ਪੰਜਾਬ ਕਾਂਗਰਸ ਨੂੰ ਮਿਲੇ 28 ਜਿਲ੍ਹਾ ਪ੍ਰਧਾਨ

Punjab Congress got 28 district presidents

ਲੋਕ ਸਭਾ ਦੇ ਸੰਭਾਵੀ ਉਮੀਦਵਾਰਾਂ ਦੀ ਪਸੰਦ ਨੂੰ ਵੀ ਮਿਲੀ ਤਰਜੀਹ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੇ ਜਿਲ੍ਹਾ ਪ੍ਰਧਾਨਾਂ ਦੀ ਅਹਿਮ ਟੀਮ ਮਿਲ ਹੀ ਗਈ ਹੈ। ਪੰਜਾਬ ਦੇ 28 ਜਿਲ੍ਹਾ ਪ੍ਰਧਾਨਾਂ ਦਾ ਐਲਾਨ ਵੀਰਵਾਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਕਰ ਦਿੱਤਾ ਗਿਆ ਹੈ। ਇਸ ਨਵੀਂ ਟੀਮ ਵਿੱਚ ਸਿਰਫ਼ ਸੁਨੀਲ ਜਾਖੜ ਦੀ ਨਹੀਂ ਸਗੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਖ਼ੁਦ ਅਮਰਿੰਦਰ ਸਿੰਘ ਦੀ ਪਸੰਦ ਨੂੰ ਕਾਫ਼ੀ ਜ਼ਿਆਦਾ ਤਵਜੋਂ ਦਿੱਤੀ ਗਈ ਹੈ ਤਾਂ ਲੋਕ ਸਭਾ ਚੋਣਾਂ ਦੇ ਸੰਭਾਵੀ ਉਮੀਦਵਾਰਾਂ ਦੇ ਖ਼ਾਸਮ ਖਾਸ ਨੂੰ ਵੀ ਪ੍ਰਧਾਨਗੀ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਖਿਚੜੀ ਵਿੱਚ ਕਾਂਗਰਸ ਹਾਈ ਕਮਾਨ ਨੇ ਜਿਥੇ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਇਥੇ ਹੀ ਜਿਲ੍ਹਾ ਪ੍ਰਧਾਨਾਂ ਦੀ ਲਿਸਟ ਵਿੱਚ ਅਮਰਿੰਦਰ ਸਿੰਘ ਦੇ ਵਿਰੋਧੀ ਗੁੱਟਾ ਨੂੰ ਕੋਈ ਜਿਆਦਾ ਤਵਜੋਂ ਨਾ ਦਿੰਦੇ ਹੋਏ ਸਾਫ਼ ਇਸ਼ਾਰਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਫਿਲਹਾਲ ਅਮਰਿੰਦਰ ਸਿੰਘ ਦਾ ਸਿੱਕਾ ਹੀ ਕਾਇਮ ਰਹੇਗਾ।
ਪੰਜਾਬ ਦੇ ਜਿਹੜੇ ਜ਼ਿਲ੍ਹੇ ਵਿੱਚੋਂ ਕੈਬਨਿਟ ਮੰਤਰੀ ਸ਼ਾਮਲ ਹਨ, ਉਨ੍ਹਾਂ ਜ਼ਿਲੇ ਵਿੱਚੋਂ ਇੱਕ ਪ੍ਰਧਾਨ ਦੀ ਚੋਣ ਕੈਬਨਿਟ ਮੰਤਰੀ ਵੱਲੋਂ ਦਿੱਤੇ ਗਏ ਨਾਂਅ ਅਨੁਸਾਰ ਹੀ ਕੀਤੀ ਗਈ ਹੈ। ਹਾਲਾਂਕਿ ਕੁਝ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਸਬੰਧੀ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਕੁਝ ਜਿਲ੍ਹਾ ਪ੍ਰਧਾਨ ਉਹ ਬਣਾ ਦਿੱਤੇ ਗਏ ਹਨ, ਜਿਹੜੇ ਕਿ ਕੁਝ ਸਾਲ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
ਜਾਰੀ ਹੋਈ ਲਿਸਟ ਅਨੁਸਾਰ ਭਗਵੰਤ ਪਾਲ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ, ਜਤਿੰਦਰ ਕੌਰ ਸੋਨੀਆ ਨੂੰ ਅੰਮ੍ਰਿਤਸਰ ਸ਼ਹਿਰੀ, ਗੁਲਜ਼ਾਰ ਮਸੀਹ ਨੂੰ ਗੁਰਦਾਸਪੁਰ, ਸੰਜੀਵ ਬੈਂਸ ਨੂੰ ਪਠਾਨਕੋਟ, ਕੁਲਦੀਪ ਨੰਦਾ ਨੂੰ ਹੁਸ਼ਿਆਰਪੁਰ, ਪ੍ਰੇਮ ਚੰਦ ਭੀਮਾ ਨੂੰ ਨਵਾਂਸ਼ਹਿਰ, ਕੇ.ਕੇ. ਮਲਹੋਤਰਾ ਨੂੰ ਪਟਿਆਲਾ ਸ਼ਹਿਰੀ, ਗੁਰਦੀਪ ਸਿੰਘ ਨੂੰ ਪਟਿਆਲਾ ਦਿਹਾਤੀ, ਬਲਬੀਰ ਰਾਣੀ ਨੂੰ ਕਪੂਰਥਲਾ, ਕਰਨਜੀਤ ਸਿੰਘ ਗਾਲਿਬ ਨੂੰ ਲੁਧਿਆਣਾ ਦਿਹਾਤੀ, ਅਸ਼ਵਨੀ ਸ਼ਰਮਾ ਨੂੰ ਲੁਧਿਆਣਾ ਸ਼ਹਿਰੀ, ਦੀਪਇੰਦਰ ਢਿੱਲੋਂ ਨੂੰ ਮੁਹਾਲੀ, ਸੁਖਦੀਪ ਸਿੰਘ ਨੂੰ ਖੰਨਾ, ਰੂਪੀ ਕੌਰ ਨੂੰ ਬਰਨਾਲਾ, ਰਾਜਿੰਦਰ ਰਾਜਾ ਨੂੰ ਸੰਗਰੂਰ, ਮਨੋਜ ਮੰਜੂ ਬਾਲਾ ਨੂੰ ਮਾਨਸਾ, ਅਰੁਣ ਵਧਵਾ ਨੂੰ ਬਠਿੰਡਾ ਸ਼ਹਿਰੀ, ਖ਼ੁਸਬਾਜ ਜਟਾਨਾ ਨੂੰ ਬਠਿੰਡਾ ਦਿਹਾਤੀ, ਅਜੈਪਾਲ ਸਿੰਘ ਸੰਧੂ ਨੂੰ ਫਰੀਦਕੋਟ, ਮਨਜੀਤ ਸਿੰਘ ਨੂੰ ਤਰਨਤਾਰਨ, ਹਰਚਰਨ ਸਿੰਘ ਬਰਾੜ ਸੌਥਾ ਨੂੰ ਮੁਕਤਸਰ, ਮਹੇਸ਼ਇੰਦਰ ਸਿੰਘ ਨੂੰ ਮੋਗਾ, ਰੰਜਮ ਕੁਮਾਰ ਨੂੰ ਫਾਜਿਲਕਾ, ਬਰਿੰਦਰ ਸਿੰਘ ਨੂੰ ਰੋਪੜ, ਗੁਰਚਰਨ ਸਿੰਘ ਨੂੰ ਫਿਰੋਜ਼ਪੁਰ, ਬਲਦੇਵ ਸਿੰਘ ਨੂੰ ਜਲੰਧਰ ਸ਼ਹਿਰੀ, ਸੁਖਵਿੰਦਰ ਸਿੰਘ ਨੂੰ ਜਲੰਧਰੀ ਦਿਹਾਤੀ ਅਤੇ ਸੁਭਾਸ਼ ਸੂਦ ਨੂੰ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਲਗਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