ਤਿਉਹਾਰੀ ਸੀਜ਼ਨ ’ਚ ਜ਼ਹਿਰੀਲੀ ਹੋਈ ਆਬੋ-ਹਵਾ, ਲੋਕਾਂ ਦਾ ਸਾਹ ਲੈਣਾ ਹੋਇਆ ਦੁੱਭਰ

Pollution
ਫਾਈਲ ਫੋਟੋ

ਮਾਹਿਰਾਂ ਦੀ ਸਲਾਹ: ਬਿਨਾਂ ਲੋੜ ’ਤੋਂ ਬਾਹਰ ਨਿੱਕਲਣ ਤੋਂ ਕੀਤਾ ਜਾਵੇ ਗੁਰੇਜ਼

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਦੀ ਫ਼ਿਜਾ ਇੰਨੀ ਦਿਨੀਂ ਖ਼ਤਰਨਾਕ ਸਥਿਤੀ ’ਚ ਹੈ ਜਿਸ ਦਾ ਮੁੱਖ ਕਾਰਨ ਤਿਉਹਾਰੀ ਸੀਜ਼ਨਾਂ ਦੇ ਮੱਦੇਨਜ਼ਰ ਚਲਾਏ ਜਾਣ ਵਾਲੇ ਪਟਾਖੇ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਹੈ ਜੋ ਆਮ ਲੋਕਾਂ ਸਮੇਤ ਖਾਸਕਰ ਬਿਮਾਰਾਂ, ਬੱਚਿਆਂ ਤੇ ਬਜ਼ੁਰਗਾਂ ਲਈ ਵੱਡੀ ਮੁਸ਼ੀਬਤ ਸਾਬਤ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਲਿਹਾਜ਼ ਨਾਲ ਮੌਜੂਦਾ ਏਅਰ ਕੁਆਲਿਟੀ ਇੰਡੈਕਸ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ ਜੋ ਹਰ ਕਿਸੇ ਲਈ ਘਾਤਕ ਹੈ। (Pollution)

ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 500 ਤੋਂ ਪਾਰ (Pollution)

ਇੰਡਸਟਰੀਅਲ ਹੱਬ ਹੋਣ ਕਾਰਨ ਆਮ ਦਿਨਾਂ ’ਚ ਹੀ ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਪ੍ਰਦੂਸ਼ਣ ਦਾ ਪੱਧਰ ਘਾਤਕ ਸਥਿਤੀ ’ਚ ਹੀ ਰਹਿੰਦਾ ਹੈ ਜੋ ਇਸ ਵਾਰ ਤਿਉਹਾਰੀ ਦਿਨਾਂ ’ਚ ਆਪਣੇ ਪਿਛਲੇ ਰਿਕਾਰਡਾਂ ਨੂੰ ਵੀ ਤੋੜ ਗਿਆ। ਭਾਵੇਂ ਦੀਵਾਲੀ ਤੋਂ ਪਹਿਲਾਂ ਪਏ ਮੀਂਹ ਕਾਰਨ ਹਵਾ ਦੀ ਗੁਣਵੱਤਾ ’ਚ ਮੌਸਮ ਵਿਭਾਗ ਦੁਆਰਾ ਮਾਮੂਲੀ ਜਿਹਾ ਸੁਧਾਰ ਆਉਣ ਦੀ ਗੱਲ ਆਖੀ ਸੀ ਪਰ ਦੀਵਾਲੀ ਨੂੰ ਅੱਧੀ ਰਾਤ ਸਥਾਨਕ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 500 ਨੂੰ ਟੱਪ ਗਿਆ ਜੋ ਪਿਛਲੇ ਸਾਲਾਂ ’ਚ ਇਸੇ ਦਿਨ ਔਸਤਨ ਢਾਈ ਤੋਂ ਪੌਣੇ 3 ਸੌ ਦੇ ਕਰੀਬ ਰਹਿੰਦਾ ਸੀ। ਪ੍ਰਦੂਸ਼ਣ ਆਮ ਲੋਕਾਂ ਦੇ ਨਾਲ ਹੀ ਖਾਸਕਰ ਬਿਮਾਰਾਂ, ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਬੇਹੱਦ ਨੁਕਸਾਨਦਾਇਕ ਹੁੰਦਾ ਹੈ। ਜਿੰਨ੍ਹਾਂ ਦੀ ਆਮ ਲੋਕਾਂ ਦੇ ਮੁਕਾਬਲੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਜਿਸ ਕਰਕੇ ਇੰਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਿਲ ਆਉਂਦੀ ਹੈ। (Pollution)

