ਮਾਨਸਾ (ਸੁਖਜੀਤ ਮਾਨ)। ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਵੱਲੋਂ ਹੁਣ ਨਸ਼ਾ ਤਸਕਰਾਂ ਦੀ ਜਾਇਦਾਦ ਵੀ ਜ਼ਬਤ ਕਰਨੀ ਸ਼ੁਰੂ ਕਰ ਦਿੱਤੀ ਹੈ । ਇਸੇ ਤਹਿਤ ਮਾਨਸਾ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਦੋ ਕਥਿਤ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਸਮੱਗਲਰਾਂ ਖਿਲਾਫ ਤਕੜੀ ਕਾਰਵਾਈ ਕਰਦੇ ਹੋਏ ਉਹਨਾਂ ਦੀ ਜ਼ਾਇਦਾਦ ਜ਼ਬਤ ਕਰਨ ਦੀ ਕਾਰਵਾਈ ਆਰੰਭੀ ਗਈ ਹੈ। (Drug)

ਇਸੇ ਤਹਿਤ ਜਿਲ੍ਹਾ ਮਾਨਸਾ ਦੇ ਤਿੰਨ ਨਸ਼ਾ ਸਮੱਗਲਰਾਂ ਦੀ ਜ਼ਾਇਦਾਦ ਜ਼ਬਤ ਕਰਵਾਈ ਗਈ ਹੈ। ਐਸਐਸਪੀ ਨੇ ਦੱਸਿਆ ਕਿ ਬਾਲਕ੍ਰਿਸ਼ਨ ਸਿੰਗਲਾ ਐਸਪੀ (ਡੀ) ਮਾਨਸਾ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਦੇ ਕੇਸਾਂ ਵਿੱਚ ਵਿੱਤੀ ਜਾਂਚ ਨੂੰ ਅਮਲ ਵਿੱਚ ਲਿਆਉਂਦੇ ਹੋਏ ਨਸ਼ਾ ਸਮੱਗਲਰਾਂ ਵੱਲੋਂ ਬਣਾਈ ਗਈ ਗੈਰ-ਕਾਨੰਨੀ ਚੱਲ/ਅਚੱਲ ਜ਼ਾਇਦਾਦ ਨੂੰ ਖੰਗਾਲਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਨਸ਼ਾ ਸਮੱਗਲਰ ਸੁਖਪਾਲ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਗੰਢੂ ਕਲ੍ਹਾਂ ਹਾਲ ਆਬਾਦ ਵਾਸੀ ਵਾਰਡ ਨੰਬਰ 4 ਬੁਢਲਾਡਾ, ਜੀਵਨ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬਹਾਦਰਪੁਰ ਥਾਣਾ ਬਰੇਟਾ ਅਤੇ ਸਤਨਾਮ ਸਿੰਘ ਉਰਫ ਭਗਵਾਨ ਪੁੱਤਰ ਅਮਰੀਕ ਸਿੰਘ ਵਾਸੀ ਮੀਰਪੁਰ ਖੁਰਦ ਥਾਣਾ ਸਰਦੂਲਗੜ੍ਹ ਵੱਲੋਂ ਬਣਾਈ ਗਈ 60 ਲੱਖ 24 ਹਜ਼ਾਰ 742 ਰੁਪਏ ਦੀ ਗੈਰ ਕਾਨੂੰਨੀ ਚੱਲ/ਅਚੱਲ ਜ਼ਾਇਦਾਦ ਨੂੰ ਜ਼ਬਤ ਕਰਵਾਇਆ ਗਿਆ ਹੈ।
ਰਿਸ਼ਤੇਦਾਰਾਂ ਦੀ ਵੀ ਗੈਰ ਕਾਨੂੰਨੀ ਜਾਇਦਾਦ ਹੋਵੇਗੀ ਜ਼ਬਤ | Drug
ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਬਣਾਈ ਗਈ ਗੈਰ ਕਾਨੂੰਨੀ ਜ਼ਾਇਦਾਦ ਨੂੰ ਜਬਤ ਕਰਨ ਸਬੰਧੀ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ।