ਮੀਂਹ ਨੇ ਪਾਵਰਕੌਮ ਤੇ ਕਿਸਾਨਾਂ ਨੂੰ ਕੀਤਾ ਸੁਖਾਲਾ

Powercom, Farmers, Rain

ਝੋਨੇ ਦੀ ਬਿਜਾਈ ਤੇ ਗਰਮੀ ਕਾਰਨ ਸਿਖਰ ‘ਤੇ ਪੁੱਜੀ ਬਿਜਲੀ ਦੀ ਮੰਗ ‘ਚ ਆਈ ਕਮੀ

ਲਗਭਗ 2500 ਮੈਗਾਵਟ ਬਿਜਲੀ ਦੀ ਮੰਗ ਘਟੀ, ਅਧਿਕਾਰੀਆਂ ਲਿਆ ਸੁਖ ਦਾ ਸਾਹ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਭੱਠੀ ਵਾਂਗ ਤਪ ਰਹੇ ਸੂਬੇ ਦੇ ਲੋਕਾਂ ਨੂੰ ਜਿੱਥੇ ਅੰਬਰੋਂ ਬਰਸੇ ਮੀਂਹ ਨੇ ਰਾਹਤ ਦਿੱਤੀ ਹੈ, ਉੱਥੇ ਹੀ ਪੀਕ ਲੋਡ ‘ਤੇ ਪੁੱਜੀ ਬਿਜਲੀ ਦੀ ਮੰਗ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਮੀਂਹ ਕਾਰਨ ਬਿਜਲੀ ਦੀ ਮੰਗ ਘਟਣ ਕਾਰਨ ਪਾਵਰਕੌਮ ਨੂੰ ਸੌਖਾ ਸਾਹ ਆਇਆ ਹੈ। ਇੱਧਰ ਝੋਨੇ ਲਈ ਔੜ ਵਰਗੀ ਸਥਿਤੀ ਤੋਂ ਵੀ ਮੀਂਹ ਨੇ ਕਿਸਾਨਾਂ ਦੇ ਚਿਹਰਿਆ ‘ਤੇ ਖੁਸ਼ੀ ਦੀ ਲਹਿਰ ਲਿਆਂਦੀ ਹੈ। ਜਾਣਕਾਰੀ ਅਨੁਸਾਰ ਮੌਨਸੂਨ ਦੀ ਦੇਰੀ ਤੇ ਅੰਬਰੋਂ ਬਰਸ ਰਹੀ ਅੱਗ ਕਾਰਨ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਸੀ। ਅੱਜ ਦੁਪਹਿਰ ਸਮੇਂ ਪਏ ਮੀਂਹ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਆ ਗਈ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ।

ਭਰਵੇਂ ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਪੀਕ ਲੋਡ ‘ਤੇ ਪੁੱਜੀ ਬਿਜਲੀ ਦੀ ਮੰਗ ਵਿੱਚ ਕਮੀ ਆਈ ਹੈ। ਇਸ ਹਫ਼ਤੇ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਮੰਗ 13700 ਮੈਗਾਵਾਟ ‘ਤੇ ਪੁੱਜ ਗਈ ਸੀ ਜੋ ਕਿ ਹੁਣ ਤੱਕ ਦੀ ਰਿਕਾਰਡ ਮੰਗ ਸੀ। ਪਾਵਰਕੌਮ ਵੱਲੋਂ ਆਪਣੇ ਪ੍ਰਬੰਧ 14000 ਮੈਗਾਵਾਟ ਤੱਕ ਕੀਤੇ ਹੋਏ ਸਨ। ਅੱਜ ਮੀਂਹ ਪੈਣ ਤੋਂ ਬਾਅਦ ਪਾਵਰਕੌਮ ਦੀ ਮੰਗ 11000 ਮੈਗਾਵਾਟ ਦੇ ਨੇੜੇ ਨੇੜੇ ਦਰਜ ਕੀਤੀ ਗਈ ਹੈ। ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਸਿੱਧਾ 2500 ਮੈਗਾਵਾਟ ਤੱਕ ਦੀ ਕਮੀ ਆਈ ਹੈ, ਜੋ ਕਿ ਪਾਵਰਕੌਮ ਦੀ ਸੁਖਾਲੀ ਹਾਲਤ ਨੂੰ ਬਿਆਨ ਕਰਦੀ ਹੈ। ਮੀਂਹ ਨਾ ਪੈਣ ਕਾਰਨ ਸਥਿਤੀ ਇੱਥੋਂ ਤੱਕ ਗੰਭੀਰ ਹੋ ਗਈ ਸੀ ਕਿ ਪਾਵਰਕੌਮ ਦੀਆਂ ਲਾਈਨਾਂ ਟ੍ਰਿਪਿੰਗ ਹੋਣ ਲੱਗੀਆਂ ਸਨ, ਜਿਸ ਕਾਰਨ ਤਕਨੀਕੀ ਖਰਾਬੀ ਵਧੇਰੇ ਵਧ ਗਈ ਸੀ।

ਉਂਜ ਪਾਵਰਕੌਮ ਵੱਲੋਂ ਅਜੇ ਆਪਣਾ ਕੋਈ ਵੀ ਥਰਮਲ ਪਲਾਂਟ ਬੰਦ ਨਹੀਂ ਕੀਤਾ ਗਿਆ ਹੈ ਪਰ ਅਗਲੇ ਦਿਨਾਂ ਵਿੱਚ ਮੀਂਹ ਹੋਰ ਪੈਣ ਕਾਰਨ ਪਾਵਰਕੌਮ ਆਪਣੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਸਕਦੀ ਹੈ। ਮੀਂਹ ਪੈਣ ਕਰਕੇ ਝੋਨਾ ਲਾ ਰਹੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਕਈ ਦਿਨਾਂ ਤੋਂ ਔੜ ਵਰਗੀ ਸਥਿਤੀ ਬਣੀ ਹੋਈ ਸੀ।  13 ਜੂਨ ਤੋਂ ਸ਼ੁਰੂ ਹੋਇਆ ਝੋਨੇ ਦਾ ਸੀਜ਼ਨ ਅਜੇ ਵੀ ਚੱਲ ਰਿਹਾ ਹੈ, ਕਿਉਂਕਿ ਟਿਊਬਵੈੱਲਾਂ ਰਾਹੀਂ ਪਾਣੀ ਪੂਰਾ ਨਹੀਂ ਹੋ ਰਿਹਾ ਸੀ ਤੇ ਕਿਸਾਨ ਮੀਂਹ ਦਾ ਇੰਤਰਾਜ ਕਰ ਰਹੇ ਸਨ। ਕਿਸਾਨ ਜਗਵਿੰਦਰ ਸਿੰਘ, ਨਿਹਾਲ ਸਿੰਘ ਤੇ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਅੱਜ ਮੀਂਹ ਪੈਣ ਨਾਲ ਕੁਝ ਰਾਹਤ ਮਿਲੀ ਹੈ, ਕਿਉਂÎਕਿ ਝੋਨੇ ਦੀ ਫਸਲ ‘ਚੋਂ ਪਾਣੀ ਸੁੱਕ ਰਿਹਾ ਸੀ।

ਪਾਵਰਕੌਮ ਦੇ ਪ੍ਰਬੰਧਾਂ ‘ਚ ਨਹੀਂ ਆਈ ਕੋਈ ਘਾਟ

ਪਾਵਰਕੌਮ ਦੇ ਸੀਐੱਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਅੱਜ ਹੋਈ ਬਾਰਸ਼ ਨਾਲ ਬਹੁਤ ਫਾਇਦਾ ਹੋਇਆ ਹੈ। ਉਂਜ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਬਿਜਲੀ ਦੀ ਮੰਗ ਸਿਖਰ ‘ਤੇ ਪੁੱਜਣ ਦੇ ਬਾਵਜ਼ੂਦ ਪਾਵਰਕੌਮ ਵੱਲੋਂ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਔਖਾ ਸਮਾਂ ਗੁਜ਼ਰ ਗਿਆ ਹੈ, ਕਿਉਂਕਿ ਹੁਣ ਬਾਰਸ਼ਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸ੍ਰੀ ਸਰਾਂ ਦਾ ਕਹਿਣਾ ਸੀ ਕਿ ਪਾਵਰਕੌਮ ਵੱਲੋਂ ਕੀਤੇ ਪ੍ਰਬੰਧਾਂ ਕਾਰਨ ਕਿਸੇ ਵੀ ਖਪਤਕਾਰ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ, ਭਾਵੇਂ ਪਿਛਲੇ ਦਿਨਾਂ ਵਿੱਚ ਹਨ੍ਹੇਰੀ ਝੱਖੜ ਕਾਰਨ ਬਿਜਲੀ ਖੰਭਿਆਂ ਤੇ ਲਾਈਨਾਂ ਨੂੰ ਕਾਫੀ ਨੁਕਸਾਨ ਪੁੱਜਾ ਸੀ, ਪਰ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।