਦਰ ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਕੱਚੇ ਮੁਲਾਜ਼ਮਾਂ ਵੱਲੋਂ ਤਕੜਸਾਰ ਹੀ ਸਰਕਾਰ ਖਿਲਾਫ਼ ਵੱਖ ਵੱਖ ਥਾਂਈ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਮੁਲਾਜ਼ਮ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਅੱਜ ਲਗਭਗ 7 ਹਜ਼ਾਰ ਕੱਚੇ ਕਾਮੇ ਹੜ੍ਹਤਾਲ ’ਤੇ ਹਨ, ਜਿਸ ਕਰਕੇ 3 ਹਜ਼ਾਰ ਦੇ ਕਰੀਬ ਬੱਸਾਂ ਦੇ ਚੱਕੇ ਜਾਮ ਰਹੇ। ਉਨ੍ਹਾਂ ਕਿਹਾ ਕਿ ਹੜ੍ਹਤਾਲ ਕਰਨ ਲਈ ਸਰਕਾਰ ਵੱਲੋਂ ਹੀ ਉਨ੍ਹਾਂ ਨੂੰ ਮਜ਼ਬੂਰ ਕੀਤਾ ਗਿਆ ਕਿਉਂਕਿ ਉਨ੍ਹਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦਾ ਸੁਰੱਖਿਆ ਸੁਪਰਵਾਇਜਰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਬਰਖਾਸਤ

ਪਤਾ ਲੱਗਾ ਹੈ ਕਿ ਇਕੱਲੀ ਪੀਆਰਟੀਸੀ ਅੰਦਰ ਹੀ ਅੱਧੀਆਂ ਬੱਸਾਂ ਦਾ ਚੱਕਾ ਜਾਮ ਰਹਿਣ ਕਾਰਨ ਲਗਭਗ ਇੱਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੀਆਰਟੀਸੀ ਅੰਦਰ ਰੋਜ਼ਾਨਾਂ ਦੀ ਆਮਦਨ ਢਾਈ ਕਰੋੜ ਦੇ ਕਰੀਬ ਹੈ। ਪਨਬੱਸ ਅੰਦਰ ਜਿਆਦਾਤਾਰ ਕੱਚੇ ਕਾਮਿਆਂ ਵੱਲੋਂ ਹੀ ਬੱਸਾਂ ਚਲਾਈਆਂ ਜਾਦੀਆਂ ਹਨ ਅਤੇ ਇੱਥੇ ਜਿਆਦਾ ਨੁਕਸਾਨ ਹੋਇਆ ਹੈ। ਪੀਆਰਟੀਸੀ ਵੱਲੋਂ ਆਪਣੇ ਰੈਗੂਲਰ ਮੁਲਾਜ਼ਮਾਂ ਸਮੇਤ ਪਿਛਲੇ ਦਿਨਾਂ ਦੌਰਾਨ ਦੁਬਾਰਾ ਰੱਖੇ ਪੀਆਰਟੀਸੀ ਅਜ਼ਾਦ ਯੂਨੀਅਨ ਦੇ ਕੱਚੇ ਕਾਮਿਆਂ ਵੱਲੋਂ ਪੀਆਰਟੀਸੀ ਦਾ ਸਾਥ ਦਿੰਦਿਆ ਬੱਸਾਂ ਚਲਾਈਆਂ ਗਈਆਂ, ਜਿਸ ਕਾਰਨ ਪੀਆਰਟੀਸੀ ਨੂੰ ਕੁਝ ਰਾਹਤ ਮਿਲੀ।

PRTC-Bus
ਪਟਿਆਲਾ : ਪਟਿਆਲਾ ਵਿਖੇ ਧਰਨਾ ਦਿੰਦੇ ਹੋਏ ਕੱਚੇ ਕਾਮੇ, ਬੰਦ ਖੜ੍ਹੀਆਂ ਸਰਕਾਰੀ ਬੱਸਾਂ।

ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਅਤੇ ਸਹਿਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਥੇਬੰਦੀ ਦੀਆਂ ਵੱਖ ਵੱਖ ਮੀਟਿੰਗਾਂ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਚੀਫ ਸਕੱਤਰ ਪੰਜਾਬ, ਟਰਾਂਸਪੋਰਟ ਸਕੱਤਰ ਪੰਜਾਬ ਅਤੇ ਟਰਾਂਸਪੋਰਟ ਡਾਇਰੈਕਟਰ ਨਾਲ ਹੋਈਆਂ,ਜਿਨ੍ਹਾਂ ਮੀਟਿੰਗਾਂ ਵਿੱਚ ਜਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਦੌਰਾਨ ਟਰਾਂਸਪੋਰਟ ਮੰਤਰੀ ਅਤੇ ਪ੍ਰਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਨੇ ਉਕਤ ਮੰਗਾਂ ਇੱਕ ਮਹੀਨੇ ਚ ਲਾਗੂ ਕਰਨ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਨਵੇਂ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਵਲੋਂ ਵੀ ਜਥੇਬੰਦੀ ਨੂੰ 15 ਦਿਨ ਵਿੱਚ ਮੰਗਾਂ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਿੱਤਾ ਸੀ ,ਪਰ ਇਸ ਦੇ ਬਾਵਜੂਦ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ।

ਇਹ ਹਨ ਮੰਗਾਂ (PRTC Bus)

  • 5 ਫੀਸਦੀ ਤਨਖਾਹ ’ਚ ਵਾਧਾ
  • ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਨ
  • ਬਲੈਕ ਲਿਸਟ ਕਰਮਚਾਰੀਆਂ ਨੂੰ ਬਹਾਲ ਕਰਨ ਆਦਿ।

ਟਰਾਂਸਪੋਰਟ ਸੈਕਟਰੀ ਨਾਲ ਹੋਈ ਮੀਟਿੰਗ, ਹੜਤਾਲ ਖਤਮ (PRTC Bus)

ਕੱਚੇ ਕਾਮਿਆਂ ਨੇ ਸਰਕਾਰ ਨਾਲ ਮੀਟਿੰਗ ਹੋਣ ਤੋਂ ਬਾਅਦ ਆਪਣੀ ਹੜਤਾਲ ਵਾਪਸ ਲੈ ਲਈ ਹੈ। ਯੂਨੀਅਨ ਦੇ ਸੂਬਾ ਆਗੂ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਮੀਟਿੰਗ ਟਰਾਂਸਪੋਰਟ ਸੈਕਟਰੀ ਦਿਲਬਾਗ ਸਿੰਘ ਨਾਲ ਚੰਡੀਗੜ੍ਹ ਵਿਖੇ ਹੋਈ ਅਤੇ ਉਨ੍ਹਾਂ ਵੱਲੋਂ ਕੱਚੇ ਕਾਮਿਆਂ ਦੀਆਂ ਮੰਗਾਂ ’ਤੇ ਸਹਿਮਤੀ ਪ੍ਰਗਟਾਈ ਗਈ। ਇਸ ਤੋਂ ਬਾਅਦ ਹੜਤਾਲ ਸਮੇਤ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ PRTC Bus

ਪੀਆਰਟੀਸੀ ਆਪਣੇ ਮੁਲਾਜ਼ਮਾਂ ਦੀ ਬਿਹਤਰੀ ਲਈ ਵਚਨਬੱਧ: ਰਣਜੋਧ ਹਡਾਣਾ

ਪੀਆਰਟੀਸੀ ਦੇ ਚੇਅਰਮੈਂਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਕੱਚੇ ਕਾਮਿਆਂ ਦੀਆਂ ਜਾਇਜ਼ ਮੰਗਾਂ ਲਈ ਅਦਾਰਾ ਉਨ੍ਹਾਂ ਦੇ ਨਾਲ ਹੈ, ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਅਤੇ ਅਦਾਰੇ ਦਾ ਨੁਕਸਾਨ ਕਰਕੇ ਅਜਿਹਾ ਵਿਰੋਧ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਆਪਣੇ ਮੁਲਾਜ਼ਮਾਂ ਦੀ ਬਿਹਤਰੀ ਲਈ ਲਗਾਤਾਰ ਬਚਨਵੱਧ ਹੈ। ਹਡਾਣਾ ਨੇ ਕਿਹਾ ਕਿ ਅੱਜ 60 ਫੀਸਦੀ ਦੇ ਕਰੀਬ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਬੱਸਾਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਸਲ ਨੁਕਸਾਨ ਦਾ ਵੇਰਵਾ ਕੱਲ ਨੂੰ ਹੀ ਸਾਹਮਣੇ ਆਵੇਗਾ।