ਅਧਿਆਪਕ ਆਗੂਆਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ, ਜਾਰੀ ਕੀਤਾ ਨੋਟਿਸ 

Preparation, Removal, Teachers, Issue, Notices

5 ਨਵੰਬਰ ਨੂੰ ਮੁਹਾਲੀ ਵਿਖੇ ਪੇਸ਼ ਹੋ ਕੇ ਦੇਣਾ ਪਵੇਗਾ ਆਪਣਾ ਪੱਖ ਨਹੀਂ ਤਾਂ ਖ਼ਤਮ ਹੋਣਗੀਆਂ ਸੇਵਾਵਾਂ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪਟਿਆਲਾ ਵਿਖੇ ਧਰਨਾ ਦੇ ਕੇ ਪਿਛਲੇ ਲਗਭਗ 28 ਦਿਨਾਂ ਤੋਂ ਬੈਠੇ ਐਸ. ਐਸ. ਏ. ਅਤੇ ਰਮਸਾ ਅਧਿਆਪਕਾਂ ਵਿੱਚੋਂ 14 ਲੀਡਰਾਂ ਨੂੰ ਸਿੱਖਿਆ ਵਿਭਾਗ ਨੇ ਨੌਕਰੀ ਤੋਂ ਹੀ ਬਾਹਰ ਕੱਢਣ ਦੀ ਕਾਰਵਾਈ ਵਿੱਢ ਦਿੱਤੀ ਹੈ। ਇਸ ਲਈ ਇਨ੍ਹਾਂ ਅਧਿਆਪਕਾਂ ਨੂੰ ਲਿਖਤੀ ਅਤੇ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦਿੰਦੇ ਹੋਏ ਆਖ਼ਰੀ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨੋਟਿਸ ਤੋਂ ਬਾਅਦ ਇਨ੍ਹਾਂ 14 ਅਧਿਆਪਕ ਆਗੂਆਂ ਨੂੰ ਸੋਮਵਾਰ 5 ਨਵੰਬਰ ਨੂੰ ਮੁਹਾਲੀ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਪਵੇਗਾ ਕਿ ਇਨ੍ਹਾਂ ਦੀਆਂ ਸੇਵਾਵਾਂ ਕਿਉਂ ਨਾ ਖ਼ਤਮ ਕੀਤੀਆਂ ਜਾਣ।

ਸੋਮਵਾਰ ਨੂੰ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਇਨ੍ਹਾਂ ਅਧਿਆਪਕ ਯੂਨੀਅਨ ਦੀ ਮੀਟਿੰਗ ਹੈ ਪਰ ਇਸ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਸਿੱਖਿਆ ਵਿਭਾਗ ਇਨ੍ਹਾਂ ਅਧਿਆਪਕ ਆਗੂਆਂ ਨੂੰ ਨੌਕਰੀ ਤੋਂ ਬਾਹਰ ਕਰਨ ਦੀ ਤਿਆਰੀ ਕਰੀ ਬੈਠਾ ਹੈ। ਐਸ.ਐਸ.ਏ. ਅਤੇ ਰਮਸਾ ਅਧਿਆਪਕ ਹਰ ਸਾਲ ਰੀਨਿਊ ਹੋਣ ਵਾਲੇ ਠੇਕਾ ਅਧਾਰਿਤ ਦੇ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਇਸ ਲਈ ਸਿੱਖਿਆ ਵਿਭਾਗ ਨੂੰ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਬਾਹਰ ਕੱਢਣ ਲਈ ਕੋਈ ਜ਼ਿਆਦਾ ਕਾਗਜ਼ੀ ਕਾਰਵਾਈ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਇਸ ਲਈ ਸਿੱਖਿਆ ਵਿਭਾਗ ਦੀ ਇਸ ਕਾਰਵਾਈ ਨੂੰ ਦੇਖਦੇ ਹੋਏ ਜਿੱਥੇ ਅਧਿਆਪਕ ਯੂਨੀਅਨ ਨੂੰ ਡਰ ਪੈਦਾ ਹੋ ਗਿਆ ਹੈ, ਉਥੇ ਹੀ ਯੂਨੀਅਨ ਆਗੂਆਂ ਨੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਨਾਦਰਸ਼ਾਹੀ ਅਤੇ ਤਾਨਾਸ਼ਾਹੀ ਕਰਾਰ ਦੇ ਦਿੱਤਾ ਹੈ। ਇਸ ਨਾਲ ਹੀ ਉਹ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੀਟਿੰਗ ਦੌਰਾਨ ਸ਼ਿਕਾਇਤ ਵੀ ਕਰਨਗੇ।

ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਪੱਕੇ ਧਰਨੇ ‘ਤੇ ਬੈਠੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਆਪਣੇ-ਆਪਣੇ ਸਕੂਲਾਂ ਵਿੱਚ ਡਿਊਟੀ ਘੱਟ ਦੇਣ ਅਤੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਬੋਲਣ ਸਣੇ ਹਰ ਕਾਰਨਾਂ ਦੇ ਚਲਦੇ 9 ਅਤੇ 10 ਅਕਤੂਬਰ ਨੂੰ 14 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਤੋਂ ਬਾਅਦ 7 ਅਧਿਆਪਕ, ਜਿਨ੍ਹਾਂ ਵਿੱਚ  ਨੇ ਰਾਜੀਵ ਡੂੰਮਵਾਲੀ, ਬਠਿੰਡਾ, ਸੋਨੀਆ ਡੂੰਮਵਾਲੀ ਬਠਿੰਡਾ, ਸੁਨੀਤਾ ਛਾਬੜਾ ਡੂੰਮਵਾਲੀ ਬਠਿੰਡਾ, ਮਮਤਾ ਡੂੰਮਵਾਲੀ ਬਠਿੰਡਾ, ਪੂਜਾ ਰਾਣੀ ਬੈਰਮਾਜਰਾ ਮੁਹਾਲੀ, ਰੀਤੂ ਦੀਕਸਤ ਬੈਰਮਾਜਰਾ ਮੁਹਾਲੀ, ਮੋਨੀਕਾ ਕਾਲੀਆ ਬੈਰਮਾਜਰਾ ਮੁਹਾਲੀ ਨੇ ਜਾਰੀ ਹੋਏ ਨੋਟਿਸ ਦਾ ਜੁਆਬ ਤਾਂ ਦੇ ਦਿੱਤਾ ਸੀ ਪਰ ਸਿੱਖਿਆ ਵਿਭਾਗ ਇਨ੍ਹਾਂ ਦੇ ਜੁਆਬ ਤੋਂ ਸੰਤੁਸ਼ਟ ਨਹੀਂ ਹੋਇਆ ਹੈ।

ਇਸ ਲਈ ਇਨ੍ਹਾਂ ਨੂੰ ਮੁੜ ਤੋਂ ਜੁਆਬ ਦੇਣ ਲਈ 5 ਨਵੰਬਰ ਨੂੰ ਸੱਦਿਆ ਗਿਆ ਹੈ। ਜਦੋਂ ਕਿ ਬਾਕੀ ਰਹਿੰਦੇ 7 ਅਧਿਆਪਕਾਂ ਵਿੱਚ ਮਨਵਿੰਦਰਜੀਤ ਕੌਰ ਹੁਸ਼ਿਆਰਪੁਰ, ਸਤਵੀਰ ਕੌਰ ਹੁਸ਼ਿਆਰਪੁਰ, ਹਰਜੀਤ ਸਿੰਘ ਕੋਠੇ ਨੱਥਾ ਸਿੰਘ ਬਠਿੰਡਾ, ਭਰਤ ਕੁਮਾਰ ਕਛਵਾ ਪਟਿਆਲਾ, ਹਰਵਿੰਦਰ ਰੱਖੜਾ ਖੇੜੀ ਜੱਟਾ ਪਟਿਆਲਾ, ਹਰਦੀਪ ਸਿੰਘ ਕਕਰਾਲਾ ਪਟਿਆਲਾ ਅਤੇ ਦੀਦਾਰ ਸਿੰਘ ਮੁੱਦਕੀ ਫਿਰੋਜ਼ਪੁਰ ਵੱਲੋਂ ਪਹਿਲੇ ਨੋਟਿਸ ਦਾ ਜੁਆਬ ਵੀ ਨਹੀਂ ਦਿੱਤਾ ਗਿਆ ਸੀ। ਇਨ੍ਹਾਂ ਨੂੰ 5 ਨਵੰਬਰ ਨੂੰ ਸੱਦਿਆ ਗਿਆ ਹੈ, ਜਿਥੇ ਕਿ ਇਨ੍ਹਾਂ ਨੂੰ ਦੱਸਣਾ ਪਏਗਾ ਕਿ ਇਨ੍ਹਾਂ ਦੀਆਂ ਸੇਵਾਵਾਂ ਕਿਉਂ ਨਾ ਖ਼ਤਮ ਕੀਤੀਆਂ ਜਾਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here