ਜੀਐਸਟੀ ਦੇ ਵਿਰੋਧ ‘ਚ ਆਏ ਕੱਪੜਾ ਵਪਾਰੀ

Cloth, Traders, GST, protested, Govt

ਕੱਪੜਾ ਵਪਾਰੀਆਂ ਕੀਤੀ 72 ਘੰਟੇ ਲਈ ਹੜਤਾਲ-

ਰਘਬੀਰ ਸਿੰਘ, ਲੁਧਿਆਣਾ: ਆਲ ਇੰਡੀਆ ਟੈਕਸਟਾਈਲ ਐਸੋਸੀਏਸ਼ਨ ਅਤੇ ਪੰਜਾਬ ਫਰਨੀਚਰ ਐਸੋਸੀਏਸ਼ਨ ਕੱਪੜੇ ਤੇ ਜੀਐਸਟੀ ਖਤਮ ਕਰਨ ਅਤੇ ਫਰਨੀਚਰ ‘ਤੇ ਜੀਐਸਟੀ 5 ਫੀਸਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੜਕਾਂ ‘ਤੇ ਉੱਤਰੇ।
ਕੱਪੜੇ ਤੇ ਜੀਐਸਟੀ ਲਾਉਣ ਦੇ ਵਿਰੋਧ ਵਿੱਚ ਆਲ ਇੰਡਿਆ ਟੈਕਸਟਾਈਲ ਐਸੋਸੀਏਸ਼ਨ ਦੀ ਅਪੀਲ ‘ਤੇ ਅੱਜ ਲੁਧਿਆਣਾ ਦੇ ਕੱਪੜਾ ਵਪਾਰੀ 72 ਘੰਟੇ ਦੀ ਹੜਤਾਲ ‘ਤੇ ਚਲੇ ਗਏ ਕਾਰੋਬਾਰੀ ਅਪਣੀਆਂ ਦੁਕਾਨਾਂ ਬੰਦ ਕਰਕੇ ਅੱਜ ਸਵੇਰੇ ਆਰਤੀ ਚੌਂਕ ਕੋਲ ਇਕੱਠੇ ਹੋ ਗਏ। ਉੱਥੋਂ ਰੋਸ ਮਾਰਚ ਕਰਦੇ ਹੋਏ ਫੁਆਰਾ ਚੌਂਕ ਤੋਂ ਹੁੰਦੇ ਹੋਏ ਭਾਰਤ ਨਗਰ ਚੌਂਕ ਪਹੁੰਚੇ।
ਰੋਸ ਮਾਰਚ ਦੌਰਾਨ ਕਾਰੋਬਾਰੀਆਂ ਨੇ ਰਸਤੇ ਵਿੱਚ ਖੁੱਲ੍ਹੀਆਂ ਕੱਪੜੇ ਅਤੇ ਡਰੈਸ ਮਟੀਰੀਅਲ ਦੀਆਂ ਦੁਕਾਨਾਂ ਬੰਦ ਕਰਵਾਈਆਂ। ਕਾਰੋਬਾਰੀਆਂ ਦੇ ਹੱਥਾਂ ਵਿੱਚ ਜੀਐਸਟੀ ਵਿਰੋਧੀ ਬੈਨਰ ਫੜੇ ਹੋਏ ਸਨ। ਐਸੋਸੀਏਸ਼ਨ ਦੇ ਕੋਆਰਡੀਨੇਟਰ ਕੰਵਲ ਦੀਪ ਸਿੰਘ ਅਤੇ ਪ੍ਰਧਾਨ ਸੰਜੇ ਅਰੋੜਾ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਪਹਿਲੀ ਵਾਰ ਕੱਪੜੇ ਨੂੰ ਟੈਕਸ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ।
ਛੋਟੇ ਕਾਰੋਬਾਰੀਆਂ ਕੋਲ ਨਾ ਤਾਂ ਕੰਪਿਊਟਰ ਹਨ ਅਤੇ ਨਾ ਹੀ ਇੰਫਰਾਸਟਰਕਚਰ। ਅਜਿਹੇ ਵਿੱਚ ਕਾਰੋਬਾਰੀ ਜੀਐਸਟੀ ਕਾਰਨ ਕਾਰੋਬਾਰ ਕਰਨ ਤੋਂ ਅਸਮਰੱਥ ਹੋ ਜਾਣਗੇ। ਕਾਰੋਬਾਰ ਨੂੰ ਬਚਾਉਣ ਲਈ ਕੱਪੜੇ ਨੂੰ ਜੀਐਸਟੀ ਤੋਂ ਬਾਹਰ ਕਰਨਾ ਚਾਹੀਦਾ ਹੈ। ਫਰਨੀਚਰ ਤੇ ਜੀਐਸਟੀ 28 ਫੀਸਦੀ ਲਾਉਣ ਦੇ ਖਿਲਾਫ ਪੰਜਾਬ ਫਰਨੀਚਰ ਐਸੋਸੀਏਸ਼ਨ ਨੇ ਅੱਜ ਦੂਜੇ ਦਿਨ ਵੀ ਫਰਨੀਚਰ ਮਾਰਕੀਟ ਬੰਦ ਰੱਖੀ। ਏਡੀਸੀ ਇਕਬਾਲ ਸਿੰਘ ਸੰਧੂ ਨੂੰ ਮੰਗ ਪੱਤਰ ਦੇ ਕੇ ਐਸੋਸੀਏਸ਼ਨ ਨੇ ਫਰਨੀਚਰ ‘ਤੇ 5 ਫੀਸਦੀ ਜੀਐਸਟੀ ਲਾਉਣ ਦੀ ਮੰਗ ਰੱਖੀ।
ਇਸ ਤੋਂ ਪਹਿਲਾਂ ਫਰਨੀਚਰ ਕਾਰੋਬਾਰੀਆਂ ਨੇ ਭਾਰਤ ਨਗਰ ਸਥਿੱਤ ਫਰਨੀਚਰ ਮਾਰਕੀਟ ਬੰਦ ਕਰਕੇ ਰੋਸ ਮਾਰਚ ਕੀਤਾ। ਰੋਸ ਮਾਰਚ ਕਰਦੇ ਕਾਰੋਬਾਰੀ ਮਿੰਨੀ ਸਕੱਤਰੇਤ ਪਹੁੰਚੇ ਜਿੱਥੇ ਉਨ੍ਹਾਂ ਨੇ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਪਾਲ ਖੁਰਾਨਾ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਲਗਾਤਾਰ ਤੀਸਰੇ ਦਿਨ ਦੁਕਾਨਾਂ ਬੰਦ ਕਰਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 30 ਜੂਨ ਨੂੰ ਵਪਾਰ ਸੰਘ ਵੱਲੋਂ ਦੇਸ਼ ਵਿਆਪੀ ਬੰਦ ਨੂੰ ਐਸੋਸੀਏਸ਼ਨ ਪੂਰਾ ਸਮਰਥਨ ਦੇਵੇਗੀ।