11 ਲੱਖ ਵੋਟਾਂ ਕਰਨਗੀਆਂ ਰਾਸ਼ਟਰਪਤੀ ਦਾ ਫੈਸਲਾ

ਰਾਸ਼ਟਰਪਤੀ ਚੋਣ ਦੀਆਂ ਕੁਝ ਖਾਸ ਗੱਲਾਂ

  • ਕੁੱਲ 4896 ਸਾਂਸਦ ਤੇ ਵਿਧਾਇਕ ਕਰਨਗੇ ਆਪਣੀ ਵੋਟ ਦਾ ਇਸਤੇਮਾਲ
  • ਉਮੀਦਵਾਰ ਨੂੰ ਜਿੱਤਣ ਲਈ 5,49,442 ਵੋਟਾਂ ਦੀ ਜ਼ਰੂਰਤ
  • ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਘੱਟੋ-ਘੱਟ 50 ਸਾਂਸਦਾਂ ਜਾਂ ਵਿਧਾਇਕਾਂ ਵੱਲੋਂ ਹਮਾਇਤ ਮਿਲਣੀ ਜ਼ਰੂਰੀ ਹੈ
  • ਰਾਸ਼ਟਰਪਤੀ ਚੋਣਾਂ ਲਈ ਇੱਕ ਉਮੀਦਵਾਰ ਦੀ ਜ਼ਮਾਨਤ ਰਾਸ਼ੀ 15 ਹਜ਼ਾਰ ਰੁਪਏ ਹੁੰਦੀ ਹੈ
  • ਰਾਜ ਸਭਾ ਦਾ ਸਕੱਤਰ ਜਨਰਲ ਰਾਸ਼ਟਰਪਤੀ ਚੋਣ ‘ਚ ਰਿਟਰਨਿੰਗ ਅਫਸਰ ਹੁੰਦੇ ਹਨ
  • ਚੋਣ ਕਮਿਸ਼ਨ ਵੱਲੋਂ ਇਸ ਵਾਰ ਦੀ ਰਾਸ਼ਟਰਪਤੀ ਚੋਣ ਖਾਸ ਤਰ੍ਹਾਂ ਦੇ ਗੁਪਤ ਬੈਲਟ ਪੇਪਰ ਜ਼ਰੀਏ ਕਰਵਾਈ ਜਾਵੇਗੀ

ਜਗਦੀਪ ਸਿੱਧੂ, ਸਰਸਾ: ਇਨ੍ਹੀਂ ਦਿਨੀਂ ਭਾਰਤ ‘ਚ ਰਾਸ਼ਟਰਪਤੀ ਚੋਣਾਂ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਚੋਣ ਕਮਿਸ਼ਨ ਵੱਲੋਂ 17 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣਗੀਆਂ ਇਨ੍ਹਾਂ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਕੀਤੀ ਜਾਵੇਗੀ ਅਤੇ 25 ਜੁਲਾਈ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਨਵਾਂ ਰਾਸ਼ਟਰਪਤੀ ਆਪਣਾ ਅਹੁਦਾ ਸੰਭਾਲ ਲਵੇਗਾ
ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ (ਐੱਨਡੀਏ) ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਬਿਹਾਰ ਦੇ ਰਾਜਪਾਲ ਤੇ ਭਾਜਪਾ ਦੇ ਨੈਸ਼ਨਲ ਬੁਲਾਰੇ ਰਹਿ ਚੁੱਕੇ ਰਾਮਨਾਥ ਕੋਵਿੰਦ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ (ਯੂਪੀਏ) ਵੱਲੋਂ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰੀ ਮੈਦਾਨ ‘ਚ ਹਨ
ਦੋਵਾਂ ਉਮੀਦਵਾਰਾਂ ‘ਚੋਂ ਉਹ ਹੀ ਰਾਸ਼ਟਰਪਤੀ ਭਵਨ ਤੱਕ ਪਹੁੰਚੇਗਾ ਜਿਸ ਨੂੰ ਦੇਸ਼ ਦੇ ਸਭ ਤੋਂ ਵੱਧ ਵਿਧਾਇਕਾਂ ਤੇ ਸਾਂਸਦਾਂ ਦੀ ਹਮਾਇਤ ਹਾਸਲ ਹੋਵੇਗੀ ਦੇਸ਼ ਦੇ ਰਾਸ਼ਟਰਪਤੀ ਨੂੰ ਚੁਣਨ ਦਾ ਢੰਗ ਆਮ ਚੋਣਾਂ ਤੋਂ ਵੱਖ ਹੈ ਇਸ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ‘ਚ ਲੋਕ ਸਭਾ ਦੇ 543 ਸਾਂਸਦ ਅਤੇ ਰਾਜ ਸਭਾ ਦੇ 233 ਸਾਂਸਦ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਦਕਿ ਲੋਕ ਸਭਾ ਦੇ 2 ਤੇ ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਇਸ ਚੋਣ ‘ਚ ਵੋਟ ਨਹੀਂ ਪਾ ਸਕਣਗੇ ਇਸ ਦੇ ਨਾਲ ਹੀ ਦੇਸ਼ ਭਰ ਦੇ ਕੁੱਲ 4120 ਵਿਧਾਇਕ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਇਸ ਤਰ੍ਹਾਂ ਕੁੱਲ 4896 ਵੋਟਰ ਰਾਸ਼ਟਰਪਤੀ ਦੀ ਚੋਣ ਕਰਨਗੇ