 ਬਿਮਾਰ, ਬੱਚੇ, ਬਜ਼ੁਰਗ ਤੇ ਗਰਭਵਤੀ ਔਰਤਾਂ ਰੱਖਣ ਵਿਸ਼ੇਸ਼ ਧਿਆਨ

ਪ੍ਰਾਪਤ ਵੇਰਵਿਆਂ ਮੁਤਾਬਕ ਸੋਮਵਾਰ ਨੂੰ ਸ਼ਾਮ 4 ਵਜੇ 24 ਘੰਟੇ ਦੇ ਰਿਕਾਰਡ ਮੁਤਾਬਕ ਔਸ਼ਤ ਏਅਰ ਕੁਆਲਿਟੀ ਇੰਡੈਕਸ 285 ਪੁਆਇੰਟ ਰਿਹਾ, ਜਦੋਂਕਿ ਸੋਮਵਾਰ ਰਾਤ 9 ਵਜੇ ਏਕਿਊਆਈ 42 ਪੁਆਇੰਟ ਰਿਕਾਰਡ ਕੀਤਾ ਗਿਆ। ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਮੁਤਾਬਕ ਮੌਜੂਦਾ ਏਅਰ ਕੁਆਲਿਟੀ ਇੰਡੈਕਸ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਇਸ ਲਈ ਬਿਨਾਂ ਜਰ਼ੂਰਤ ਬਾਹਰ ਜਾਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਖਾਸਕਰ ਬਿਮਾਰਾਂ, ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ। (Pollution)

ਸਨਅੱਤੀ ਸ਼ਹਿਰ ਦੇ ਵਸਨੀਕਾਂ ਲਈ ਇਸ ਵਾਰ ਦੀਵਾਲੀ ਪਿਛਲੇ ਸਾਲਾਂ ਦੇ ਮੁਕਾਬਲੇ ਵਧੇਰੇ ਪ੍ਰਦੂਸ਼ਿਤ ਰਹੀ ਹੈ। ਵੇਰਵਿਆਂ ਮੁਤਾਬਕ 2020 ’ਚ ਏਕਿਊਆਈ ਦਾ ਪੱਧਰ ਦੀਵਾਲੀ ਮੌਕੇ 376, 2021 ’ਚ 289, 2022 ਵਿੱਚ 257 ਜਦਕਿ 2023 ’ਚ ਇਸ ਵਾਰ ਦਿਨ ਵੇਲੇ ਔਸ਼ਤ 285 ਦਰਜ ਕੀਤਾ ਗਿਆ ਹੈ ਜੋ ਰਾਤ 12 ਵਜੇ ਦੇ ਕਰੀਬ 500 ਨੂੰ ਪਾਰ ਕਰ ਗਿਆ ਸੀ।

ਲੁਧਿਆਣਾ ਵਿਖੇ ਸੂਰਜ ਖੜੇ ਹੋਣ ਦੇ ਬਾਵਜੂਦ ਸੜਕਾਂ ’ਤੇ ਛਾਇਆ ਹਨ੍ਹੇਰਾ।

 ਅੱਜ ਫਲਾਇਟ ਰੱਦ

ਸਾਹਨੇਵਾਲ ਏਅਰਪੋਰਟ ਤੋਂ ਉਡਾਨ ਭਰਨ ਵਾਲੀ ਫਲਾਇਟ 15 ਨਵੰਬਰ ਨੂੰ ਰੱਦ ਕਰ ਦਿੱਤੀ ਗਈ ਹੈ ਜਿਸ ਦਾ ਕਾਰਨ ਫ਼ਲਾਈ ਬਿੱਗ ਕੰਪਨੀ ਵੱਲੋਂ ਜਾਰੀ ਸੂਚਨਾ ਮੁਤਾਬਕ ਨਿੱਜੀ ਤਕਨੀਕੀ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਮੌਸਮ ’ਚ ਖ਼ਰਾਬੀ ਕਾਰਨ ਇਸ ਤੋਂ ਪਹਿਲਾਂ ਵੀ ਦੀਵਾਲੀ ਦੇ ਆਸ-ਪਾਸ ਕਈ ਵਾਰ ਫਲਾਇਟ ਰੱਦ ਕੀਤੀ ਜਾ ਚੁੱਕੀ ਹੈ।