ਸਾਵਧਾਨ! ਫਰਵਰੀ ‘ਚ ਭਿਆਨਕ ਰੂਪ ਧਾਰਨ ਕਰੇਗਾ ਕੋਰੋਨਾ

Coronavirus

ਦੂਜੀ ਲਹਿਰ ’ਤੇ ਵੀ ਕੀਤੀ ਗਈ ਸੀ ਸਹੀ ਭਵਿੱਖਬਾਣੀ 

ਨਵੀਂ ਦਿੱਲੀ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜ਼ੂਦ ਕੋਰੋਨਾ ਇੱਕ ਵਾਰ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਹੇ ਹਨ ਕਿ ਦੇਸ਼ ਹੁਣ ਤੀਜੀ ਲਹਿਰ ਦਾ ਸਾਹਮਣਾ ਕਰੇਗਾ। ਇਸ ਸਬੰਧੀ ਮਾਹਿਰ ਵੀ ਆਪਣੀ ਆਪਣੀ ਰਾਏ ਦੇ ਰਹੇ ਹਨ। ਇਸ ਦੌਰਾਨ ਕੈਮਬ੍ਰਿਜ਼ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਪਾਲ ਕਟੂਮਨ ਦਾ ਅਨੁਮਾਨ ਹੈ ਕਿ ਕੁੱਝ ਦਿਨਾਂ ਦੇ ਅੰਦਰ ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਅਤੇ ਜੇਕਰ ਆਮ ਜਨਤਾ ਚੌਕਸ ਨਾ ਹੋਏ ਤਾਂ ਅਗਲੇ ਸਾਲ ਫ਼ਰਵਰੀ ਵਿੱਚ ਭਾਰਤ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਚੱਕਰਵਿਊ ’ਚ ਫਸ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੈਮਬ੍ਰਿਜ਼ ਅਧਿਐਨ ਵਿੱਚ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਸਾਲ ਮਈ ਮਹੀਨੇ ਵਿੱਚ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ । ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ 1.4 ਅਰਬ ਦੀ ਆਬਾਦੀ ਵਾਲੇ ਭਾਰਤ ’ਚ ਓਮੀਕਰੋਨ ਦੇ ਦਾਖਲੇ ਤੋਂ ਬਾਅਦ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪ੍ਰੋਫੈਸਰ ਕਟੂਮਨ ਦੇ ਅਨੁਸਾਰ, ਕੁੱਝ ਦਿਨਾਂ ਵਿੱਚ ਜਾਂ ਸੰਭਵ ਤੌਰ ’ਤੇ ਇਸ ਹਫ਼ਤੇ ਅੰਦਰ ਹੀ ਕੋਰੋਨਾ ਸੰਕਰਮਣ ਦੀ ਦਰ ਵੱਧਣੀ ਸ਼ੁਰੂ ਹੋ ਜਾਵੇਗੀ। ਓਹਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਸ ਦੀ ਦਰ ਕਿੰਨੀ ਤੇਜ ਹੋਵੇਗੀ ਅਤੇ ਰੋਜ਼ਾਨਾ ਕਿੰਨੇ ਕੇਸ ਸਾਹਮਣੇ ਆਉਣਗੇ। ਇਸ ਦੇ ਨਾਲ ਹੀ, ਨਵੇਂ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਦਿੱਲੀ, ਮਹਾਰਾਸ਼ਟਰ ਅਤੇ ਗੋਆ ਵਿੱਚ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। ਦਿੱਲੀ ਸਰਕਾਰ ਨੇ ਸਕੂਲ, ਕਾਲਜ, ਸਮੇਤ ਕਈ ਚੀਜਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਬੱਸਾਂ ਅਤੇ ਮੈਟਰੋ ਵਿੱਚ ਕੁੱਲ ਸਮਰੱਥਾ ਦਾ ਸਿਰਫ਼ 50 ਫ਼ੀਸਦੀ ਹੀ ਸਫ਼ਰ ਕਰ ਸਕਣਗੇ।

ਕੋਵਿਡ ਸੰਕਰਮਣ ਵਿੱਚ ਤੇਜੀ ਨਾਲ ਵਾਧਾ

ਦੇਸ਼ ਵਿੱਚ ਕੋਵਿਡ ਸੰਕਰਮਣ ਵਿੱਚ ਤੇਜ਼ੀ ਨਾਲ ਵਾਧੇ ਦੇ ਵਿੱਚਕਾਰ, ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ ਕੁੱਲ 13154 ਮਾਮਲੇ ਦਰਜ਼ ਕੀਤੇ ਗਏ ਹਨ ਜਦੋਂ ਕਿ ਪਿਛਲੇ ਦਿਨ 9195 ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 961 ਲੋਕ ਓਮੀਕ੍ਰੋਨ ਨਾਲ ਸੰਕਰਮਿਤ ਪਾਏ ਗਏ ਹਨ, ਜਿੰਨ੍ਹਾਂ ਵਿੱਚੋਂ ਦਿੱਲੀ ਵਿੱਚ ਸਭ ਤੋਂ ਵੱਧ 263, ਮਹਾਰਾਸ਼ਟਰ ਵਿੱਚ 252 ਅਤੇ ਗੁਜਰਾਤ ਵਿੱਚ 97 ਮਾਮਲੇ ਹਨ। ਇਸ ਤੋਂ ਇਲਾਵਾ 22 ਰਾਜਾਂ ਵਿੱਚ 961 ਲੋਕ ਓਮੀਕ੍ਰੋਨ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 320 ਸੰਕਰਮਣ ਤੋਂ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 63 ਲੱਖ 91 ਹਜ਼ਾਰ 282 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 143 ਕਰੋੜ 83 ਲੱਖ 22 ਹਜ਼ਾਰ 742 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।

ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 13154 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਅਜੇ ਵੀ 82 ਹਜ਼ਾਰ 402 ਕੋਵਿਡ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ। ਇਹ ਸੰਕਰਮਿਤ ਮਾਮਲਿਆਂ ਦਾ 0.24 ਪ੍ਰਤੀਸ਼ਤ ਹੈ। ਕੁੱਲ 9195 ਲੋਕ ਸੰਕਰਮਿਤ ਹੋਏ ਸਨ। ਇਸੇ ਮਿਆਦ ਵਿੱਚ 7486 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 42 ਲੱਖ 58 ਹਜ਼ਾਰ 778 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.38 ਫ਼ੀਸਦੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 11 ਲੱਖ 99 ਹਜ਼ਾਰ 252 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 67 ਕੋਰੜ 64 ਲੱਖ 45 ਹਜਾਰ 395 ਕੋਵਿਡ ਟੈਸਟ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