ਦੋਵਾਂ ਉਮੀਦਵਾਰਾਂ ਦੇ ਮੌਜ਼ੂਦਾ ਹਾਲਾਤ

ਇਸ ਸਮੇਂ ਐੱਨਡੀਏ ਕੋਲ 5,37,614 ਵੋਟਾਂ ਹਨ ਜਦਕਿ ਯੂਪੀਏ ਕੋਲ 4,02,230 ਵੋਟਾਂ ਹਨ ਦੇਸ਼ ਭਰ ਦੀਆਂ ਛੋਟੀਆਂ/ਖੇਤਰੀ ਪਾਰਟੀਆਂ ਕੋਲ ਇਸ ਸਮੇਂ 1,59,038 ਵੋਟਾਂ ਹਨ ਐੱਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਜਿੱਤਣ ਲਈ ਇਸ ਸਮੇਂ ਸਿਰਫ 11,828 ਵੋਟਾਂ ਦੀ ਜ਼ਰੂਰਤ ਹੈ ਇਸ ਲਈ ਸਮਝਿਆ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ ਅਗਲੇ ਰਾਸ਼ਟਰਪਤੀ ਹੋਣਗੇ

ਵਿਧਾਇਕਾਂ ਤੇ ਸਾਂਸਦਾਂ ਦੀਆਂ ਵੋਟਾਂ ਦੀ ਤੈਅ ਹੁੰਦੀ ਹੈ ਕੀਮਤ

ਰਾਸ਼ਟਰਪਤੀ ਚੋਣ ਲਈ ਸਮੂਹ 4896 ਵੋਟਰਾਂ ਦੀ ਵੋਟ ਦੀ ਇੱਕ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਨਾਲ ਵੋਟਾਂ ਦੀ ਗਿਣਤੀ ‘ਚ ਇਜ਼ਾਫਾ ਹੁੰਦਾ ਹੈ
ਇੱਕ ਵਿਧਾਇਕ ਦੇ ਵੋਟ ਦੀ ਕੀਮਤ ਕੱਢਣ ਲਈ ਵਿਧਾਇਕ ਦੇ ਸੂਬੇ ਦੀ ਆਬਾਦੀ ਨੂੰ ਉਸ ਸੂਬੇ ਦੇ ਕੁੱਲ ਵਿਧਾਇਕਾਂ ਦੀ ਗਿਣਤੀ ਨਾਲ ਭਾਗ ਕਰਕੇ ਬਾਅਦ ‘ਚ 1 ਹਜ਼ਾਰ ਨਾਲ ਭਾਗ ਕੀਤਾ ਜਾਵੇਗਾ
