ਬੁਰੇ ਕੰਮ ਦਾ ਬੁਰਾ ਨਤੀਜਾ : ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜ਼ਬਤ

Bathinda police
ਬਠਿੰਡਾ : ਪ੍ਰਾਪਰਟੀ ਜ਼ਬਤ ਕਰਨ ਦੇ ਨੋਟਿਸ ਲਾਉਂਦੇ ਹੋਏ ਡੀਐਸਪੀ ਬਠਿੰਡਾ ਦਿਹਾਤੀ ਹੀਨਾ ਗੁਪਤਾ ਤੇ ਹੋਰ ਪੁਲਿਸ ਅਫ਼ਸਰ। ਤਸਵੀਰ : ਸੱਚ ਕਹੂੰ ਨਿਊਜ਼

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਪੁਲਿਸ (Bathinda police) ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤੀ ਨਾਲ ਨਿਬੜਿਆ ਜਾ ਰਿਹਾ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਿਕੰਜਾ ਕੱਸਦੇ ਹੋਏ ਨਸ਼ਿਆਂ ਨਾਲ ਬਣਾਈ ਗੈਰ-ਕਾਨੂੰਨੀ ਜਾਇਦਾਦ/ਸੰਪਤੀ ਚੱਲ ਜਾਂ ਅਚੱਲ ਆਦਿ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਬਠਿੰਡਾ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਜਿਲ੍ਹਾ ਬਠਿੰਡਾ ਵਿੱਚ ਨਸ਼ੇ ਦੇ ਸੌਦਾਗਰਾਂ ਵੱਲੋਂ ਨਸ਼ੇ ਦਾ ਕਾਰੋਬਾਰ ਤੋਂ ਬਣਾਈ ਅਣ-ਅਧਿਕਾਰਿਤ/ਗੈਰ-ਕਾਨੂੰਨੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਜਬਤ ਕਰਵਾਇਆ ਗਿਆ ਹੈ, ਜਿਸਦੀ ਦੀ ਕੀਮਤ ਕਰੀਬ 2 ਕਰੋੜ ਤੋਂ ਵੱਧ ਦੀ ਬਣਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਠਿੰਡਾ ਦਿਹਾਤੀ ਹੀਨਾ ਗੁਪਤਾ ਨੇ ਦੱਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 27 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 12 ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 15 ਕੇਸ ਅਥਾਰਟੀ ਕੋਲ ਬਕਾਇਆ ਹਨ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਭੇਜ ਕੇ ਜਬਤ ਕਰਵਾਈਆ ਜਾਣਗੀਆਂ। (Bathinda police)

Also Read : ਸਾਵਧਾਨ! ਇਹ ਖ਼ਬਰ ਧਿਆਨ ਨਾਲ ਪੜ੍ਹੋ, ਕਿਤੇ ਹੋ ਨਾ ਜਾਵੇ ਇਹ ਹਾਦਸਾ…

ਉਹਨਾਂ ਦੱਸਿਆ ਕਿ ਜਿਲ੍ਹਾ ਬਠਿੰਡਾ ਦੇ ਪੁਸ਼ਟੀ ਹੋਏ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਮੁਲਜਮਾਂ ਦੇ ਸੰਬੰਧਿਤ ਥਾਣਿਆਂ ਵੱਲੋਂ ਉਹਨਾਂ ਦੇ ਘਰਾਂ ‘ਤੇ ਚਿਪਕਾਈਆਂ ਜਾਂਦੀਆਂ ਹਨ।ਇਹਨਾਂ ਹੁਕਮਾਂ ਮੁਤਾਬਿਕ ਜੋ ਪ੍ਰਾਪਰਟੀ ਦੀ ਪੁਸ਼ਟੀ ਹੋਈ ਹੈ ਉਸਨੂੰ ਨਾ ਤਾਂ ਵੇਚ ਸਕਦੇ ਹਨ ਅਤੇ ਨਾ ਹੀ ਆਪਣੇ ਰਿਸ਼ਤੇਦਾਰ/ਪਰਿਵਾਰਿਕ ਮੈਂਬਰ ਦੇ ਨਾਮ ‘ਤੇ ਤਬਦੀਲ ਕਰ ਸਕਦੇ ਹਨ।

…ਤਾਂ ਕਿ ਮਿਲ ਸਕੇ ਨਸੀਹਤ | Bathinda police

ਬਠਿੰਡਾ ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਨਸ਼ਾ ਤਸਕਰ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੂੰ ਇਸ ਚੀਜ ਤੋਂ ਨਸੀਹਤ ਮਿਲ ਸਕੇ ਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਦਾ ਅੰਤ ਮਾੜਾ ਹੁੰਦਾ ਹੈ ਅਤੇ ਕੋਈ ਵੀ ਅਜਿਹਾ ਕਾਰੋਬਾਰ ਕਰਨ ਤੋਂ ਗੁਰੇਜ ਕਰੇ।