ਉਦਾਹਰਨ ਦੇ ਤੌਰ ‘ਤੇ ਪੰਜਾਬ ਦੀ ਕੁੱਲ ਆਬਾਦੀ ਇਸ ਸਮੇਂ 13,551,060 ਹੈ ਪੰਜਾਬ ‘ਚ ਕੁੱਲ 117 ਵਿਧਾਇਕ ਹਨ ਉੱਪਰ ਦਿੱਤੇ ਅਨੁਸਾਰ ਭਾਗ ਕਰਨ ‘ਤੇ ਇੱਕ ਵਿਧਾਇਕ ਦੀ ਵੋਟ ਦੀ ਕੀਮਤ 116 ਬਣੇਗੀ ਅਤੇ ਪੰਜਾਬ ਦੇ ਕੁੱਲ ਵਿਧਾਇਕਾਂ ਦੀਆਂ ਵੋਟਾਂ 13,572 ਬਣਨਗੀਆਂ

ਸਾਂਸਦ ਦੀ ਵੋਟ ਦੀ ਕੀਮਤ

ਇਸੇ ਤਰ੍ਹਾਂ ਇੱਕ ਸਾਂਸਦ ਦੀ ਵੋਟ ਦੀ ਕੀਮਤ ਕੱਢਣ ਲਈ ਸਾਰੇ ਸੂਬਿਆਂ ਦੇ ਵਿਧਾਇਕਾਂ ਦੀਆਂ ਵੋਟਾਂ ਨੂੰ ਜੋੜਕੇ ਉਸ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਨਾਲ ਭਾਗ ਕੀਤਾ ਜਾਂਦਾ ਹੈ ਇਸ ਤੋਂ ਜੋ ਗਿਣਤੀ ਆਉਂਦੀ ਹੈ, ਉਹ ਇੱਕ ਸਾਂਸਦ ਦੇ ਵੋਟ ਦੀ ਕੀਮਤ ਹੁੰਦੀ ਹੈ ਇਸ ਵਾਰ ਦੀ ਚੋਣ ‘ਚ ਇੱਕ ਸਾਂਸਦ ਦੀ ਵੋਟ ਦੀ ਕੀਮਤ 708 ਦੇ ਕਰੀਬ ਹੈ

ਕੁੱਲ 10, 98, 882 ਵੋਟਾਂ ਰਾਸ਼ਟਰਪਤੀ ਦਾ ਫੈਸਲਾ ਕਰਨਗੀਆਂ

ਭਾਰਤ ਦੇ ਸਮੂਹ ਸੂਬਿਆਂ ਦੀ ਆਬਾਦੀ ਨਾਲ ਭਾਗ ਕਰਨ ‘ਤੇ ਦੇਸ਼ ਭਰ ਦੇ ਕੁੱਲ 4,120 ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ 5,49,474 ਬਣਦੀ ਹੈ ਜਦਕਿ ਕੁੱਲ 776 ਸਾਂਸਦਾਂ ਦੀਆਂ ਵੋਟਾਂ ਦੀ ਗਿਣਤੀ 5,49,408 ਹੋਵੇਗੀ ਇਸ ਤਰ੍ਹਾਂ ਰਾਸ਼ਟਰਪਤੀ ਚੋਣ ‘ਚ ਕੁੱਲ 10, 98, 882 ਵੋਟਾਂ ਭੁਗਤੀਆਂ ਜਾਣਗੀਆਂ ਅਤੇ ਇੱਕ ਉਮੀਦਵਾਰ ਨੂੰ ਜਿੱਤਣ ਲਈ 5,49,442 ਵੋਟਾਂ ਦੀ ਜ਼ਰੂਰਤ ਹੈ